ਝੋਨੇ ਦੀ ਐਮ ਐਸ ਪੀ ’ਚ ਅੰਸ਼ਕ ਵਾਧਾ ਕਰਨ ਵੇਲੇ ਕੇਂਦਰ ਸਰਕਾਰ ਤੇ ਸਵਾਮੀਨਾਥਨ ਕਮਿਸ਼ਨ ਦੇ ਕਹੇ ਮੁਤਾਬਕ ਸੀ 2 ਅਤੇ 50 ਫੀਸਦੀ ਮੁਨਾਫੇ ਦਾ ਖਿਆਲ ਨਹੀਂ ਰੱਖਿਆ: ਸੁਖਬੀਰ ਸਿੰਘ ਬਾਦਲ

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮੂੰਗੀ ਤੇ ਮੱਕੀ ਦੀ ਐਮ ਐਸ ਪੀ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਇਹਨਾਂ ਫਸਲਾਂ ਦੀ ਐਮ ਐਸ ਪੀ ’ਤੇ ਖਰੀਦ ਵਾਸਤੇ ਕੋਈ ਯੰਤਰ ਵਿਧੀ ਤੈਅ ਨਹੀਂ ਹੈ।

By  Amritpal Singh June 20th 2024 05:06 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸਾਰੀਆਂ ਫਸਲਾਂ ਦੀ ਐਮ ਐਸ ਪੀ ਤੈਅ ਕਰਨ ਲਈ ਵਿਗਿਆਨਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ ਤੇ ਜ਼ੋਰ ਦੇ ਕੇ ਕਿਹਾ ਕਿ ਝੋਨੇ ਦੀ ਐਮ ਐਸ ਪੀ ਵਿਚ 117 ਰੁਪਏ ਦਾ ਨਿਗੂਣਾ ਵਾਧਾ ਕਰਨ ਸਮੇਂ ਕੇਂਦਰ ਸਰਕਾਰ ਤੇ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਲਾਗਤ ’ਤੇ 50 ਫੀਸਦੀ ਮੁਨਾਫੇ ਦਾ ਖਿਆਲ ਨਹੀਂ ਰੱਖਿਆ ਗਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਮੂੰਗੀ ਤੇ ਮੱਕੀ ਦੀ ਐਮ ਐਸ ਪੀ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ, ਇਹਨਾਂ ਫਸਲਾਂ ਦੀ ਐਮ ਐਸ ਪੀ  ’ਤੇ ਖਰੀਦ ਵਾਸਤੇ ਕੋਈ ਯੰਤਰ ਵਿਧੀ ਤੈਅ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਦੇ ਕਿਸਾਨਾਂ ਨੂੰ ਪ੍ਰਾਈਵੇਟ ਖਿਡਾਰੀਆਂ ਦੇ ਰਹਿਮੋ ਕਰਮ ’ਤੇ ਛੱਡ ਦਿੱਤਾ ਗਿਆ ਹੈ ਕਿਉਂਕਿ ਕੇਂਦਰ ਸਰਕਾਰ ਇਹਨਾਂ ਫਸਲਾਂ ਦੀ ਐਮ ਐਸ ਪੀ ’ਤੇ ਖਰੀਦ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਪੰਜਾਬ ਦੇ ਮਾਮਲੇ ਵਿਚ ਕਿਸਾਨਾਂ ਨੂੰ ਉਦੋਂ ਵੱਡਾ ਘਾਟਾ ਝੱਲਣਾ ਪਿਆ ਜਦੋਂ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਅਪੀਲ ’ਤੇ ਵੱਡੀ ਪੱਧਰ ’ਤੇ ਮੂੰਗੀ ਬੀਜ ਲਈ ਸੀ ਪਰ ਇਸਦੀ ਐਮ ਐਸ ਪੀ ਖਰੀਦ ਨਹੀਂ ਕੀਤੀ ਗਈ ਤੇ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ।

ਜਿਸ ਤਰੀਕੇ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕੀਤਾ ਗਿਆ ਹੈ, ਉਸਦੀ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ  ਐਮ ਐਸ ਪੀ ਗਿਣਨ ਸਮੇਂ ਜ਼ਮੀਨ ਦੀ ਕੀਮਤ, ਇਸਦੇ ਠੇਕੇ ਦੀ ਲਾਗਤ ਸਮੇਤ ਵਿਆਪਕ ਕੀਮਤ (ਸੀ-2) ਜਨਤਕ ਤੌਰ ’ਤੇ ਗਿਣੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਕਿਸਾਨ ਸਹੀ ਮਹਿਸੂਸ ਕਰਦੇ ਹਨ ਕਿ ਉਹਨਾਂ ਦਾ ਸਹੀ ਸਤਿਕਾਰ ਨਹੀਂ ਕੀਤਾ ਜਾ ਰਿਹਾ ਹੈ ਤੇ ਜੇਕਰ ਇਹ ਸੀ-2 ਸਹੀ ਤਰੀਕੇ ਨਾ ਗਿਣੀ ਗਈ ਤਾਂ ਉਹਨਾਂ ਨੂੰ ਸੀ-2 ’ਤੇ 50 ਫੀਸਦੀ ਮੁਨਾਫੇ ਸਮੇਤ ਬਣਦੀ ਐਮ ਐਸ ਪੀ ਦਾ ਲਾਭ ਨਹੀਂ ਮਿਲੇਗਾ। ਉਹਨਾਂ ਨੇ ਇਕ ਕਮੇਟੀ ਬਣਾਉਣ ਦੀ ਵਕਾਲ ਕੀਤੀ ਜੋ ਸੀ-2 ਦੇ ਨਾਲ 50 ਫੀਸਦੀ ਮੁਨਾਫਾ ਗਿਣ ਕੇ ਸਾਉਣੀ ਦੀਆਂ 14 ਫਸਲਾਂ ’ਤੇ ਆਈ ਲਾਗਤ ਮੁਤਾਬਕ ਐਮ ਐਸ ਪੀ ਗਿਣੇ ਅਤੇ ਇਸ ਕਮੇਟੀ ਵਿਚ ਕਿਸਾਨ ਪ੍ਰਤੀਨਿਧ ਵੀ ਸ਼ਾਮਲ ਕੀਤੇ ਜਾਣ। ਉਹਨਾਂ ਕਿਹਾ ਕਿ ਜੇਕਰ ਇਹ ਕਮੇਟੀ ਤੁਰੰਤ ਗਠਿਤ ਕੀਤੀ ਜਾਂਦੀ ਹੈ ਤੇ ਇਸਨੂੰ ਆਪਣੀਆਂ ਸਿਫਾਰਸ਼ਾਂ ਦੇਣ ਲਈ ਇਕ ਸਮਾ ਨਿਰਧਾਰਿਤ ਕੀਤਾ ਜਾਂਦਾ ਹੈ ਤਾਂ ਫਿਰ ਸਾਉਣੀ ਦੀਆਂ ਸਾਰੀਆਂ ਫਸਲਾਂ ’ਤੇ ਐਮ ਐਸ ਪੀ ਸਹੀ ਤਰੀਕੇ ਤੈਅ ਹੋ ਸਕਦੀ ਹੈ।

ਜਿਣਸ ਦੀ ਪੈਦਾਵਾਰ ਦੀ ਲਾਗਤ ਸਹੀ ਤਰੀਕੇ ਗਿਣੇ ਜਾਣ ਦੀ ਜ਼ੋਰਦਾਰ ਵਕਾਲਤ ਕਰਦਿਆਂ ਬਾਦਲ ਨੇ ਕਿਹਾ ਕਿ ਜਦੋਂ ਤੱਕ ਅਜਿਹਾ ਨਹੀਂ ਕੀਤਾ ਜਾਂਦਾ ਖੇਤੀਬਾੜੀ ਸੈਕਟਰ ਆਰਥਿਕ ਸੰਕਟ ਵਿਚੋਂ ਨਹੀਂ ਨਿਕਲ ਸਕੇਗਾ ਤੇ ਪ੍ਰਧਾਨ ਮੰਤਰੀ ਵੱਲੋਂ ਇਸ ਸਾਲ ਦੇ ਅਖੀਰ ਤੱਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦਾ ਤੈਅ ਟੀਚਾ ਪੂਰਾ ਨਹੀਂ ਹੋ ਸਕੇਗਾ।

Related Post