ਜੂਨ 1984 ਦੇ ਘੱਲੂਘਾਰੇ ਮੌਕੇ ਜ਼ਖ਼ਮੀ ਹੋਏ ਪਾਵਨ ਸਰੂਪ ਦੇ ਸੰਗਤਾਂ ਨੂੰ 26 ਮਈ ਤੋਂ 6 ਜੂਨ ਤੱਕ ਕਰਵਾਏ ਜਾਣਗੇ ਦਰਸ਼ਨ

ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਇਸ ਵਾਰ ਵੀ 26 ਮਈ ਤੋਂ 6 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ।

By  Amritpal Singh May 25th 2024 05:58 PM

ਅੰਮ੍ਰਿਤਸਰ- ਜੂਨ 1984 ’ਚ ਭਾਰਤ ਦੀ ਕਾਂਗਰਸ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਫ਼ੌਜੀ ਹਮਲੇ ਦੌਰਾਨ ਜ਼ਖ਼ਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਇਸ ਵਾਰ ਵੀ 26 ਮਈ ਤੋਂ 6 ਜੂਨ ਤੱਕ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜੂਨ 1984 ਦਾ ਫ਼ੌਜੀ ਹਮਲਾ ਸਿੱਖ ਮਾਨਸਿਕਤਾ ਦਾ ਸਦੀਵ ਹਿੱਸਾ ਬਣ ਚੁੱਕਾ ਹੈ ਅਤੇ ਹਰ ਸਾਲ ਜੂਨ ਮਹੀਨਾ ਚੜ੍ਹਦਿਆਂ ਹੀ ਸਿੱਖ ਕੌਮ ਦੇ ਇਹ ਅੱਲ੍ਹੇ ਜ਼ਖ਼ਮ ਰਿਸਣ ਲੱਗਦੇ ਹਨ।

ਉਨ੍ਹਾਂ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਵੱਲੋਂ ਇਸ ਫ਼ੌਜੀ ਹਮਲੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕਰਕੇ ਜਿਥੇ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ, ਉੱਥੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਗੋਲੀ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਘੱਲੂਘਾਰੇ ਨੂੰ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਜੂਨ ਮਹੀਨਾ ਆਉਂਦੇ ਹੀ ਇਨ੍ਹਾ ਜ਼ਖ਼ਮਾਂ ਦੀ ਪੀੜ ਹਰ ਸਿੱਖ ਮਹਿਸੂਸ ਕਰਦਾ ਹੈ।

ਉਨ੍ਹਾਂ ਦੱਸਿਆ ਕਿ ਜਖਮੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਸਰੂਪ ਨੂੰ 26 ਮਈ ਤੋਂ 6 ਜੂਨ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਜ਼ਦੀਕ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਵਿਖੇ ਸੁਸ਼ੋਭਿਤ ਕੀਤਾ ਜਾਵੇਗਾ। ਇਸ ਦੌਰਾਨ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਸੰਗਤਾਂ ਪਾਵਨ ਸਰੂਪ ਦੇ ਦਰਸ਼ਨ ਕਰ ਸਕਣਗੀਆਂ।


Related Post