Indian national dies in UAE: ਅਬੂ ਧਾਬੀ ਵਿੱਚ ਮਿਸਾਈਲ ਮਲਬਾ ਡਿੱਗਣ ਨਾਲ ਭਾਰਤੀ ਸਮੇਤ 2 ਦੀ ਮੌਤ
ਅਬੂ ਧਾਬੀ ਵਿੱਚ ਇੰਟਰਸੈਪਟ ਕੀਤੀ ਮਿਸਾਈਲ ਦੇ ਮਲਬੇ ਡਿੱਗਣ ਨਾਲ ਭਾਰਤੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖਮੀ ਹਨ।
Indian national death in UAE: ਪੱਛਮੀ ਏਸ਼ੀਆ (West Asia) ਵਿੱਚ ਤਣਾਅ ਲਗਾਤਾਰ ਵੱਧ ਰਿਹਾ ਹੈ। ਇਸੇ ਦਰਮਿਆਨ Abu Dhabi ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਇੰਟਰਸੈਪਟ ਕੀਤੀ ਗਈ ਬੈਲਿਸਟਿਕ ਮਿਸਾਈਲ ਦੇ ਮਲਬੇ ਦੇ ਡਿੱਗਣ ਕਾਰਨ ਇੱਕ ਭਾਰਤੀ ਨਾਗਰਿਕ ਅਤੇ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ। ਇਸ ਘਟਨਾ ਨੇ ਦੋਵੇਂ ਦੇਸ਼ਾਂ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਅਧਿਕਾਰੀਆਂ ਵੱਲੋਂ ਐਡਵਾਈਜ਼ਰੀ ਜਾਰੀ
Abu Dhabi Media Office ਮੁਤਾਬਕ, ਇਸ ਘਟਨਾ ਵਿੱਚ ਤਿੰਨ ਹੋਰ ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਵਿੱਚ ਇੱਕ ਇਮੀਰਾਤੀ, ਇੱਕ ਜਾਰਡੇਨੀਅਨ ਅਤੇ ਇੱਕ ਭਾਰਤੀ ਸ਼ਾਮਲ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਸਿਰਫ਼ ਸਰਕਾਰੀ ਸਰੋਤਾਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ ਅਤੇ ਅਫਵਾਹਾਂ ਜਾਂ ਅਣਪੁਸ਼ਟੀਤ ਖ਼ਬਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਹਾਲਾਂਕਿ, ਮਾਰੇ ਗਏ ਵਿਅਕਤੀਆਂ ਦੀ ਪਹਿਚਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ।
ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਦੇ ਮੱਦੇਨਜ਼ਰ ਅਬੂ ਧਾਬੀ ਸਭ ਤੋਂ ਪ੍ਰਭਾਵਿਤ ਇਲਾਕਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ। ਜਾਣਕਾਰੀ ਮੁਤਾਬਕ, Iran ਵੱਲੋਂ ਉਹਨਾਂ ਖੇਤਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿੱਥੇ ਅਮਰੀਕੀ ਫੌਜੀ ਅੱਡੇ ਮੌਜੂਦ ਹਨ। ਇਰਾਨ ਦਾ ਦਾਅਵਾ ਹੈ ਕਿ ਇਹ ਕਾਰਵਾਈਆਂ 28 ਫਰਵਰੀ ਤੋਂ ਸ਼ੁਰੂ ਹੋਈਆਂ ਪਹਿਲਾਂ ਦੀਆਂ ਕਾਰਵਾਈਆਂ ਦਾ ਜਵਾਬ ਹਨ। ਹਾਲਾਂਕਿ, ਇਸ ਖ਼ਾਸ ਘਟਨਾ ਵਿੱਚ ਵਰਤੀ ਗਈ ਮਿਸਾਈਲ ਕਿੱਥੋਂ ਦਾਗੀ ਗਈ ਸੀ, ਇਸ ਬਾਰੇ ਅਜੇ ਵੀ ਕੋਈ ਪੱਕੀ ਜਾਣਕਾਰੀ ਸਾਹਮਣੇ ਨਹੀਂ ਆਈ।
ਇਸ ਘਟਨਾ ਨਾਲ ਪੱਛਮੀ ਏਸ਼ੀਆ ਵਿੱਚ ਜਾਰੀ ਸੰਘਰਸ਼ ਦੌਰਾਨ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਵੱਧ ਕੇ ਸੱਤ ਹੋ ਗਈ ਹੈ।
ਰਿਆਦ ਵਿੱਚ ਭਾਰਤੀ ਦੀ ਮੌਤ, ਪਰਿਵਾਰ ਵੱਲੋਂ ਮਦਦ ਦੀ ਅਪੀਲ
ਇੱਕ ਵੱਖਰੀ ਘਟਨਾ ਵਿੱਚ Riyadh ਵਿੱਚ ਮਿਸਾਈਲ ਹਮਲੇ ਦੇ ਸੰਦੇਹ ਹੇਠ 26 ਸਾਲਾ ਭਾਰਤੀ ਨੌਜਵਾਨ ਰਵੀ ਗੋਪਾਲ ਦੀ ਮੌਤ ਹੋ ਗਈ। ਉੱਤਰ ਪ੍ਰਦੇਸ਼ ਦੇ ਨਿਵਾਸੀ ਰਵੀ ਗੋਪਾਲ ਸਾਉਦੀ ਅਰਬ ਵਿੱਚ ਇੱਕ ਪਲਾਸਟਿਕ ਫੈਕਟਰੀ ਵਿੱਚ ਡਰਾਈਵਰ ਵਜੋਂ ਕੰਮ ਕਰਦੇ ਸਨ।
Ministry of External Affairs ਅਤੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜ਼ਿਲ੍ਹਾ ਸੀਤਾਪੁਰ ਵਿੱਚ ਲਿਆਂਦਾ ਗਿਆ, ਜਿੱਥੇ ਬੁੱਧਵਾਰ ਸ਼ਾਮ ਅੰਤਿਮ ਸੰਸਕਾਰ ਕੀਤਾ ਗਿਆ।
ਰਵੀ ਗੋਪਾਲ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਅਤੇ ਚਾਰ ਸਾਲਾ ਪੁੱਤਰ ਨੂੰ ਛੱਡ ਗਏ ਹਨ। ਪਰਿਵਾਰ ਨੇ ਸਰਕਾਰ ਤੋਂ ਆਰਥਿਕ ਮਦਦ ਅਤੇ ਉਨ੍ਹਾਂ ਦੀ ਪਤਨੀ ਲਈ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ, ਤਾਂ ਜੋ ਪਰਿਵਾਰ ਦੀ ਰੋਜ਼ੀ-ਰੋਟੀ ਚੱਲ ਸਕੇ।