Gippy Grewal Meet Gajendra Shekhawat: ਕੀ ਸਿਆਸਤ ਚ ਕਿਸਮਤ ਅਜ਼ਮਾਉਣ ਜਾ ਰਹੇ ਹਨ ਗਿੱਪੀ ਗਰੇਵਾਲ ?

ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕੈਰੀ ਆਨ ਜੱਟਾ-3' ਨੂੰ ਲੈ ਕੇ ਸੁਰਖੀਆਂ 'ਚ ਬਟੋਰ ਰਹੇ ਹਨ।

By  Ramandeep Kaur May 26th 2023 05:34 PM -- Updated: May 26th 2023 05:48 PM

Gippy Grewal Meet Gajendra Shekhawat:  ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਕੈਰੀ ਆਨ ਜੱਟਾ-3' ਨੂੰ ਲੈ ਕੇ ਸੁਰਖੀਆਂ 'ਚ ਬਟੋਰ ਰਹੇ ਹਨ। ਅਦਾਕਾਰ ਲਗਾਤਾਰ ਆਪਣੀ ਆਉਣ ਵਾਲੀ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ।

ਹਾਲ ਹੀ 'ਚ ਗਿੱਪੀ ਗਰੇਵਾਲ ਨੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਹੈ। ਹਾਲਾਂਕਿ ਇਸ ਮੁਲਾਕਾਤ ਬਾਰੇ ਅਜੇ ਤੱਕ ਕੁਝ ਵੀ ਸਪੱਸ਼ਟ ਨਹੀਂ ਹੋਇਆ ਕਿ ਇਹ ਗਿੱਪੀ ਗਰੇਵਾਲ ਅਤੇ ਗਜੇਂਦਰ ਸਿੰਘ ਸ਼ੇਖਾਵਤ ਵਿਚਾਲੇ ਹੋਈ ਮੁਲਾਕਾਤ ਨਿੱਜੀ ਤੌਰ 'ਤੇ ਸੀ ਜਾਂ ਕਿਸੇ ਹੋਰ ਵਜ੍ਹਾ ਕਰ ਕੇ ਦੋਵਾਂ ਵਿਚਾਲੇ ਇਹ ਮੁਲਾਕਾਤ ਹੋਈ ਹੈ।


ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤਾ ਟਵੀਟ

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਦੋਵਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਇੱਕ ਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਗਿੱਪੀ ਦੀ ਤਾਰੀਫ ਕੀਤੀ ਹੈ। ਕੇਂਦਰੀ ਮੰਤਰੀ ਨੇ ਲਿਖਿਆ, "ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਮਿਲ ਕੇ ਕਾਫੀ ਖੁਸ਼ੀ ਹੋਈ ਹੈ। ਉਨ੍ਹਾਂ ਨਾਲ ਖੂਬ ਚਰਚਾ ਹੋਈ। ਪੰਜਾਬ ਪ੍ਰਤੀ ਉਨ੍ਹਾਂ ਦੀ ਜਜ਼ਬਾਤੀ ਸੋਚ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ।


ਦੋਵਾਂ ਦੀ ਮੁਲਾਕਾਤ ਤੋਂ ਬਾਅਦ ਸਿਆਸੀ ਅਟਕਲਾਂ ਤੇਜ਼

ਗਿੱਪੀ ਗਰੇਵਾਲ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਇਸ ਮੁਲਾਕਾਤ ਨੇ ਸਿਆਸੀ ਅਟਕਲਾਂ ਛੇੜ ਦਿੱਤੀਆਂ ਹਨ। ਕੀ ਬੀਜੇਪੀ ਹੋਰਨਾਂ ਕਲਾਕਾਰਾਂ ਵਾਂਗ ਗਿੱਪੀ ਗਰੇਵਾਲ 'ਤੇ ਵੀ ਡੋਰੇ ਪਾ ਰਾਹੀਂ ਹੈ ? ਕੀ ਸੰਨੀ ਦਿਓਲ ਵਾਂਗ ਗਿੱਪੀ ਗਰੇਵਾਲ ਵੀ ਲੋਕ ਸਭਾ ਚੋਣ ਲੜ ਸਕਦੇ ਹਨ। ਇਸ ਵਿਚਾਲੇ ਕਈ ਸਵਾਲ ਖੜੇ ਹੋ ਰਹੇ ਹਨ।

2024 ਲੋਕਸਭਾ ਚੋਣਾਂ ਨੂੰ ਲੈ ਕੇ ਮੁਲਾਕਤਾਂ ਦਾ ਦੌਰ

ਦੱਸ ਦਈਏ ਕਿ 2024 'ਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਮੱਦੇਨਜ਼ਰ ਸਿਆਸੀ ਆਗੂਆਂ ਦੇ ਨਾਲ ਅਦਾਕਾਰ ਅਤੇ ਮਸ਼ਹੂਰ ਲੋਕ ਮੁਲਾਕਾਤਾਂ ਕਰ ਰਹੇ ਹਨ। ਹਾਲਾਂਕਿ ਕਿਆਸ ਲਗਾਏ ਜਾ ਰਹੇ ਹਨ ਕਿ ਗਿੱਪੀ ਗਰੇਵਾਲ ਵੀ ਸਿਆਸਤ 'ਚ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਪਰ ਇਸ ਸਬੰਧੀ ਗਿੱਪੀ ਗਰੇਵਾਲ ਵੱਲੋਂ ਜਾਂ ਭਾਜਪਾ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ।

Related Post