11,000 KV ਲਾਈਨ ਦੀ ਲਪੇਟ 'ਚ ਆਉਣ ਕਾਰਨ 2 ਜਣਿਆਂ ਦੀ ਦਰਦਨਾਕ ਮੌਤ

By  Panesar Harinder June 3rd 2020 01:42 PM

ਲਹਿਰਾਗਾਗਾ - ਜ਼ਿਲ੍ਹਾ ਸੰਗਰੂਰ ਦੇ ਕਸਬਾ ਲਹਿਰਾਗਾਗਾ ਨੇੜੇ ਪੈਂਦੇ ਪਿੰਡ ਨੰਗਲਾ ਤੋਂ ਦੋ ਵਿਅਕਤੀਆਂ ਦੇ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਆਈ ਹੈ। ਪਤਾ ਲੱਗਿਆ ਹੈ ਕਿ 11,000 KV ਦਾ ਤੇਜ਼ ਕਰੰਟ ਲੱਗਣ ਕਾਰਨ ਦੋਵਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਨੰਗਲਾ ਨਿਵਾਸੀ ਗੁਰਦੀਪ ਸਿੰਘ (38) ਅਤੇ ਸਾਧੂ ਸਿੰਘ (55) ਲੰਮੇ ਸਮੇਂ ਤੋਂ ਰੁੱਖਾਂ ਦੀ ਕਟਾਈ ਦਾ ਕੰਮ ਕਰ ਰਹੇ ਸਨ। ਸੋਮਵਾਰ ਨੂੰ ਵੀ ਉਹ ਪਿੰਡ ਦੇ ਹੀ ਰਹਿਣ ਵਾਲੇ ਕ੍ਰਿਸ਼ਨ ਸਿੰਘ ਦੇ ਖੇਤ ਵਿੱਚ ਰੁੱਖ ਵੱਢ ਰਹੇ ਸਨ। ਸ਼ਾਮ ਤੱਕ ਕੰਮ ਖ਼ਤਮ ਨਾ ਹੋਣ ਕਰਕੇ, ਉਹ ਰੁੱਖ ਕਟਾਈ ਦਾ ਕੁਝ ਕੰਮ ਅਧਵਾਟੇ ਹੀ ਛੱਡ ਗਏ। ਮੰਗਲਵਾਰ ਸਵੇਰੇ ਜਦੋਂ ਉਹ ਮੁੜ ਖੇਤ ਗਏ, ਤਾਂ ਰੁੱਖ ਕੋਲੋਂ ਲੰਘ ਰਹੀ ਬਿਜਲੀ ਦੀ 11,000 KV ਲਾਈਨ ਦੀਆਂ ਤਾਰਾਂ ਉੱਤੇ ਟਹਿਣੀਆਂ ਡਿੱਗੀਆਂ ਹੋਈਆਂ ਸਨ। ਟਾਹਣੀਆਂ ਨੂੰ ਹਟਾਉਂਦੇ ਸਮੇਂ ਦੋਵਾਂ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਿਆ ਅਤੇ ਮੌਕੇ 'ਤੇ ਹੀ ਦੋਵਾਂ ਦੀ ਮੌਤ ਹੋ ਗਈ।

ਥਾਣਾ ਲਹਿਰਾ ਦੇ ਸਹਾਇਕ ਥਾਣੇਦਾਰ ਜਗਸੀਰ ਸਿੰਘ ਨੇ ਦੱਸਿਆ ਕਿ ਸਾਧੂ ਸਿੰਘ ਪੁੱਤਰ ਸਰਵਣ ਸਿੰਘ ਤੇ ਗੁਰਦੀਪ ਸਿੰਘ ਪੁੱਤਰ ਗੋਬਿੰਦ ਸਿੰਘ ਵਾਸੀ ਨੰਗਲਾ ਨੇ ਕਿਸਾਨ ਕਿ੍ਸ਼ਨ ਸਿੰਘ ਦੇ ਖੇਤ 'ਚ ਖੜ੍ਹੀ ਟਾਹਲੀ ਮੁੱਲ ਖ਼ਰੀਦੀ ਸੀ, ਜਿਸ ਨੂੰ ਪੁੱਟਦੇ ਹੋਏ ਉਹ ਟਾਹਲੀ ਦੀਆਂ ਜੜ੍ਹਾਂ ਖੋਖਲੀਆਂ ਕਰਕੇ ਸ਼ਾਮ ਨੂੰ ਚਲੇ ਗਏ। ਰਾਤ ਨੂੰ ਆਈ ਹਨ੍ਹੇਰੀ ਕਾਰਨ ਟਾਹਲੀ ਤਾਰਾਂ 'ਤੇ ਡਿੱਗ ਪਈ। ਸਵੇਰੇ ਵਾਪਸ ਆ ਕੇ ਟਾਹਲੀ ਵੱਢਣ ਵਾਸਤੇ ਬਿਜਲੀ ਦੀਆਂ ਤਾਰਾਂ ਹਟਾਉਣ ਦੀ ਕੋਸ਼ਿਸ਼ ਕਰਦੇ ਸਮੇਂ, ਉਨ੍ਹਾਂ ਦੋਵਾਂ ਨੂੰ ਤੇਜ਼ ਕਰੰਟ ਨੇ ਆਪਣੀ ਲਪੇਟ 'ਚ ਲੈ ਲਿਆ, ਅਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮ੍ਰਿਤਕ ਗੁਰਦੀਪ ਸਿੰਘ ਦੇ ਪਿਤਾ ਗੋਬਿੰਦ ਸਿੰਘ ਦੇ ਬਿਆਨਾਂ ਮੁਤਾਬਕ 174 ਦੀ ਕਾਰਵਾਈ ਕਰਦਿਆਂ, ਪੁਲਿਸ ਨੇ ਦੋਵੇਂ ਲਾਸ਼ਾਂ ਮੂਣਕ ਦੇ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਦਰਦਨਾਕ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਲੋੜ ਹੈ ਕਿ ਬਿਜਲੀ ਦੇ ਮਾਮਲੇ 'ਚ ਕਿਸੇ ਕਿਸਮ ਦੀ ਕੋਈ ਅਣਗਹਿਲੀ ਵਰਤਣ ਜਾਂ ਇਸ ਨੂੰ ਹਲਕੇ ਵਿੱਚ ਲੈਣ ਦੀ ਗ਼ਲਤੀ ਨਾ ਕੀਤੀ ਜਾਵੇ, ਕਿਉਂ ਕਿ ਇਸ ਦੇ ਨਤੀਜੇ ਬਹੁਤ ਜਾਨਲੇਵਾ ਸਾਬਤ ਹੋਣ ਦੀਆਂ ਖ਼ਬਰਾਂ ਅਕਸਰ ਸਾਡੇ ਸਾਹਮਣੇ ਆਉਂਦੀਆਂ ਹਨ। ਚੰਗਾ ਹੋਵੇਗਾ ਕਿ ਅਜਿਹੇ ਸਮੇਂ 'ਚ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਨੂੰ ਮਹੱਤਵ ਦਿੱਤਾ ਜਾਵੇ ਤੇ ਬਿਜਲੀ ਮਾਹਿਰਾਂ ਦੀ ਮਦਦ ਲੈ ਲਈ ਜਾਵੇ।

Related Post