21 ਫਰਵਰੀ ਸਾਕਾ ਜੈਤੋ ਦਾ ਮੋਰਚਾ (ਗੰਗਸਰ ਦਾ ਮੋਰਚਾ)

By  Joshi February 21st 2018 07:27 AM -- Updated: February 22nd 2018 11:40 AM

21 ਫਰਵਰੀ ਸਾਕਾ ਜੈਤੋ ਦਾ ਮੋਰਚਾ

(ਗੰਗਸਰ ਦਾ ਮੋਰਚਾ)

ਜੈਤੋ ਦਾ ਮੋਰਚਾ ਗੁਰਦੁਆਰਾ ਗੰਗਸਰ ਵਿਚ ਆਰੰਭ ਕਰਵਾਏ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ 'ਖੰਡਿਤ' ਹੋਣ ਕਾਰਨ ਸਿੱਖਾਂ ਅੰਦਰ ਫੈਲੇ ਰੋਸ ਵਜੋਂ ਲਾਇਆ ਗਿਆ ਸੀ, ਪਰ ਇਸ ਦਾ ਅਸਲ ਪਿਛੋਕੜ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਗੱਦੀ ਤੋਂ ਜਬਰੀ ਲਾਹੇ ਜਾਣ ਕਾਰਨ ਸ਼ੁਰੂ ਹੋਇਆ ਸੀ* |

ਕਸਬਾ ਜੈਤੋ ਆਜ਼ਾਦੀ ਤੋਂ ਪਹਿਲਾਂ ਨਾਭਾ ਰਿਆਸਤ ਦਾ ਹਿੱਸਾ ਸੀ |ਅੰਗਰੇਜ਼ ਸਰਕਾਰ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਆਪਣੀ ਤਾਜਪੋਸ਼ੀ ਸਮੇਂ ਸਿੱਖ ਰੀਤੀ-ਰਿਵਾਜ ਅਪਨਾਉਣ ਕਰਕੇ ਬਾਗ਼ੀ ਸਮਝਣ ਲੱਗ ਪਈ ਸੀ |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1921 ਦੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸਿੱਖ ਸੰਗਤਾਂ ਨੂੰ ਸਿਰ 'ਤੇ ਕਾਲੀਆਂ ਦਸਤਾਰਾਂ/ਦੁਪੱਟੇ ਸਜਾ ਕੇ ਥਾਂ-ਥਾਂ ਦੀਵਾਨ ਕਰਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਦੀ ਅਪੀਲ ਕੀਤੀ ਗਈ ਸੀ |ਮਹਾਰਾਜਾ ਰਿਪੁਦਮਨ ਸਿੰਘ ਨੇ ਵੀ ਇਸ ਅਪੀਲ 'ਤੇ ਅਮਲ ਕੀਤਾ* |

ਅੰਗਰੇਜ਼ ਸਰਕਾਰ ਪਹਿਲਾਂ ਹੀ ਮਹਾਰਾਜੇ ਦੇ ਵਿਰੁੱਧ ਸੀ

ਨਾਭਾ ਅਤੇ ਪਟਿਆਲਾ ਰਿਆਸਤ ਦੇ ਅਕਸਰ ਝਗੜੇ ਚੱਲਦੇ ਰਹਿੰਦੇ ਸਨ | ਅੰਗਰੇਜ਼ ਹਾਕਮਾਂ ਨੇ ਨਾਭਾ ਤੇ ਪਟਿਆਲਾ ਦੇ ਰਾਜਿਆਂ ਕੋਲੋਂ ਫੈਸਲਾ ਕਰਨ ਦੇ ਹੱਕ ਪ੍ਰਾਪਤ ਕਰ ਲਏ,ਤੇ ਮਹਾਰਾਜਾ ਨਾਭਾ ਦੇ ਖਿਲਾਫ਼ ਫੈਸਲਾ ਕਰਵਾ ਲਿਆ।

ਇਸ ਤਰ੍ਹਾਂ ਅੰਗਰੇਜ਼ ਸਰਕਾਰ ਨੇ ਮਹਾਰਾਜਾ ਨਾਭਾ ਰਿਪੁਦਮਨ ਸਿੰਘ ਨੂੰ *8 ਜੂਨ,1923 ਨੂੰ ਨਾਭਾ ਰਿਆਸਤ ਦੀ ਗੱਦੀ ਤੋ ਲਾਹ ਦਿੱਤਾ,ਜਿਸ ਨਾਲ ਸਿੱਖ ਪੰਥ ਅੰਦਰ ਸਰਕਾਰ ਦੀ ਇਸ ਕਾਰਵਾਈ ਨਾਲ ਭਾਰੀ ਰੋਸ ਫੈਲ ਗਿਆ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 5 ਅਗਸਤ ਨੂੰ ਇਕੱਤਰਤਾ ਹੋਈ, ਜਿਸ ਵਿਚ 9 ਸਤੰਬਰ ਨੂੰ ਸਭ ਥਾਵਾਂ 'ਤੇ 'ਨਾਭਾ ਦਿਵਸ' ਮਨਾਉਣ ਦਾ ਫੈਸਲਾ ਹੋਇਆ | ਇਲਾਕੇ ਦੀਆਂ ਸਿੱਖ ਸੰਗਤਾਂ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ 25, 26 ਅਤੇ 27 ਅਗਸਤ, 1923 ਨੂੰ ਦੀਵਾਨ ਸਜਾ ਕੇ ਮਹਾਰਾਜੇ ਦੀ ਬਹਾਲੀ ਲਈ ਮਤੇ ਪਾਸ ਕੀਤੇ ਗਏ* |

*ਉਧਰ 14 ਸਤੰਬਰ,1923 ਨੂੰ ਸਿੰਘਾਂ ਵੱਲੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤਾ ਗਿਆ | ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਸ੍ਰੀ ਅਖੰਡ ਪਾਠ ਸਾਹਿਬ ਕਰ ਰਹੇ ਸਿੰਘ ਨੂੰ ਚੁੱਕ ਲਿਆ |ਇਸ ਤਰ੍ਹਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਖੰਡਤ ਹੋਣ ਨਾਲ ਸਿੱਖਾਂ ਵਿਚ ਰੋਸ ਦੀ ਲਹਿਰ ਫੈਲ ਗਈ |ਅਖੰਡ ਪਾਠ ਸਾਹਿਬ ਖੰਡਿਤ ਕਰਨੇ ਸਿਖ ਮਰਯਾਦਾ ਦੀ ਘੋਰ ਉਲੰਘਣਾ ਸੀ*।

ਹੁਣ ਮਹਾਰਾਜਾ ਦਾ ਰਾਜਸੀ ਸਵਾਲ ਨਾ ਰਹਿ ਕੇ ਸਿਖਾਂ ਦਾ ਧਾਰਮਿਕ ਸਵਾਲ ਬਣ ਗਿਆ

*ਸਿਖਾਂ ਦੀ ਧਾਰਮਿਕ ਜਥੇਬੰਦੀ ਨੇ ਇਸ ਮੋਰਚੇ ਦੀ ਕਮਾਨ ਸਾਭ ਲਈ*।

*29 ਸਤੰਬਰ,1923 ਤੋ ਰੋਜ਼ 25-25 ਸਿੰਘਾਂ ਦੇ ਜਥੇ ਭੇਜਣੇ ਸੁਰੂ ਕੀਤੇ*।

ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਨੂੰਨ ਵਿਰੁੱਧ ਕਰਾਰ ਦੇ ਦਿੱਤਾ ਅਤੇ ਮੁਖੀ ਸਿੱਖਾਂ ਦੇ ਗਿ੍ਫ਼ਤਾਰੀ ਵਾਰੰਟ ਜਾਰੀ ਕੀਤੇ ਗਏ |

*13-14 ਅਕਤੂਬਰ ਦੀ ਵਿਚਕਾਰਲੀ ਰਾਤ ਨੂੰ ਸ਼੍ਰੋਮਣੀ ਕਮੇਟੀ ਅਤੇ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਲੀਡਰਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਇਨ੍ਹਾਂ ਗਿ੍ਫ਼ਤਾਰੀਆਂ ਦੀ ਚਰਚਾ ਸਮੁੱਚੇ ਦੇਸ਼ ਅੰਦਰ ਫੈਲ ਗਈ | ਇਸ ਕਾਰਵਾਈ ਨਾਲ ਅੰਗਰੇਜ਼ ਸਰਕਾਰ ਵਿਰੁੱਧ ਰੋਸ ਹੋਰ ਤਿੱਖਾ ਹੋ ਗਿਆ* |

ਹੁਣ 500-500 ਸਿੰਘਾਂ ਦੇ ਜਥੇ ਭੇਜੇ ਜਾਣ ਦਾ ਫ਼ੈਸਲਾ ਕੀਤਾ ਗਿਆ |

*ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸੌ ਸਿੰਘਾਂ ਦਾ ਪਹਿਲਾ ਜਥਾ ਜੈਤੋ ਵਿਚ ਖੰਡਤ ਹੋਏ ਸ੍ਰੀ ਅਖੰਡ ਪਾਠ ਨੂੰ ਮੁੜ ਤੋਂ ਆਰੰਭ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸਾ ਸੋਧ ਕੇ ਤੁਰਿਆ* |

ਰਸਤੇ ਵਿਚ ਵੱਖ-ਵੱਖ ਥਾਵਾਂ 'ਤੇ ਪੜਾਅ ਕਰਦਾ ਹੋਇਆ ਇਹ ਜਥਾ 20 ਫਰਵਰੀ, 1924 ਨੂੰ ਫ਼ਰੀਦਕੋਟ ਦੇ ਪਿੰਡ ਬਰਗਾੜੀ ਪੁੱਜ ਗਿਆ |

*21 ਫਰਵਰੀ ਨੂੰ ਜਥਾ ਇਥੋਂ ਜੈਤੋ ਵੱਲ ਰਵਾਨਾ ਹੋਇਆ | ਜਥੇ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਸੀ, ਜਿਸ ਵਿਚ ਨੌਜਵਾਨ, ਬਜ਼ੁਰਗ, ਬੀਬੀਆਂ ਅਤੇ ਬੱਚੇ ਸ਼ਾਮਿਲ ਸਨ | ਨਾਭਾ ਰਾਜ ਦੀ ਹੱਦ ਅੰਦਰ ਦਾਖ਼ਲ ਹੋਣ 'ਤੇ ਜਥੇ ਨੂੰ ਰੋਕ ਲਿਆ ਗਿਆ | ਜਥਾ ਜਦ ਟਿੱਬੀ ਸਾਹਿਬ ਵੱਲ ਵਧ ਰਿਹਾ ਸੀ ਤਾਂ ਅੰਗਰੇਜ਼ ਅਫ਼ਸਰ ਵਿਲਸਨ ਜਾਨਸਟਨ ਨੇ ਗੋਲੀ ਚਲਾਉਣ ਦਾ ਹੁਕਮ ਦੇ ਦਿੱਤਾ | ਤਿੰਨਾਂ ਪਾਸਿਆਂ ਤੋਂ ਸੰਗਤ ਉਤੇ ਗੋਲੀ ਚਲਾਈ ਗਈ | ਜਥਾ ਗੋਲੀਆਂ ਦੇ ਮੀਂਹ ਵਿਚ ਗੁਰਦੁਆਰਾ ਟਿੱਬੀ ਸਾਹਿਬ ਪੁੱਜ ਗਿਆ | ਜਥੇ ਦੇ ਸੈਂਕੜੇ ਸਿੰਘ ਅਤੇ ਨਾਲ ਜਾ ਰਹੀ ਸੰਗਤ ਵੱਡੀ ਗਿਣਤੀ ਵਿਚ ਸ਼ਹੀਦ ਅਤੇ ਜ਼ਖ਼ਮੀ ਹੋ ਚੁੱਕੀ ਸੀ | ਜਥੇ ਦੇ ਬਚੇ ਹੋਏ ਸਿੰਘ ਗੁਰਦੁਆਰਾ ਟਿੱਬੀ ਸਾਹਿਬ ਤੋਂ ਗੁਰਦੁਆਰਾ ਗੰਗਸਰ ਸਾਹਿਬ ਵੱਲ ਨੂੰ ਵਧਣ ਲੱਗੇ, ਪਰ ਘੋੜ-ਸਵਾਰ ਫ਼ੌਜੀ ਦਸਤਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ | ਬਚੀ ਹੋਈ ਸੰਗਤ ਅਤੇ ਸਿੰਘਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ* |

ਇਸ ਤੋਂ ਬਾਅਦ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 500-500 ਸਿੰਘਾਂ ਦੇ ਜਥੇ ਜਾਂਦੇ ਰਹੇ | ਜਥੇ ਭੇਜਣ ਦਾ ਸਿਲਸਿਲਾ ਉਦੋਂ ਤੱਕ ਚੱਲਦਾ ਰਿਹਾ, ਜਦੋਂ ਤਕ ਅੰਗਰੇਜ਼ ਸਰਕਾਰ ਨੇ ਸਿੰਘਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਸ਼ੁਰੂ ਕਰਨ ਦੀ ਇਜਾਜ਼ਤ ਨਾ ਦੇ ਦਿੱਤੀ |

*ਅੰਤ 21 ਜੁਲਾਈ, 1925 ਈ: ਨੂੰ ਸ੍ਰੀ ਅਖੰਡ ਪਾਠਾਂ ਦੀ ਲੜੀ ਆਰੰਭ ਕੀਤੀ ਗਈ* |6 ਅਗਸਤ ਨੂੰ 1925 ਨੁੰ ਭੋਗ ਪਏ।

*ਏਸ ਮੋਰਚੇ ਕਰ ਕੇ ਅੰਗ੍ਰੇਜੀ ਹਕੂਮਤ ਨੂੰ ਗੁਰਦਵਾਰਾ ਐਕਟ(7 ਅਗਸਤ 1925 ਨੂੰ ਪਾਸ)ਬਣਾਓਣਾ ਪਿਆ*।

ਇਹ ਸਿਖ ਇਤਿਹਾਸ ਦਾ ਸਭ ਤੋ ਲੰਬਾ ਮੋਰਚਾ

*8 ਜੂਨ,1923 ਤੋ 6 ਅਗਸਤ,1925 ਤਕ ਚਲਿਆ*

*ਜਿਸ ਸਦਕਾ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਮੋਜੂੁਦਾ ਸਰੂਪ ਹੋਂਦ ਚ (ਗਠਨ) ਆਇਆ ।ਇਸ ਤਰ੍ਹਾਂ ਸਰਕਾਰ ਨੂੰ ਸਿੰਘਾਂ ਦੇ ਜਜ਼ਬੇ ਅੱਗੇ ਝੁਕਣਾ ਪਿਆ ਅਤੇ ਖਾਲਸੇ ਦੀ ਜਿੱਤ ਹੋਈ* |

Related Post