ਫਿਲਮ ਬਣਾਉਣ ਦੇ ਨਾਂ 'ਤੇ ਐੱਨਆਰਆਈ ਨਾਲ 3 ਕਰੋੜ 12 ਲੱਖ ਰੁਪਏ ਦੀ ਠੱਗੀ

By  Jasmeet Singh September 23rd 2022 01:23 PM

ਚੰਡੀਗੜ੍ਹ, 23 ਸਤੰਬਰ: ਕੈਨੇਡਾ ਵਾਸੀ ਐੱਨਆਰਆਈ ਸੋਹਣ ਸਿੰਘ ਗਿੱਡਾ ਨਾਲ ਮੁਹਾਲੀ ਦੀ ਫਿਲਮਾਂ ਬਣਾਉਣ ਵਾਲੀ ਇਕ ਕੰਪਨੀ ਨੇ 3 ਕਰੋੜ 12 ਲੱਖ ਰੁਪਏ ਦੀ ਠੱਗੀ ਲਗਾਈ ਹੈ। ਫ਼ਿਲਮ 'ਸਰਦਾਰ ਹਰੀ ਸਿੰਘ ਨਲੂਆ' ਬਣਾਉਣ ਦਾ ਕੰਟਰੈਕਟ ਇਸ ਸਾਲ ਮਾਰਚ ਵਿੱਚ ਖ਼ਤਮ ਹੋ ਗਿਆ ਸੀ ਪਰ ਹੁਣ ਫਿਲਮ ਬਣਾਉਣ ਵਾਲੀ ਕੰਪਨੀ ਨਾ ਤਾਂ ਪੈਸੇ ਵਾਪਸ ਕਰ ਰਹੀ ਹੈ ਅਤੇ ਨਾ ਹੀ ਫ਼ਿਲਮ ਬਣਾ ਰਹੀ ਹੈ। ਤਿੰਨ ਮਹੀਨੇ ਤੋਂ ਇਹ ਮਾਮਲਾ ਐੱਨਆਰਆਈ ਥਾਣਾ ਮੁਹਾਲੀ ਵਿੱਚ ਹੈ ਪਰ ਪੁਲਿਸ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਦੇ ਰਹੀ। ਆਪਣੇ ਨਾਲ ਲੱਗੀ ਠੱਗੀ ਬਾਰੇ ਜਾਣਕਾਰੀ ਦਿੰਦਿਆਂ ਸੋਹਣ ਸਿੰਘ ਗਿੱਡਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖੀ ਸ਼ਰਧਾ ਦੇ ਕਾਰਨ ਉਨ੍ਹਾਂ ਸਰਦਾਰ ਹਰੀ ਸਿੰਘ ਨਲੂਆ ਦੀ ਥ੍ਰੀਡੀ ਐਨੀਮੇਸ਼ਨ ਫਿਲਮ ਬਣਾਉਣੀ ਸੀ ਜਿਸ ਦਾ ਬਜਟ 3 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਮੁਹਾਲੀ ਦੇ ਗਿੱਲ ਮੀਡੀਆ ਸਟੂਡੀਓ ਨਾਲ ਉਨ੍ਹਾਂ ਬਕਾਇਦਾ ਲਿਖਤੀ ਇਕਰਾਰਨਾਮਾ ਕੀਤਾ ਸੀ। ਕੰਪਨੀ ਨੇ ਇਕਰਾਰਨਾਮੇ ਤੋਂ ਬਾਅਦ ਕੇਵਲ ਦੋ ਤਿੰਨ ਟ੍ਰੇਲਰ ਹੀ ਉਸ ਨੂੰ ਦਿੱਤੇ ਅਤੇ ਕੁੱਝ ਫੋਟੋਆਂ ਦਿੱਤੀਆਂ ਪਰ ਕੰਪਲੀਟ ਫ਼ਿਲਮ ਬਣਾ ਕੇ ਨਹੀਂ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਕਿ ਉਹ ਬਜਟ ਨਾਲੋਂ 12 ਲੱਖ ਰੁਪਏ ਵਧੇਰੇ ਦੇ ਚੁੱਕਿਆ ਹੈ ਪਰ ਹੁਣ ਕੰਪਨੀ ਦੇ ਮਾਲਕ ਉਸ ਤੋਂ ਹੋਰ ਪੈਸੇ ਦੀ ਮੰਗ ਕਰ ਰਹੇ ਹਨ ਜੋ ਸ਼ਰ੍ਹੇਆਮ ਧੋਖਾਧੜੀ ਅਤੇ ਧੱਕੇਸ਼ਾਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸਾਰਾ ਪੈਸਾ ਉਸ ਨੇ ਕੰਪਨੀ ਨੂੰ ਆਨਲਾਈਨ ਦਿੱਤਾ ਸੀ ਅਤੇ ਕੰਪਨੀ 'ਤੇ ਵਿਸ਼ਵਾਸ ਕਰਕੇ ਪੂਰੀ ਪੇਮੈਂਟ ਐਡਵਾਂਸ ਵੀ ਦੇ ਦਿੱਤੀ ਸੀ ਪਰ ਉਸ ਨਾਲ ਵੱਡੀ ਧੋਖਾਧੜੀ ਹੋਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਨਸਾਫ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਐੱਨਆਰਆਈ ਥਾਣੇ ਵਾਲੇ ਵੀ ਕੁੱਝ ਨਹੀਂ ਕਰ ਰਹੇ ਜਿਸ ਕਾਰਨ ਉਸ ਦੇ ਮਾਮਲੇ ਦੀ ਤੁਰੰਤ ਜਾਂਚ ਕਰਾ ਕੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਇਹ ਵੀ ਪੜ੍ਹੋ: ਬਾਬਾ ਨਾਨਕ ਦੇ ਪ੍ਰਕਾਸ਼ ਪੁਰਬ ਮੌਕੇ 3000 ਭਾਰਤੀ ਸ਼ਰਧਾਲੂਆਂ ਨੂੰ ਵੀਜ਼ਾ ਦੇਵੇਗੀ ਪਾਕਿਸਤਾਨ ਸਰਕਾਰ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਉਸ ਨੇ ਇੱਕ ਕਰੋੜ ਰੁਪਿਆ ਤਾਂ ਆਪਣਾ ਘਰ ਵੇਚ ਕੇ ਦਿੱਤਾ ਸੀ ਅਤੇ ਬਾਕੀ ਦੀ ਆਪਣੀ ਮਿਹਨਤ ਦੀ ਕਮਾਈ ਦੇ ਪੈਸੇ ਨਾਲ ਉਨ੍ਹਾਂ ਫਿਲਮ ਬਣਾਉਣ ਸੀ ਪਰ ਉਸ ਨਾਲ ਵੱਡੀ ਠੱਗੀ ਲੱਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਵੀ ਖੜਕਾਉਣਗੇ। -PTC News

Related Post