ਪੜ੍ਹਾਈ ਕਰਨ ਕੈਨੇਡਾ ਗਏ ਨੌਜਵਾਨ ਦੀ ਭੇਦ ਭਰੇ ਹਲਾਤਾਂ ਵਿੱਚ ਹੋਈ ਮੌਤ

By  Riya Bawa November 10th 2021 04:48 PM

ਤਰਨਤਾਰਨ: ਪੰਜਾਬ ਤੋਂ ਵਿਦੇਸ਼ ਪੜ੍ਹਨ ਲਈ ਗਏ ਨੌਜਵਾਨਾਂ ਦੀ ਮੌਤ ਦੀ ਖ਼ਬਰ ਅਕਸਰ ਸੁਣਨ ਨੂੰ ਮਿਲਦੀਆਂ ਹਨ। ਅਜਿਹਾ ਹੀ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿਥੇ ਨੌਂਜਵਾਨ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੜ੍ਹਾਈ ਕਰਨ ਕੈਨੇਡਾ ਗਏ ਨੌਜਵਾਨ ਪਰਮਿੰਦਰ ਸਿੰਘ ਪ੍ਰਿੰਸ ਪੁੱਤਰ ਬਲਵਿੰਦਰ ਸਿੰਘ ਵਾਸੀ ਕਸਬਾ ਫਤੀਆਂਬਾਦ ਜ਼ਿਲ੍ਹਾ ਤਰਨਤਾਰਨ ਦੀ ਭੇਦ ਭਰੇ ਹਲਾਤਾਂ ਵਿੱਚ ਮੌਤ ਹੋ ਗਈ ਹੈ।

ਇਸ ਨੌਜਵਾਨ ਦੀ ਉਮਰ 24 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਨੌਜਵਾਨ ਪੁੱਤਰ ਦੀ ਮੌਤ ਦੀ ਖ਼ਬਰ ਸੁਣ ਕੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੈਨੇਡਾ ਪੁਲਿਸ ਵੱਲੋਂ ਫੋਨ ਕਰਕੇ ਸੂਚਨਾ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਬੰਦ ਕਮਰੇ ਵਿੱਚੋਂ ਲਾਸ਼ ਮਿਲੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗ ਸਕੇਗਾ।

ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਲੱਗਭਗ ਤਿੰਨ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਥੇ ਕੈਨੇਡਾ ਵਿਖੇ ਸਰੀ ਸ਼ਹਿਰ ਵਿਚ ਰਹਿੰਦਾਂ ਸੀ। ਪੀੜਤ ਪਰਿਵਾਰ ਵੱਲੋਂ ਭਾਰਤ ਅਤੇ ਕੈਨੇਡਾ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜਾ ਤਾਂ ਉਨ੍ਹਾਂ ਦੇ ਬੇਟੇ ਦੀ ਲਾਸ਼ ਨੂੰ ਭਾਰਤ ਉਨ੍ਹਾਂ ਪਾਸ ਭੇਜਿਆ ਜਾਵੇ ਅਤੇ ਜਾਂ ਕੈਨੇਡਾ ਸਰਕਾਰ ਮ੍ਰਿਤਕ ਦੇ ਮਾਂ ਬਾਪ ਨੂੰ ਕੈਨੇਡਾ ਜਾਣ ਲਈ ਵੀਜ਼ਾ ਦੇਵੇ ਤਾਂ ਜੋ ਮ੍ਰਿਤਕ ਨੌਜਵਾਨ ਦੇ ਮਾਤਾ ਪਿਤਾ ਆਪਣੇ ਪੁੱਤਰ ਨੂੰ ਅੰਤਿਮ ਵਿਦਾਈ ਦੇ ਸਕਣ। ਦੱਸ ਦੇਈਏ ਕਿ ਮ੍ਰਿਤਕ ਆਪਣੇ ਮਾਤਾ ਪਿਤਾ ਤੋਂ ਇਲਾਵਾ ਦੋ ਭੈਣਾਂ ਨੂੰ ਛੱਡ ਗਿਆ ਹੈ।

-PTC News

Related Post