ਆਦਮਪੁਰ: ਛੱਪੜ ਨੁਮਾ ਤਲਾਬ 'ਚ ਡੁੱਬਣ ਨਾਲ 11 ਸਾਲਾ ਬੱਚੇ ਦੀ ਹੋਈ ਮੌਤ

By  Riya Bawa August 23rd 2022 11:45 AM

ਜਲੰਧਰ: ਆਦਮਪੁਰ ਦੇ ਪਿੰਡ ਧੋਗੜੀ ਵਿੱਚ ਇੱਕ ਛੱਪੜ ਨੁਮਾ ਤਲਾਬ ਵਿਚ ਆਪਣੇ ਦੋਸਤਾਂ ਨਾਲ ਨਹਾਉਣ ਗਏ ਬੱਚੇ ਦੀ ਡੁੱਬ ਕੇ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਬੱਚੇ ਦੀ ਮਾਤਾ ਅਨੀਤਾ ਅਤੇ ਪਿਤਾ ਬਲਜੀਤ ਸਿੰਘ ਵਾਸੀ ਪਿੰਡ ਧੋਗੜੀ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਜਸ਼ਨਦੀਪ ਸਿੰਘ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ ਅਤੇ ਉਹ ਬੀਤੇ ਦਿਨ ਕਰੀਬ ਦੋ ਵਜੇ ਘਰ ਆਇਆ ਅਤੇ ਸਕੂਲ ਵਾਲਾ ਬਸਤਾ ਰੱਖ ਕੇ ਘਰੋਂ ਬਾਹਰ ਚਲਾ ਗਿਆ। ਜੋ ਕਿ ਸ਼ਾਮ ਤੱਕ ਆਪਣੇ ਘਰ ਵਾਪਸ ਨਹੀਂ ਆਇਆ, ਜਿਸ ਦੀ ਪਿੰਡ ਵਿੱਚ ਕਾਫੀ ਭਾਲ ਕੀਤੀ ਗਈ। ਜਦੋਂ ਜਸ਼ਨਦੀਪ ਬਾਰੇ ਨਾ ਪਤਾ ਲੱਗਾ ਤਾਂ ਘਰੇਲੂ ਮੈਂਬਰਾਂ ਵੱਲੋਂ ਜੰਡੂਸਿੰਘਾ ਪੁਲਸ ਚੌਕੀ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਗਿਆ।

ਜਸ਼ਨਦੀਪ ਦੇ ਪਿਤਾ ਬਲਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਕਰੀਬ ਸੱਤ ਵਜੇ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਦੀ ਲਾਸ਼ ਪਿੰਡ ਦੇ ਛੱਪੜ ਨੁਮਾ ਤਲਾਬ ਵਿੱਚ ਪਈ ਹੈ। ਉਨ੍ਹਾਂ ਦੱਸਿਆ ਉਨ੍ਹਾਂ ਵੱਲੋਂ ਤੁਰੰਤ ਜੰਡੂਸਿੰਘਾ ਪੁਲਸ ਨੂੰ ਸੂਚਿਤ ਕੀਤਾ ਗਿਆ। ਘਟਨਾਸਥਲ ਤੇ ਮੌਕਾ ਦੇਖਣ ਲਈ ਡੀ.ਐਸ.ਪੀ ਹਲਕਾ ਆਦਮਪੁਰ ਸਰਬਜੀਤ ਸਿੰਘ ਰਾਏ, ਐਸ.ਐਚ.ਓ ਆਦਮਪੁਰ ਰਾਜੀਵ ਕੁਮਾਰ ਅਤੇ ਹੋਰ ਮੁਲਾਜ਼ਮ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ: ਪਾਕਿਸਤਾਨ ਨੇ ਰਿਹਾਅ ਕੀਤੇ ਦੋ ਕੈਦੀ, ਸਜ਼ਾ ਕੱਟ ਕੇ ਵਤਨ ਪਰਤੇ ਭਾਰਤੀ

ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਜਸ਼ਨਦੀਪ ਅਤੇ ਉਸ ਦੇ ਕੁਝ ਮਿੱਤਰ ਤਲਾਬ ਵਿਚ ਨਹਾਉਣ ਲਈ ਆਏ ਜਿਨ੍ਹਾਂ ਨੂੰ ਦੇਖ ਕੇ ਨਾਲ ਲੱਗਦੇ ਖੇਤ ਵਿੱਚ ਕੰਮ ਕਰਦੇ ਕਿਸਾਨ ਨੇ ਬੱਚਿਆਂ ਨੂੰ ਆਵਾਜ਼ ਮਾਰੀ ਕੇ ਤਲਾਬ ਡੂੰਘਾ ਹੈ। ਆਵਾਜ਼ ਸੁਣਦੇ ਹੀ ਕੁਝ ਬੱਚੇ ਉਥੋਂ ਮੌਕੇ ਤੋਂ ਚਲੇ ਗਏ ਪਰ ਦਰਸ਼ਨਦੀਪ ਤਲਾਬ 'ਚ ਹੀ ਰਹਿ ਗਿਆ। ਜਿਸਦੀ ਤਲਾਬ ਵਿਚ ਡੁੱਬਣ ਨਾਲ ਮੌਤ ਹੋ ਗਈ। ਫਿਲਹਾਲ ਜੰਡੂਸਿੰਘਾ ਪੁਲਿਸ ਦੇ ਮੁਲਾਜ਼ਮਾਂ ਨੇ 174 ਦੀ ਕਾਰਵਾਈ ਕੀਤੀ ਹੈ ਅਤੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹੋਸਟਲ ਅੰਦਰ ਪਹੁੰਚਾ ਦਿੱਤਾ ਹੈ।

(ਆਦਮਪੁਰ ਤੋਂ ਅਮਰਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ)

-PTC News

Related Post