ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਔਰਤ ਨਾਲ ਬਦਸਲੂਕੀ ਕਰਨ 'ਤੇ ਭੜਕੇ ਮਜੀਠੀਆ , ਦਿੱਤਾ ਕਰਾਰਾ ਜਵਾਬ

By  Shanker Badra September 27th 2018 08:11 PM -- Updated: September 27th 2018 08:13 PM

ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਔਰਤ ਨਾਲ ਬਦਸਲੂਕੀ ਕਰਨ 'ਤੇ ਭੜਕੇ ਬਿਕਰਮ ਮਜੀਠੀਆ ,ਦਿੱਤਾ ਕਰਾਰਾ ਜਵਾਬ:ਅੰਮ੍ਰਿਤਸਰ : ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਉਹਨਾਂ ਪੁਲਿਸ ਕਰਮਚਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ,ਜਿਹਨਾਂ ਨੇ ਪ੍ਰਦਰਸ਼ਨ ਕਰ ਰਹੀ ਇੱਕ ਔਰਤ ਨੂੰ ਪੁਲਿਸ ਜੀਪ ਦੀ ਛੱਤ ਉੱਤੇ ਬੰਨ ਕੇ ਤਿੰਨ ਕਿਲੋਮੀਟਰ ਤੱਕ ਘੁਮਾਇਆ ਅਤੇ ਔਰਤ ਦੇ ਜੀਪ ਤੋਂ ਡਿੱਗ ਕੇ ਜ਼ਖਮੀ ਹੋਣ ਦੇ ਬਾਵਜੂਦ ਵੀ ਪੁਲਿਸ ਕਰਮਚਾਰੀਆਂ ਨੇ ਗੱਡੀ ਨਹੀਂ ਰੋਕੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਜੇਕਰ ਪੁਲਿਸ ਦੇ ਦਾਅਵੇ ਮੁਤਾਬਿਕ ਪੀੜਤ ਔਰਤ ਜਸਵਿੰਦਰ ਕੌਰ ਦੇ ਪਰਿਵਾਰ ਵੱਲੋਂ ਹਮਲਾ ਕੀਤੇ ਜਾਣ ਮਗਰੋਂ ਉਹਨਾਂ ਨੂੰ ਮਜੀਠਾ 'ਚ ਪੈਂਦੇ ਪਿੰਡ ਸ਼ਹਿਜ਼ਾਦੇ ਤੋਂ ਭੱਜਣਾ ਪਿਆ ਸੀ ਤਾਂ ਵੀ ਰੋਸ ਵਜੋਂ ਜੀਪ ਦੀ ਛੱਤ ਉੱਤੇ ਚੜੀ ਔਰਤ ਸਣੇ ਪੁਲਿਸ ਜੀਪ ਨੂੰ ਇੰਨੀ ਦੂਰ ਤੱਕ ਭਜਾ ਕੇ ਲਿਜਾਣ ਦੀ ਕੋਈ ਤੁਕ ਨਹੀਂ ਬਣਦੀ ਸੀ।

ਮਜੀਠੀਆ ਨੇ ਕਿਹਾ ਕਿ ਇਹ ਵੀ ਖੁਲਾਸਾ ਹੋਇਆ ਹੈ ਕਿ ਜਾਂਚ ਬਿਊਰੋ ਚੰਡੀਗੜ ਦੀ ਇਸ ਪੁਲਿਸ ਟੀਮ ਦੇ ਦਸਤੇ ਵਿਚ ਕੋਈ ਵੀ ਮਹਿਲਾ ਕਾਂਸਟੇਬਲ ਨਹੀਂ ਸੀ।ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਲੋੜੀਂਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ ਗਿਆ।ਕਿਸੇ ਨੂੰ ਵੀ ਡਿਊਟੀ ਦੀ ਆੜ ਵਿਚ ਔਰਤ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।ਉਹਨਾਂ ਕਿਹਾ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਮੁੱਦੇ ਨੂੰ ਪੀੜਤ ਔਰਤ ਦੇ ਪਰਿਵਾਰ ਖਿਲਾਫ ਚੱਲ ਰਹੇ ਕੇਸ ਤੋਂ ਵੱਖਰੇ ਤੌਰ 'ਤੇ ਨਜਿੱਠਿਆ ਜਾਣਾ ਚਾਹੀਦਾ ਹੈ ਅਤੇ ਉਸ ਦੇ ਪਰਿਵਾਰ ਵਿੱਚ ਕਿਸੇ ਪੁਰਸ਼ ਮੈਂਬਰ ਖ਼ਿਲਾਫ ਚੱਲ ਰਹੇ ਮਾਮਲੇ ਵਿਚ ਕਾਨੂੰਨ ਮੁਤਾਬਿਕ ਕਾਰਵਾਈ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਇਸ ਸਮੁੱਚੀ ਘਟਨਾ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਇੰਨੀ ਵੱਡੀ ਪੱਧਰ ਉੱਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਵੇਂ ਹੋਣ ਦਿੱਤੀ ਗਈ ?

-PTCNews

Related Post