ਮੰਤਰੀ ਮੰਡਲ ਵੱਲੋਂ ਟੈੱਟ ਪਾਸ ਅਧਿਆਪਕਾਂ ਦੀਆਂ 6060 ਅਸਾਮੀਆਂ ਵਿੱਚੋਂ 1337 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਸਹਿਮਤੀ

By  Joshi August 5th 2017 07:00 PM

ਮੰਤਰੀ ਮੰਡਲ ਵੱਲੋਂ ਟੈੱਟ ਪਾਸ ਅਧਿਆਪਕਾਂ ਦੀਆਂ 6060 ਅਸਾਮੀਆਂ ਵਿੱਚੋਂ 1337 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਸਹਿਮਤੀ

ਅਧਿਆਪਕਾਂ ਦੀਆਂ 4183 ਅਸਾਮੀਆਂ ਲਈ ਇਸ਼ਤਿਹਾਰ ਦਿੱਤਾ ਜਾਵੇਗਾ

ਨਵੀਂ ਭਰਤੀ ਲਈ ਉਮਰ ਹੱਦ 37 ਤੋਂ ਵਧਾ ਕੇ 38 ਸਾਲ ਕਰਨ ਦੀ ਪ੍ਰਵਾਨਗੀ

ਟੈੱਟ ਯੋਗਤਾ ਦੀ ਮਿਆਦ ਸੱਤ ਤੋਂ ਵਧਾ ਕੇ ਅੱਠ ਸਾਲ ਕਰਨ ਲਈ ਸੂਬਾ ਸਰਕਾਰ ਐਨ.ਸੀ.ਟੀ.ਈ ਕੋਲ ਮਸਲਾ ਉਠਾਵੇਗੀ

ਚੰਡੀਗੜ, 4 ਅਗਸਤ: ਪੰਜਾਬ ਦੇ ਟੈੱਟ ਪਾਸ ਅਧਿਆਪਕਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਮੰਤਰੀ ਮੰਡਲ ਨੇ ਟੈੱਟ ਪਾਸ ਮਾਸਟਰ ਕਾਡਰ ਅਧਿਆਪਕਾਂ ਲਈ ਸਾਲ 2015 ਵਿਚ ਦਿੱਤੇ ਇਸ਼ਤਿਹਾਰ ਤਹਿਤ 6060 ਅਸਾਮੀਆਂ ਵਿਚੋਂ 1337 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

Appointment orders to recruit TET qualified master cadre teachers Pb

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਸ ਬਾਰੇ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਮੰਤਰੀ ਮੰਡਲ ਨੇ ਸੁਪਰੀਮ ਕੋਰਟ ਦੇ ਫੈਸਲੇ ਦੇ ਸੰਦਰਭ ਵਿਚ 4183 ਅਸਾਮੀਆਂ ਦਾ ਇਸ਼ਤਿਹਾਰ ਦੇਣ ਦਾ ਸਿਧਾਂਤਕ ਫੈਸਲਾ ਲਿਆ ਹੈ। ਇਨਾਂ ਟੈੱਟ ਪਾਸ ਉਮੀਦਵਾਰਾਂ ਦੀ ਚਿਰੋਕਣੀ ਮੰਗ ਨੂੰ ਪ੍ਰਵਾਨ ਕਰਦਿਆਂ ਮੰਤਰੀ ਮੰਡਲ ਨੇ ਨਵੀਂ ਭਰਤੀ ਲਈ ਉਮਰ ਹੱਦ ਵਿਚ ਢਿੱਲ ਦਿੰਦਿਆਂ ਮੌਜੂਦਾ 37 ਸਾਲ ਤੋਂ ਵਧਾ ਕੇ 38 ਸਾਲ ਕਰਨ ਦੀ ਪ੍ਰਵਾਨਗੀ ਵੀ ਦੇ ਦਿੱਤੀ।

ਮੰਤਰੀ ਮੰਡਲ ਨੇ ਸਿੱਖਿਆ ਵਿਭਾਗ ਨੂੰ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਕੋਲ ਯੋਗਤਾ ਦੀ ਮਿਆਦ ਦੇ ਸੱਤ ਵਰਿਆਂ ਦੇ ਮੌਜੂਦਾ ਨੇਮ ਨੂੰ ਅੱਠ ਵਰੇ ਕਰਨ ਦਾ ਮਾਮਲਾ ਤੁਰੰਤ ਉਠਾਉਣ ਦੀ ਹਦਾਇਤ ਕੀਤੀ ਹੈ। ਮੌਜੂਦਾ ਉਪਬੰਧਾਂ ਮੁਤਾਬਿਕ ਇਹ ਅਧਿਆਪਕ ਸਟੇਟ ਕੌਂਸਲ ਫਾਰ ਐਜੂਕੇਸ਼ਨ ਵੱਲੋਂ ਲਈ ਜਾਂਦੀ ਟੈੱਟ ਪ੍ਰੀਖਿਆ ਪਾਸ ਕਰ ਲੈਣ ਦੇ ਸੱਤ ਵਰਿਆਂ ਦੇ ਸਮੇਂ ਵਿਚ ਨਿਯੁਕਤ ਹੋ ਸਕਦੇ ਹਨ। ਇਹ ਜ਼ਿਕਰਯੋਗ ਹੈ ਕਿ ਇਨਾਂ ਅਧਿਆਪਕਾਂ ਨੇ ਸਾਲ 2011 ਵਿਚ ਪ੍ਰੀਖਿਆ ਪਾਸ ਕੀਤੀ ਸੀ ਅਤੇ ਇਨਾਂ ਦੀ ਨਿਯੁਕਤੀ ਦੀ ਯੋਗਤਾ ਸਾਲ 2018 ਵਿਚ ਖਤਮ ਹੋ ਜਾਵੇਗੀ।

Related Post