ਕੋਰੋਨਾ ਤੋਂ ਬਚਾਅ ਦਾ ਟੀਕਾ ਨਾ ਲਗਾਉਣ ਵਾਲੇ ਸਰਕਾਰੀ ਕਰਮਚਾਰੀ ਲਈ ਵੱਡੀ ਖ਼ਬਰ

By  Riya Bawa November 14th 2021 02:41 PM -- Updated: November 14th 2021 02:42 PM

ਅੰਮ੍ਰਿਤਸਰ: ਜਿਲ੍ਹੇ ਵਿਚ ਕੋਰੋਨਾ ਤੋਂ ਬਚਾਅ ਲਈ ਕੀਤੇ ਜਾ ਰਹੇ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਲ੍ਹੇ ਦੇ ਹੋਰ ਯੋਗ ਨਾਗਰਿਕ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਜ਼ਰੂਰ ਲਗਾਇਆ ਜਾਵੇ। ਛੁੱਟੀ ਵਾਲੇ ਦਿਨ ਕੀਤੀ ਗਈ ਇਸ ਜ਼ਰੂਰੀ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਨੇ ਸਾਰੇ ਐਸ ਡੀ ਐਮ, ਸਿਵਲ ਸਰਜਨ, ਟੀਕਾਕਰਨ ਅਫਸਰ, ਜਿਲ੍ਹੇ ਦੇ ਐਸ ਐਮ ਓਜ਼ ਨੂੰ ਸਪੱਸ਼ਟ ਕੀਤਾ ਕਿ ਕੁੱਝ ਦੇਸ਼ਾਂ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਵੱਧ ਰਹੇ ਕੇਸ ਸਾਡੇ ਲਈ ਖ਼ਤਰੇ ਦੀ ਘੰਟੀ ਹਨ। ਇਸ ਲਈ ਇਸ ਨੂੰ ਭਾਂਪਦੇ ਹੋਏ ਸਾਰੇ ਨਾਗਰਿਕ ਜਿਨਾ ਨੂੰ ਕੋਰੋਨਾ ਤੋਂ ਬਚਾਅ ਦਾ ਟੀਕਾ ਲੱਗ ਸਕਦਾ ਹੈ, ਨੂੰ ਟੀਕਾ ਜ਼ਰੂਰ ਲਗਾਉ। ਉਨਾਂ ਕਿਹਾ ਕਿ ਇਸ ਲਈ ਲੋੜ ਪਵੇ ਤਾਂ ਘਰ-ਘਰ ਤੱਕ ਪਹੁੰਚ ਕੀਤੀ ਜਾਵੇ।

Coronavirus India Update: Himachal Pradesh achieves 100% first Covid-19 vaccine dose target

ਸਰਕਾਰੀ ਕਰਮਚਾਰੀਆਂ ਵੱਲੋਂ ਟੀਕਾਕਰਨ ਪ੍ਰਤੀ ਵਰਤੀ ਜਾ ਰਹੀ ਲਾਪਰਵਾਹੀ ਦਾ ਗੰਭੀਰ ਨੋਟਿਸ ਲੈਂਦੇ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਖਜ਼ਾਨਾ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਕੱਲ ਤੱਕ ਸਾਰੇ ਕਰਮਚਾਰੀਆਂ ਦਾ ਡੈਟਾ ਦਿੱਤਾ ਜਾਵੇ ਤਾਂ ਜੋ ਹਰੇਕ ਕਰਮਚਾਰੀ ਕੋਲੋਂ ਟੀਕਾਕਰਨ ਦਾ ਸਰਟੀਫਿਕੇਟ ਲਿਆ ਜਾ ਸਕੇ। ਉਨਾਂ ਕਿਹਾ ਕਿ ਇਸ ਮਹੀਨੇ ਤੋਂ ਜੋ ਵੀ ਸਰਕਾਰੀ ਕਰਮਚਾਰੀ ਟੀਕਾਕਰਨ ਨਹੀਂ ਕਰਵਾਏਗਾ, ਉਸ ਦੀ ਤਨਖਾਹ ਰੋਕ ਲਈ ਜਾਵੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਕੋਈ ਸਿਹਤ ਸਮੱਸਿਆ ਉਸਨੂੰ ਟੀਕਾਕਰਨ ਕਰਵਾਉਣ ਤੋਂ ਰੋਕਦੀ ਹੈ ਤਾਂ ਉਹ ਇਸ ਲਈ ਡਾਕਟਰ ਦਾ ਸਰਟੀਫਿੇਕਟ ਦੇਵੇ, ਜਿਸ ਨੂੰ ਡਾਕਟਰਾਂ ਦਾ ਪੈਨਲ ਵੇਖੇਗਾ ਹਾਂ ਇਸ ਵਿਅਕਤੀ ਨੂੰ ਸੱਚਮੁੱਚ ਹੀ ਸਮੱਸਿਆ ਹੈ ਅਤੇ ਇਹ ਟੀਕਾਕਰਨ ਦੇ ਯੋਗ ਨਹੀਂ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆ ਰਹੀਆਂ ਚੋਣਾਂ ਵਿਚ ਲੋਕਾਂ ਦਾ ਆਪਸੀ ਰਾਬਤਾ ਵੱਧੇਗਾ, ਸੋ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਹਰ ਹਾਲ ਆਪਣੇ ਜਿਲ੍ਹਾ ਵਾਸੀਆਂ ਨੂੰ ਕਰੋਨਾ ਦਾ ਟੀਕਾ ਲਗਾਈਏ। ਖਹਿਰਾ ਨੇ ਇਸ ਲਈ ਕੌਂਸਲਰ, ਪੰਚ, ਸਰਪੰਚਾਂ ਦਾ ਸਹਿਯੋਗ ਲੈਣ ਦੇ ਨਾਲ-ਨਾਲ ਟੀਕਾਕਰਨ ਲਈ ਆਰਜ਼ੀ ਕੈਂਪ ਲਗਾਉਣ ਦੀ ਹਦਾਇਤ ਵੀ ਕੀਤੀ। ਉਨਾਂ ਕਿਹਾ ਕਿ ਸਾਡੇ ਕੋਲ ਹੁਣ ਟੀਕਿਆਂ ਦੀ ਸਪਲਾਈ ਦੀ ਕੋਈ ਕਮੀ ਨਹੀਂ ਹੈ, ਸੋ ਇਸ ਮੌਕੇ ਦਾ ਲਾਭ ਲੈਂਦੇ ਹੋਏ ਸਾਰੇ ਜ਼ਰੂਰਤਮੰਦ ਲੋਕਾਂ ਦਾ ਟੀਕਾਕਰਨ ਕੀਤਾ ਜਾਵੇ। ਇਸ ਮੌਕੇ ਮਾਹਿਰ ਡਾਕਟਰਾਂ ਨੇ ਵੀ ਦੱਸਿਆ ਕਿ ਦੁਨੀਆਂ ਭਰ ਵਿਚ ਕਰੋਨਾ ਦੇ ਆ ਰਹੇ ਨਵੇਂ ਕੇਸਾਂ ਵਿਚ ਉਹੀ ਲੋਕ ਬਿਮਾਰ ਹੋ ਰਹੇ ਹਨ, ਜਿੰਨਾ ਨੇ ਟੀਕਾ ਨਹੀਂ ਲਗਾਇਆ।

ਖਹਿਰਾ ਨੇ ਰੋਜ਼ਾਨਾ 50 ਹਜ਼ਾਰ ਤੋਂ ਵੱਧ ਲੋਕਾਂ ਨੂੰ ਟੀਕਾਕਰਨ ਕਰਨ ਦੀ ਹਦਾਇਤ ਕਰਦੇ ਸਿਹਤ ਵਿਭਾਗ ਨੂੰ ਇਸ ਲਈ ਅੱਜ ਤੋਂ ਹੀ ਕਮਰਕੱਸੇ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਇਸ ਲਈ ਆਸ਼ਾ ਵਰਕਰ, ਏ ਐਨ ਐਮਜ਼, ਨਰਸਿੰਗ ਦੇ ਵਿਦਿਆਰਥੀਆਂ ਆਦਿ ਦੀ ਸਹਾਇਤਾ ਲਵੋ ਤੇ ਟੀਕਾਕਰਨ ਨੂੰ 100 ਫੀਸਦੀ ਲੋਕਾਂ ਤੱਕ ਪਹੁੰਚਾਓ।

-PTC News

Related Post