ਪੰਜਾਬ ਪੁਲਿਸ ਹੱਥ ਵੱਡੀ ਸਫਲਤਾ, ISI ਨਾਲ ਜੁੜੇ ਅੱਤਵਾਦੀ ਗਿਰੋਹ ਦਾ ਮੈਂਬਰ ਕਾਬੂ

By  Pardeep Singh October 1st 2022 08:23 PM

ਚੰਡੀਗੜ੍ਹ: ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਅਤੇ ਪਾਕਿਸਤਾਨ ਸਥਿਤ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਵੱਲੋਂ ਸਾਂਝੇ ਤੌਰ ਚਲਾਏ ਆਈਐਸਆਈ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਤੀਜੇ ਸੰਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰੰਦਿਆਂ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੜੇ ਗਏ ਮੁਲਜਮ ਦੀ ਪਛਾਣ ਫਿਰੋਜਪੁਰ ਦੇ ਪਿੰਡ ਜੋਗੇਵਾਲ ਦੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਵਜੋਂ ਹੋਈ ਹੈ।

ਇਹ ਕਾਰਵਾਈ ਏ.ਆਈ.ਜੀ. ਨਵਜੋਤ ਸਿੰਘ ਮਾਹਲ ਦੀ ਅਗਵਾਈ ਵਾਲੀ ਕਾਉਂਟਰ ਇੰਟੈਲੀਜੈਂਸ ਜਲੰਧਰ ਟੀਮ ਵੱਲੋਂ ਇਸ ਮਾਡਿਊਲ ਦੇ ਦੋ ਸੰਚਾਲਕਾਂ ਜਿਨ੍ਹਾਂ ਦੀ ਪਛਾਣ ਬਲਜੀਤ ਸਿੰਘ ਮੱਲੀ ਅਤੇ ਗੁਰਬਖਸਸ਼ ਸਿੰਘ ਉਰਫ ਗੋਰਾ ਸੰਧੂ, ਦੋਵੇਂ ਵਾਸੀ ਫਿਰੋਜ਼ਪੁਰ ਵਜੋਂ ਹੋਈ ਸੀ, ਗ੍ਰਿਫ਼ਤਾਰੀ ਤੋਂ ਅੱਠ ਦਿਨ ਬਾਅਦ ਸਾਹਮਣੇ ਆਈ ਹੈ। ਪੁਲਿਸ ਨੇ ਗੁਰਬਖਸ਼ ਸਿੰਘ ਵੱਲੋਂ ਉਸ ਦੇ ਪਿੰਡ ਵਿੱਚ ਦੱਸੇ ਟਿਕਾਣੇ ਤੋਂ ਦੋ ਮੈਗਜ਼ੀਨ, 90 ਜਿੰਦਾ ਕਾਰਤੂਸ ਅਤੇ ਦੋ ਗੋਲੀਆਂ ਦੇ ਖੋਲ ਸਮੇਤ ਇੱਕ ਆਧੁਨਿਕ ਏ.ਕੇ.-56 ਅਸਾਲਟ ਰਾਈਫਲ ਵੀ ਬਰਾਮਦ ਕੀਤੀ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਬਲਜੀਤ ਮੱਲੀ ਦੇ ਖੁਲਾਸੇ ਤੋਂ ਬਾਅਦ ਪੁਲਿਸ ਟੀਮ ਨੇ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਨੂੰ ਗ੍ਰਿਫ਼ਤਾਰੀ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ, ਜੋ ਕਿ ਇਟਲੀ ਸਥਿਤ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਸੰਘੇੜਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਲੰਡਾ ਦੇ ਸੰਪਰਕ ਵਿੱਚ ਵੀ ਸੀ। ਜ਼ਿਕਰਯੋਗ ਹੈ ਕਿ ਬਲਜੀਤ ਸਿੰਘ ਵੀ ਹੈਪੀ ਸੰਘੇੜਾ ਦੇ ਸੰਪਰਕ ਵਿੱਚ ਵੀ ਸੀ ਅਤੇ ਉਸ ਦੇ ਨਿਰਦੇਸ਼ਾਂ ‘ਤੇ ਹੀ ਉਸ ਨੇ ਜੁਲਾਈ 2022 ਵਿੱਚ ਪਿੰਡ ਸੂਦਣ ਵਿਖੇ ਮੱਖੂ-ਲੋਹੀਆਂ ਰੋਡ ‘ਤੇ ਸਥਿਤ ਨਿਸ਼ਾਨਦੇਹੀ ਤੋਂ ਹਥਿਆਰਾਂ ਦੀ ਖੇਪ ਹਾਸਲ ਕੀਤੀ ਸੀ।

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਹਰਪ੍ਰੀਤ ਸਿੰਘ ਉਰਫ ਹਰ ਸਰਪੰਚ ਨੇ ਲਖਬੀਰ ਲੰਡਾ ਦੇ ਸਾਥੀ ਜਗਜੀਤ ਸਿੰਘ ਉਰਫ ਜੋਟਾ ਵਾਸੀ ਮਹਿਤਾ ਰੋਡ ਅੰਮ੍ਰਿਤਸਰ ਅਤੇ ਉਸ ਦੇ ਸਾਥੀ ਲਈ ਫਿਰੋਜਪੁਰ ਦੇ ਮੱਖੂ ਖੇਤਰ ਵਿੱਚ ਇੱਕ ਖਾਲੀ ਪਏ ਘਰ ਵਿੱਚ 10 ਦਿਨ ਠਹਿਰਨ ਦਾ ਪ੍ਰਬੰਧ ਕਰਨ ਦੀ ਗੱਲ ਕਬੂਲੀ  ਹੈ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਹਰ ਸਰਪੰਚ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਤਰਨਤਾਰਨ ਪੁਲਿਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਨਛੱਤਰ ਸਿੰਘ ਉਰਫ ਮੋਤੀ ਦੇ ਨਜਦੀਕੀ ਸੰਪਰਕ ਵਿੱਚ ਸੀ ਅਤੇ ਆਪਣੀ ਨੀਲੇ ਰੰਗ ਦੀ ਬੀਐਮਡਬਲਿਊ ਕਾਰ ਵਿੱਚ ਉਸ ਵਲੋਂ ਨਸ਼ੇ ਦੀ ਖੇਪ ਲਿਆਉਣ-ਲਿਜਾਣ ਵਰਤਦਾ ਸੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਉਕਤ ਬੀ.ਐਮ.ਡਬਲਿਊ ਕਾਰ ਨੂੰ ਜਬਤ ਕੀਤਾ ਗਿਆ ਸੀ।

ਏ.ਆਈ.ਜੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜਮ ਹਰ ਸਰਪੰਚ ਗੈਂਗਸਟਰਾਂ ਲਖਬੀਰ ਲੰਡਾ ਅਤੇ ਹੈਪੀ ਸੰਘੇੜਾ ਦੇ ਨਾਂ ’ਤੇ ਪੈਸੇ ਇਕੱਠੇ ਕਰਦਾ ਸੀ ਅਤੇ  ਉਨ੍ਹਾਂ ਦੇ ਸਾਥੀਆਂ ਨੂੰ ਮਾਲੀ ਸਹਾਇਤਾ ਅਤੇ ਲਾਜਿਸਟਿਕ ਸਹਾਇਤਾ ਦਿੰਦਾ ਸੀ। ਉਨਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਮੂਲਜ਼ਮ ਹਰ ਸਰਪੰਚ ਵੱਲੋਂ ਜਲਦੀ ਹੀ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

ਜ਼ਿਕਰਯੋਗ ਹੈ ਕਿ ਕੈਨੇਡਾ ਸਥਿਤ ਲੰਡਾ ਪਾਕਿਸਤਾਨ ਸਥਿਤ ਲੋੜੀਂਦੇ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ ਵਿੱਚ ਸ਼ਾਮਿਲ ਹੋਏ।  ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਕਰੀਬੀ ਮੰਨਿਆ ਜਾਂਦਾ ਹੈ ਅਤੇ ਇਨਾਂ ਦੇ ਆਈ.ਐਸ.ਆਈ. ਨਾਲ ਵੀ ਨੇੜਲੇ ਸਬੰਧ ਹਨ। ਲੰਡਾ ਨੇ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਿੱਚ ਮੁੱਖ ਭੂਮਿਕਾ ਨਿਭਾਈ ਸੀ।

ਇਹ ਵੀ ਪੜ੍ਹੋ:ਜਾਣੋ ਕੌਣ ਕਰਵਾ ਰਿਹੈ? ਸ੍ਰੀ ਹਰਿਮੰਦਰ ਸਾਹਿਬ ਵਿਖੇ ਮੁੱਖ ਮੰਤਰੀ ਨੂੰ ਸੁਮੱਤ ਦੇਣ ਦੀ ਅਰਦਾਸ !

-PTC News

Related Post