ਭਾਜਪਾ ਨੇ 75 ਫੁੱਟ ਦੇ ਝੰਡੇ ਨਾਲ ਵਿਸ਼ਾਲ ਤਿਰੰਗਾ ਯਾਤਰਾ ਕੱਢੀ

By  Jasmeet Singh August 9th 2022 07:07 PM

ਬਠਿੰਡਾ, 9 ਅਗਸਤ: ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ 75 ਸਾਲ ਪੂਰੇ ਹੋਣ 'ਤੇ ਕੇਂਦਰ ਦੀ ਮੋਦੀ ਸਰਕਾਰ ਦੇ ਸੱਦੇ 'ਤੇ ਦੇਸ਼ ਭਰ ਦੇ ਹਰ ਘਰ 'ਚ ਤਿਰੰਗਾ ਲਹਿਰਾਉਣ ਲਈ ਦੇਸ਼ ਵਾਸੀਆਂ 'ਚ ਭਾਰੀ ਉਤਸ਼ਾਹ ਹੈ। ਜਿਸ ਦੇ ਚਲਦਿਆਂ ਭਾਜਪਾ ਯੁਵਾ ਮੋਰਚਾ ਅਤੇ ਬਠਿੰਡਾ ਵਾਸੀਆਂ ਵੱਲੋਂ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਿੰਘ ਸਰਾਂ ਦੀ ਅਗਵਾਈ ਹੇਠ ਸ਼ਾਨਦਾਰ 75 ਫੁੱਟ ਤਿਰੰਗਾ ਲਹਿਰਾਉਂਦੇ ਹੋਏ ‘ਤਿਰੰਗਾ ਯਾਤਰਾ’ ਕੱਢੀ ਗਈ।

ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਉਪਰੰਤ ਇਹ ਯਾਤਰਾ ਕਿੱਕਰ ਬਾਜ਼ਾਰ, ਸਦਰ ਬਾਜ਼ਾਰ, ਬੈਂਕ ਬਾਜ਼ਾਰ, ਆਰੀਆ ਸਮਾਜ ਚੌਕ, ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ ਤੋਂ ਹੁੰਦੀ ਹੋਈ ਫਾਇਰ ਬ੍ਰਿਗੇਡ ਚੌਕ ਵਿਖੇ ਸਮਾਪਤ ਹੋਈ | ਜਿੱਥੇ ਬਜ਼ਾਰਾਂ ਵਿੱਚ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ ਗਿਆ।

ਭਾਜਪਾ ਦੇ ਸਕੱਤਰ ਸੁਖਪਾਲ ਸਰਾਂ ਦੀ ਅਗਵਾਈ ਵਿੱਚ ਕੱਢੀ ਗਈ ਵਿਸ਼ਾਲ ਤਿਰੰਗਾ ਯਾਤਰਾ ਵਿੱਚ ਬੱਚਿਆਂ ਨੇ 75 ਫੁੱਟ ਲੰਬਾ ਤਿਰੰਗਾ ਫੜ ਕੇ ਚੱਲਿਆ। ਇਸੇ ਯੁਵਾ ਮੋਰਚਾ ਦੇ ਜਨਰਲ ਸਕੱਤਰ ਸੰਜੀਵ ਡਾਗਰ ਦੀ ਟੀਮ ਨੇ ਮਾਰਸ਼ਲ ਆਰਟ ਦੇ ਕਰਤੱਬ ਦਿਖਾਉਂਦੇ ਹੋਏ ਟਾਈਲਾਂ ਨੂੰ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਢੋਲ ਦੀ ਧੁਨ 'ਤੇ ਭੰਗੜੇ ਅਤੇ ਗਿੱਧੇ ਨੇ ਲੋਕਾਂ ਦਾ ਮਨ ਮੋਹ ਲਿਆ ਅਤੇ ਪਾਈਪ ਬੈਂਡ ਨੇ ਆਪਣੀਆਂ ਧੁਨਾਂ ਨਾਲ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ।

ਭਾਜਪਾ ਦੇ ਸਕੱਤਰ ਸੁਖਪਾਲ ਸਿੰਘ ਸਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹੋਤਸਵ ਮਨਾਉਣ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਪਹਿਲਾਂ ਦੀਆਂ ਸਰਕਾਰਾਂ ਨੇ ਆਜ਼ਾਦੀ ਦੇ 25 ਸਾਲ ਜਾਂ 50 ਸਾਲ ਇੰਨੇ ਉਤਸ਼ਾਹ ਨਾਲ ਨਹੀਂ ਮਨਾਏ। ਬਠਿੰਡਾ ਵਿੱਚ ਇਸ ਤਿਰੰਗਾ ਯਾਤਰਾ ਨੇ ਸ਼ਹਿਰ ਦੇ ਮਾਹੌਲ ਨੂੰ ਦੇਸ਼ ਭਗਤੀ ਦੇ ਜਜ਼ਬੇ ਵਿੱਚ ਰੰਗ ਦਿੱਤਾ।

-PTC News

Related Post