ਅੰਮ੍ਰਿਤਸਰ ਦੇ ਜਗਦੇਵ ਕਲਾਂ ਇਲਾਕੇ ਦੀ ਨਹਿਰ 'ਚੋਂ 23 ਸਾਲਾ ਨੌਜਵਾਨ ਦੀ ਲਾਸ਼ ਬਰਾਮਦ

By  Jasmeet Singh October 6th 2022 01:06 PM -- Updated: October 6th 2022 01:08 PM

ਅੰਮ੍ਰਤਿਸਰ, 6 ਅਕਤੂਬਰ: ਅੰਮ੍ਰਿਤਸਰ ਦੇ ਜਗਦੇਵ ਕਲਾਂ ਇਲਾਕੇ 'ਚ ਨਹਿਰ ਤੋਂ 23 ਸਾਲਾ ਨੌਜਵਾਨ ਦੀ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਤਹਿਸੀਲ ਅਜਨਾਲਾ ਪਿੰਡ ਜਗਦੇਵ ਕਲਾਂ ਤੋਂ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੰਮ ਤੋਂ ਘਰ ਆਉਣ 'ਤੇ ਉਸ ਦੇ ਕੁਝ ਦੋਸਤ ਆਏ ਸਨ ਜੋ ਉਸ ਨੂੰ ਕਾਰ 'ਚ ਆਪਣੇ ਨਾਲ ਲੈ ਗਏ। ਪਿਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਆਪਣੇ ਬੇਟੇ ਨੂੰ ਫ਼ੋਨ ਕੀਤਾ ਤਾਂ ਫ਼ੋਨ ਦੀ ਘੰਟੀ ਵੱਜਦੀ ਰਹੀ। ਅਗਲੇ ਦਿਨ ਸਵੇਰੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦਾ ਲੜਕਾ ਬੀਤੇ ਕੱਲ੍ਹ ਆਪਣੇ ਦੋਸਤਾਂ ਨਾਲ ਬਾਹਰ ਗਿਆ ਸੀ ਪਰ ਅਜੇ ਤੱਕ ਘਰ ਨਹੀਂ ਪਰਤਿਆ ਹੈ।

ਪਰਿਵਾਰ ਦਾ ਕਹਿਣਾ ਕਿ 2 ਸਾਲ ਪਹਿਲਾਂ ਹਰਪ੍ਰੀਤ ਨੇ ਇਕ ਨੌਜਵਾਨ ਨੂੰ ਲਿਫਟ ਦਿੱਤੀ ਸੀ, ਜਿਸ ਦੀ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ ਸੀ। ਪਰਿਵਾਰ ਮੁਤਾਬਕ ਉਸ ਮੁੰਡੇ ਦੇ ਰਿਸ਼ਤੇਦਾਰਾਂ ਵਲੋਂ ਲਗਾਤਾਰ ਹਰਪ੍ਰੀਤ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਕਿਸੇ ਨਾਲ ਕੋਈ ਝਗੜਾ ਜਾਂ ਦੁਸ਼ਮਣੀ ਨਹੀਂ ਸੀ, ਫ਼ਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News

Related Post