ਲਹੂ ਦੇ ਚਿੱਟੇ ਹੋਣ ਦੀ ਇੱਕ ਹੋਰ ਖ਼ਬਰ, ਸਕਾ ਭਰਾ 7 ਸਾਲ ਕਰਦਾ ਰਿਹਾ ਛੋਟੀ ਭੈਣ ਦਾ ਸਰੀਰਕ ਸ਼ੋਸ਼ਣ

By  Panesar Harinder May 27th 2020 05:29 PM

ਜਲੰਧਰ - ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦੀਆਂ ਮੁੜ ਮੁੜ ਸਾਹਮਣੇ ਆਉਂਦੀਆਂ ਘਟਨਾਵਾਂ ਸੁਣ ਕੇ ਦਿਲ ਦਿਮਾਗ ਸੁੰਨ ਹੋ ਜਾਂਦੇ ਹਨ। ਲਹੂ ਦੇ ਚਿੱਟੇ ਹੋਣ ਦੀ ਇਹ ਖ਼ਬਰ ਜ਼ਿਲ੍ਹਾ ਜਲੰਧਰ ਦੇ ਪਿੰਡ ਜਮਸ਼ੇਰ ਖ਼ਾਸ ਤੋਂ ਆਈ ਹੈ ਜਿਸ 'ਚ ਇੱਕ ਸਕਾ ਭਰਾ ਹੀ ਲਗਭਗ 7 ਸਾਲ ਆਪਣੀ ਭੈਣ ਦੀ ਪੱਤ ਰੋਲਦਾ ਰਿਹਾ।

ਸਕੇ ਭਰਾ ਨੇ ਬਣਾਇਆ ਹਵਸ ਦਾ ਸ਼ਿਕਾਰ, ਮਾਪਿਆਂ ਨੇ ਨਹੀਂ ਸੁਣੀ ਗੱਲ

17 ਸਾਲਾ ਨਾਬਾਲਗ ਲੜਕੀ ਨਾਲ ਉਸ ਦਾ ਸਕਾ ਭਰਾ ਪਿਛਲੇ ਕਈ ਸਾਲਾਂ ਤੋਂ ਸਰੀਰਕ ਸ਼ੋਸ਼ਣ ਕਰਦਾ ਆ ਰਿਹਾ ਸੀ। ਲੜਕੀ ਨੇ ਇਸ ਸਬੰਧੀ ਆਪਣੇ ਮਾਪਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਵੱਲੋਂ ਵੀ ਇਸ ਗੱਲ ਨੂੰ ਨਕਾਰ ਦਿੱਤਾ ਗਿਆ। ਮਾਪਿਆਂ ਅੱਗੇ ਵਾਹ ਨਾ ਚੱਲਦੀ ਦੇਖ ਨਾਬਾਲਗ ਲੜਕੀ ਨੇ ਮਹਿਲਾ ਵਕੀਲ ਸਿਮਰਨਜੀਤ ਕੌਰ ਗਿੱਲ ਤੇ ਹਾਕਮ ਸਿੰਘ ਨਾਲ ਸੰਪਰਕ ਕੀਤਾ ਜੋ ਇੱਕ 'ਬਚਪਨ ਬਚਾਓ' ਨਾਂਅ ਦੀ ਮੁਹਿੰਮ ਚਲਾ ਰਹੇ ਹਨ। ਉਨ੍ਹਾਂ ਵੱਲੋਂ ਲੜਕੀ ਦਾ ਸਾਥ ਦਿੰਦਿਆਂ ਇਸ ਮਾਮਲੇ ਨੂੰ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ।

ਲੜਕੀ ਸਿਰਫ਼ 9 ਸਾਲਾਂ ਦੀ ਸੀ ਜਦੋਂ ਤੋਂ ਸਰੀਰਕ ਸ਼ੋਸ਼ਣ ਹੋ ਰਿਹਾ

ਵਕੀਲਾਂ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਨਾਬਾਲਗ 17 ਸਾਲਾ ਲੜਕੀ ਉਸ ਵੇਲੇ ਤੋਂ ਆਪਣੇ ਸਕੇ ਭਰਾ ਵੱਲੋਂ ਕੀਤੇ ਜਾ ਰਹੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ ਜਦੋਂ ਉਸ ਦੀ ਉਮਰ ਸਿਰਫ਼ 9 ਸਾਲ ਦੀ ਸੀ। ਲੜਕੀ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਮਾਪੇ ਤੇ ਹੋਰ ਪਰਿਵਾਰਕ ਮੈਂਬਰ ਘਰੋਂ ਬਾਹਰ ਚਲੇ ਜਾਂਦੇ ਸੀ ਤਾਂ ਉਸ ਦਾ ਭਰਾ ਉਸ ਨੂੰ ਘਰ 'ਚ ਇਕੱਲੀ ਪਾ ਕੇ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਲੱਗ ਜਾਂਦਾ ਸੀ। ਲੜਕੀ ਕੋਲ ਆਪਣੇ ਭਰਾ ਨਾਲ ਗੱਲਬਾਤ ਦੀਆਂ ਆਡੀਓ ਰਿਕਾਰਡਿੰਗਾਂ ਵੀ ਹਨ ਜੋ ਇਹ ਸਾਬਤ ਕਰਦੀਆਂ ਹਨ ਕਿ ਉਸ ਦੇ ਭਰਾ ਵੱਲੋਂ ਉਸ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਸੀ। ਲੜਕੀ ਦਾ ਭਰਾ ਇਸ ਸਮੇਂ ਮਲੇਸ਼ੀਆ ਵਿੱਚ ਹੈ, ਅਤੇ ਰਿਕਾਰਡਿੰਗਾਂ ਵਿੱਚ ਇਹ ਵੀ ਸਬੂਤ ਹਨ ਕਿ ਉਹ ਲੜਕੀ ਨੂੰ ਮਲੇਸ਼ੀਆ ਤੋਂ ਡਰਾਉਂਦਾ ਧਮਕਾਉਂਦਾ ਸੀ ਕਿ ਉਹ ਕਿਸੇ ਨੂੰ ਇਸ ਬਾਰੇ ਨਾ ਦੱਸੇ।

ਪੁਲਿਸ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਵਾਈ

ਵਕੀਲਾਂ ਨੇ ਦੱਸਿਆ ਕਿ ਪੁਲਿਸ ਵਿਭਾਗ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਅਤੇ ਤੀਹ ਘੰਟਿਆਂ ਤੋਂ ਵੱਧ ਸਮੇਂ ਦੇ ਬਾਅਦ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਕੋਈ ਐੱਫਆਈਆਰ ਦਰਜ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਪਿਛਲੇ ਕਈ ਘੰਟੇ ਤੋਂ ਥਾਣੇ ਤੋਂ ਗਾਇਬ ਰਹੇ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਬਾਹਰ ਚਲੇ ਜਾਣ ਲਈ ਕਿਹਾ ਗਿਆ। ਥਾਣੇ ਦੇ ਸੰਤਰੀ ਵੱਲੋਂ ਪੱਤਰਕਾਰਾਂ ਦੀ ਮੌਜੂਦਗੀ ਦੇ ਵਿੱਚ ਵਕੀਲਾਂ ਅਤੇ ਪੱਤਰਕਾਰਾਂ ਨੂੰ ਠਾਣੇ ਤੋਂ ਬਾਹਰ ਜਾਣ ਲਈ ਕਿਹਾ ਗਿਆ। ਵਕੀਲ ਸਿਮਰਨਜੀਤ ਕੌਰ ਗਿੱਲ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਬਿਨਾਂ ਲੜਕੀ ਦਾ ਮੂੰਹ ਢਕੇ ਉਸ ਨੂੰ ਸਕੂਟੀ 'ਤੇ ਥਾਣੇ ਲਿਆਂਦਾ ਗਿਆ ਹੈ।

ਪੁਲਿਸ ਅਧਿਕਾਰੀਆਂ ਵੱਲੋਂ ਇਨਸਾਫ਼ ਦਾ ਭਰੋਸਾ

ਥਾਣਾ ਸਦਰ ਜਲੰਧਰ ਮੁਖੀ ਸਬ ਇੰਸਪੈਕਟਰ ਕਮਲਜੀਤ ਸਿੰਘ ਨੇ ਦੱਸਿਆ ਕਿ ਗੰਭੀਰਤਾ ਨੂੰ ਵੇਖਦੇ ਹੋਏ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਧਾਰਾ 376, 506 ਸਮੇਤ ਪੋਸਕੋ ਐਕਟ ਲਗਾ ਕੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਰ ਹਾਲਤ ਵਿੱਚ ਲੜਕੀ ਨੂੰ ਇਨਸਾਫ਼ ਦਿਵਾਇਆ ਜਾਵੇਗਾ।

ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਹੋਵੇਗੀ ਕਾਰਵਾਈ - ਏਸੀਪੀ

ਏਸੀਪੀ ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਮੌਕੇ ਤੇ ਪਹੁੰਚ, ਕਾਰਵਾਈ ਵਿੱਚ ਢਿੱਲ ਵਰਤਣ, ਨਾਬਾਲਗ ਲੜਕੀ ਦੀ ਪਛਾਣ ਲੁਕੋਣ ਦੀ ਥਾਂ ਸ਼ਰੇਆਮ ਬਿਨਾਂ ਮੂੰਹ ਢਕੇ ਉਸ ਨੂੰ ਸਕੂਟੀ ਤੇ ਥਾਣੇ ਲੈ ਕੇ ਆਉਣ ਅਤੇ ਥਾਣੇ ਦੇ ਪੁਲਸ ਮੁਲਾਜ਼ਮਾਂ ਵੱਲੋਂ ਵਕੀਲਾਂ ਅਤੇ ਪੱਤਰਕਾਰਾਂ ਨਾਲ ਬਦਸਲੂਕੀ ਕਰਨ ਬਾਰੇ ਕਿਹਾ ਕਿ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਪਣੀ ਡਿਊਟੀ ਵਿੱਚ ਕੁਤਾਹੀ ਅਤੇ ਵਕੀਲਾਂ ਤੇ ਪੱਤਰਕਾਰਾਂ ਨਾਲ ਦੁਰ ਵਿਵਹਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ 'ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

Related Post