ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਤੇ ਵਿਧਾਇਕ ਕੇਰਲਾ ਹੜ ਰਾਹਤ ਕਾਰਜਾਂ ਲਈ ਇਕ ਮਹੀਨੇ ਦੀ ਤਨਖ਼ਾਹ ਦਾ ਯੋਗਦਾਨ ਪਾਉਣਗੇ

By  Joshi August 18th 2018 09:45 PM

ਮੁੱਖ ਮੰਤਰੀ ਦੀ ਅਗਵਾਈ ’ਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਤੇ ਵਿਧਾਇਕ ਕੇਰਲਾ ਹੜ ਰਾਹਤ ਕਾਰਜਾਂ ਲਈ ਇਕ ਮਹੀਨੇ ਦੀ ਤਨਖ਼ਾਹ ਦਾ ਯੋਗਦਾਨ ਪਾਉਣਗੇ

ਪੰਜਾਬ ਸਰਕਾਰ ਵੱਲੋਂ 40 ਹਜ਼ਾਰ ਮੀਟਰਕ ਟਨ ਖਾਧ ਪਦਾਰਥਾਂ ਦੀ ਪਹਿਲੀ ਖੇਪ ਹੜ ਪ੍ਰਭਾਵਿਤ ਸੂਬੇ ਲਈ ਰਵਾਨਾ

ਹਲਵਾਰਾ ਹਵਾਈ ਅੱਡੇ ਤੋਂ ਅੱਜ ਰਾਤ ਨੂੰ 60 ਹਜ਼ਾਰ ਮੀਟਰਕ ਟਨ ਹੋਰ ਵਸਤਾਂ ਭੇਜੀਆਂ ਜਾਣਗੀਆਂ

ਚੰਡੀਗੜ, 18 ਅਗਸਤ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਕਾਂਗਰਸ ਦੇ ਸਮੂਹ ਸੰਸਦ ਮੈਂਬਰ ਅਤੇ ਵਿਧਾਇਕ ਕੇਰਲਾ ਹੜ ਰਾਹਤ ਕਾਰਜਾਂ ਵਿੱਚ ਸਹਿਯੋਗ ਵਜੋਂ ਇਕ ਮਹੀਨੇ ਦੇ ਤਨਖ਼ਾਹ ਦਾ ਯੋਗਦਾਨ ਪਾਉਣਗੇ।

ਇਹ ਫੈਸਲਾ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਨਿਰਦੇਸ਼ ’ਤੇ ਲਿਆ ਗਿਆ ਜਿਨਾਂ ਨੇ ਮੁਲਕ ਭਰ ਦੇ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਕੇਰਲਾ ਦੇ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ-ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਆਖਿਆ ਹੈ।

ਪਾਰਟੀ ਦੇ ਬੁਲਾਰੇ ਮੁਤਾਬਕ ਮੁੱਖ ਮੰਤਰੀ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਤੁਰੰਤ ਦੇਣ ਦੇ ਫੈਸਲੇ ਦਾ ਐਲਾਨ ਕੀਤਾ ਤਾਂ ਜੋ ਦੱਖਣੀ ਭਾਰਤ ਦੇ ਹੜ ਪ੍ਰਭਾਵਿਤ ਸੂਬੇ ਲਈ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਨੂੰ ਯਕੀਨੀ ਬਣਾਇਆ ਜਾ ਸਕੇ।

ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਕਿ ਉਨਾਂ ਨੇ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਤੇ ਵਿਧਇਕਾਂ ਨੂੰ ਪਹਿਲ ਦੇ ਆਧਾਰ ’ਤੇ ਵਿੱਤੀ ਮਦਦ ਮੁਹੱਈਆ ਕਰਵਾਉਣ ਲਈ ਆਖਿਆ ਹੈ। ਪਾਰਟੀ ਵਰਕਰਾਂ ਨੂੰ ਅਗਲੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ-ਵਿੱਚ ਬਿਨਾਂ ਕਿਸੇ ਦੇਰੀ ਦੇ ਕੇਰਲਾ ਅਥਾਰਟੀ ਕੋਲ ਪੈਸਾ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।

ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਜਾਖੜ ਨੇ ਆਖਿਆ ਕਿ ਕੇਰਲਾ ਵਿੱਚ ਹੜਾਂ ਦਾ ਕਹਿਰ ਕੌਮੀ ਤਬਾਹੀ ਹੈ ਜਿਸ ਕਰਕੇ ਮੁਲਕ ਦੇ ਹਰੇਕ ਨਾਗਰਿਕ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਮੁੱਖ ਮੰਤਰੀ ਵੱਲੋਂ ਬੀਤੇ ਦਿਨ ਵੀ ਹੜ ਪ੍ਰਭਾਵਿਤ ਸੂਬੇ ਨੂੰ 10 ਕਰੋੜ ਰੁਪਏ ਦੀ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਉਨਾਂ ਨੇ ਇਕ ਮਹੀਨੇ ਦੀ ਤਨਖ਼ਾਹ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਵੱਲੋਂ 10 ਕਰੋੜ ਰੁਪਏ ਦੀ ਮਦਦ ਤਹਿਤ ਪੰਜ ਕਰੋੜ ਰੁਪਏ ਕੇਰਲਾ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਭੇਜ ਦਿੱਤੇ ਗਏ ਹਨ ਜਦਕਿ ਬਾਕੀ ਰਾਸ਼ੀ ਨਾਲ ਖਾਣ ਲਈ ਤਿਆਰ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕੀਤੀ ਜਾ ਰਹੀ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਖਾਧ ਪਦਾਰਥਾਂ ਦੇ 40 ਹਜ਼ਾਰ ਪੈਕਟਾਂ ਦੀ 40 ਮੀਟਰਕ ਟਨ ਦੀ ਖੇਪ ਅੱਜ ਰਵਾਨਾ ਕਰ ਦਿੱਤੀ ਗਈ ਹੈ ਜਦਕਿ 60 ਹਜ਼ਾਰ ਪੈਕਟਾਂ ਦੀ ਇਕ ਹੋਰ ਖੇਪ ਅੱਜ ਰਾਤ ਨੂੰ ਹਲਵਾਰਾ ਹਵਾਈ ਅੱਡੇ ਤੋਂ ਭੇਜੀ ਜਾਵੇਗੀ। ਇਸੇ ਤਰਾਂ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਦੋ ਹੋਰ ਖੇਪਾਂ ਭੇਜੀਆਂ ਜਾਣਗੀਆਂ।

Related Post