ਸਿਹਤ ਕਰਮੀ ਦੀ ਕੁੱਟਮਾਰ ਮਾਮਲੇ 'ਚ ਪੀਆਰਟੀਸੀ ਇੰਸਪੈਕਟਰ ਖ਼ਿਲਾਫ਼ ਮਾਮਲਾ ਦਰਜ

By  Jasmeet Singh July 27th 2022 02:16 PM

ਗਗਨਦੀਪ ਸਿੰਘ ਅਹੂਜਾ, (ਪਟਿਆਲਾ, 27 ਜੁਲਾਈ): ਬੀਤ ਦਿਨੀਂ ਪਟਿਆਲਾ ਬੱਸ ਸਟੈਂਡ ਉੱਤੇ ਪੀਆਰਟੀਸੀ ਦੇ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਵੱਲੋਂ ਸਿਹਤ ਕਰਮੀ ਦੀ ਕੁੱਟਮਾਰ ਹੋਣ 'ਤੇ ਉਨ੍ਹਾਂ ਖਿਲਾਫ ਲਾਹੌਰੀ ਗੇਟ ਥਾਣੇ ਵਿਚ ਕੇਸ ਦਰਜ ਕਰ ਦਿੱਤਾ ਗਿਆ। ਇਸ ਕਿੱਸੇ ਮਗਰੋਂ ਹੁਣ ਡਾਕਟਰਾਂ ਵੱਲੋਂ ਸਿਹਤ ਕੇਂਦਰਾਂ ਤੋਂ ਬਾਹਰ ਜਾ ਕੇ ਵੈਕਸੀਨ ਟੀਕਾ ਨਾ ਲਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਡਾਕਟਰਾਂ ਦਾ ਕਹਿਣਾ ਕਿ ਜਦੋਂ ਤੱਕ ਸੁਰੱਖਿਆ ਨਹੀਂ ਮਿਲਦੀ ਅਤੇ ਇਸ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਸਿਹਤ ਕੇਂਦਰਾਂ ਤੋਂ ਬਾਹਰ ਟੀਕਾ ਨਹੀ ਲਾਇਆ ਜਾਵੇਗਾ। ਇਹ ਫੈਸਲਾ ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਵੱਲੋਂ ਲਿਆ ਗਿਆ ਹੈ। ਪੀਸੀਐਮਐਸ ਡਾਕਟਰਜ਼ ਐਸੋਸੀਏਸ਼ਨ ਵੱਲੋਂ ਸਿਵਲ ਸਰਜਨ ਨੂੰ ਮੈਮੋਰੰਡਮ ਵੀ ਦਿੱਤਾ ਗਿਆ ਤੇ ਮੰਗ ਕੀਤੀ ਗਈ ਕਿ ਪਹਿਲਾਂ ਸਿਹਤ ਕਰਮੀਆਂ, ਡਾਕਟਰਾਂ ਅਤੇ ਨਰਸਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਕੱਲ੍ਹ ਦੁਪਹਿਰੇ ਪਟਿਆਲਾ ਬੱਸ ਸਟੈਂਡ 'ਤੇ ਪੀਆਰਟੀਸੀ ਕਰਮਚਾਰੀਆਂ ਵੱਲੋਂ ਮੋਬਾਈਲ ਕੋਵਿਡ ਟੀਕਾਕਰਨ ਟੀਮ ਦੇ ਇੱਕ ਸਿਹਤ ਕਰਮਚਾਰੀ ਦੀ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਗਈ। ਇਹ ਘਟਨਾ ਬੱਸ ਸਟੈਂਡ 'ਤੇ ਟੀਕਾਕਰਨ ਬੂਥ ਬਣਾਉਣ ਲਈ ਜਗ੍ਹਾ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਵਾਪਰੀ ਦੱਸੀ ਜਾਂਦੀ ਹੈ, ਜਿਸਦੀ ਵੀਡੀਓ ਵੀ ਵਾਇਰਲ ਜਾ ਚੁੱਕੀ ਹੈ। ਜਾਣਕਾਰੀ ਮੁਤਾਬਕ ਪੀਆਰਟੀਸੀ ਇੰਸਪੈਕਟਰ ਅਤੇ ਸਿਹਤ ਕਰਮਚਾਰੀ ਰਾਜੇਸ਼ ਵਿਚਕਾਰ ਜ਼ੁਬਾਨੀ ਬਹਿਸ ਹੋਈ, ਜੋ ਕਿ ਹੱਥੋਪਾਈ ਵਿੱਚ ਬਦਲ ਗਈ। ਸਿਹਤ ਕਰਮਚਾਰੀ ਨੂੰ ਇੰਸਪੈਕਟਰ ਅਤੇ ਬੱਸ ਕੰਡਕਟਰਾਂ ਨੇ ਕਥਿਤ ਤੌਰ 'ਤੇ ਥੱਪੜ ਮਾਰਿਆ ਅਤੇ ਕੁੱਟਿਆ। -PTC News

Related Post