ਧਾਰਮਿਕ ਸਥਾਨਾਂ ਤੋਂ 'ਸ਼ਰਾਬ ਦੇ ਹੋਕੇ' ਕਾਰਨ ਮਾਹੌਲ ਭਖ਼ਿਆ

By  Panesar Harinder May 7th 2020 05:20 PM -- Updated: May 7th 2020 05:29 PM

ਸ੍ਰੀ ਮੁਕਤਸਰ ਸਾਹਿਬ - ਇੱਕ ਹੁਕਮ ਜਾਰੀ ਕਰਨ ਤੋਂ ਬਾਅਦ ਜ਼ਿਲ੍ਹਾ ਡੀ.ਸੀ. ਦਫ਼ਤਰ ਮੁਕਤਸਰ ਨੂੰ ਵੱਡੇ ਪੱਧਰ 'ਤੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਡੀ.ਸੀ. ਦਫ਼ਤਰ ਤੋਂ ਸ਼ਰਾਬ ਦੀ 'ਹੋਮ ਡਿਲੀਵਰੀ' ਭਾਵ ਬਿਨਾਂ ਸ਼ਰਾਬ ਦੇ ਠੇਕਿਆਂ 'ਤੇ ਗਏ, ਸ਼ਰਾਬ ਦੀ ਘਰਾਂ ਤੱਕ ਪਹੁੰਚ ਦੀ ਘੋਸ਼ਣਾ ਲਈ ਧਾਰਮਿਕ ਸਥਾਨਾਂ ਦੇ ਲਾਊਡ ਸਪੀਕਰਾਂ ਰਾਹੀਂ ਐਲਾਨ ਕਰਨ ਬਾਰੇ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਇਹ ਮਾਮਲਾ ਭਖਿਆ, ਕਿਉਂ ਕਿ ਧਾਰਮਿਕ ਸਥਾਨਾਂ ਵਿੱਚ ਗੁਰਦੁਆਰਾ ਸਾਹਿਬਾਨ ਵੀ ਆਉਂਦੇ ਹਨ ਸਿੱਖ ਸੰਗਤ ਵੱਲੋਂ ਅਜਿਹੇ ਹੁਕਮਾਂ ਦਾ ਭਾਰੀ ਵਿਰੋਧ ਕੀਤਾ ਗਿਆ।

ਲੌਕਡਾਊਨ ਤੇ ਕਰਫ਼ਿਊ ਭਾਵੇਂ ਜਾਰੀ ਹੈ ਪਰ ਪ੍ਰਸ਼ਾਸਨ ਨੇ ਸ਼ਰਾਬ ਦੀ ਹੋਮ ਡਿਲੀਵਰੀ ਦਾ ਐਲਾਨ ਕੀਤਾ ਹੈ। ਇਸ ਬਾਰੇ 'ਚ ਡੀ.ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ 6 ਮਈ 2020 ਨੂੰ ਇੱਕ ਚਿੱਠੀ ਰਾਹੀਂ ਹੁਕਮ ਜਾਰੀ ਕੀਤੇ ਗਏ।

Liquor Home Delivery DC Muktsar

ਵਿਰੋਧ ਤੇ ਨਿਖੇਧੀ ਐਨੀ ਤੀਬਰ ਤੇ ਤਿੱਖੀ ਸੀ ਕਿ ਡਿਪਟੀ ਕਮਿਸ਼ਨਰ ਨੂੰ ਹੁਕਮਾਂ ਦੀ 'ਸੋਧ' ਕਰਨੀ ਪਈ ਅਤੇ ਧਾਰਮਿਕ ਸਥਾਨਾਂ ਬਾਰੇ ਲਿਖੇ ਵੇਰਵੇ ਨੂੰ ਹਟਾਉਣਾ ਪਿਆ।

ਬੁੱਧਵਾਰ ਸ਼ਾਮ ਤੱਕ ਡੀ.ਪੀ.ਆਰ.ਓ. ਸ੍ਰੀ ਮੁਕਤਸਰ ਸਾਹਿਬ ਨੇ ਇੱਕ ਬਿਆਨ ਜਾਰੀ ਕੀਤਾ ਜਿਸ 'ਚ ਡਿਪਟੀ ਕਮਿਸ਼ਨਰ ਅਰਵਿੰਦਾ ਕੁਮਾਰ ਨੇ ਪਹਿਲੇ ਹੁਕਮਾਂ ਵਿੱਚ ਹੋਈ ਗ਼ਲਤੀ ਉੱਤੇ ਅਫ਼ਸੋਸ ਜਤਾਇਆ।

ਡੀ.ਪੀ.ਆਰ.ਓ. ਸ੍ਰੀ ਮੁਕਤਸਰ ਸਾਹਿਬ ਵੱਲੋਂ ਜਾਰੀ ਬਿਆਨ ਦਾ ਤਰਜਮਾ ਹੇਠ ਲਿਖੇ ਅਨੁਸਾਰ ਹੈ -

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੁਕਤਸਰ

ਮੁਕਤਸਰ 6 ਮਈ - ਜ਼ਿਲ੍ਹਾ ਮੁਕਤਸਰ ਅੰਦਰ ਸ਼ਰਾਬ ਦੀ ਹੋਮ ਡਿਲੀਵਰੀ ਬਾਰੇ ਜਾਰੀ ਹੁਕਮਾਂ 'ਚ ਹੋਈ ਇੱਕ ਦਫ਼ਤਰੀ ਗ਼ਲਤੀ ਉੱਤੇ ਡਿਪਟੀ ਕਮਿਸ਼ਨਰ ਅਰਵਿੰਦਾ ਕੁਮਾਰ ਨੇ ਅਫ਼ਸੋਸ ਜ਼ਾਹਰ ਕੀਤਾ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਜਿਵੇਂ ਹੀ ਇਸ ਗ਼ਲਤੀ ਦਾ ਪਤਾ ਲੱਗਿਆ, ਇਸ 'ਚ ਤੁਰੰਤ ਸੁਧਾਰ ਕਰਦੇ ਹੋਏ ਨਵੇਂ ਤੇ ਸੋਧੇ ਹੋਏ ਸ਼ਬਦਾਂ ਵਾਲੇ ਨਵੇਂ ਹੁਕਮ ਜਾਰੀ ਕੀਤੇ ਗਏ।

ਡਿਪਟੀ ਕਮਿਸ਼ਨਰ ਨੇ ਲਿਖਿਆ "ਸਾਡੇ ਵੱਲੋਂ ਜਾਰੀ ਇੱਕ ਹੁਕਮ ਵਿੱਚ ਅਣਜਾਣੇ 'ਚ ਪਿੰਡਾਂ ਦੇ ਗੁਰਦੁਆਰਿਆਂ ਤੋਂ ਅਜਿਹੇ ਐਲਾਨ ਕਰਨ ਬਾਰੇ ਇਹ ਹੁਕਮ ਜਾਰੀ ਹੋਏ, ਅਤੇ ਸੁਧਰੇ ਹੋਏ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਲੋੜੀਂਦੀਆਂ ਤਬਦੀਲੀਆਂ ਅਤੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਸ਼ਬਦ ਨੂੰ ਹਮੇਸ਼ਾ ਲਈ ਹਟਾਉਣ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਤਾਂ ਜੋ ਭਵਿੱਖ ਵਿੱਚ ਅਜਿਹਾ ਕੋਈ ਵਿਵਾਦ ਨਾ ਹੋਵੇ।"

ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਇਸ ਗ਼ਲਤੀ ਲਈ ਅਫ਼ਸੋਸ ਜ਼ਾਹਰ ਕੀਤਾ।

Related Post