ਪੰਜਾਬ 'ਚ ਫਿਲਹਾਲ ਨਹੀਂ ਖੁੱਲ੍ਹਣਗੀਆਂ ਦੁਕਾਨਾਂ, ਪੰਜਾਬ ਸਰਕਾਰ ਵੱਲੋਂ ਮਾਹਿਰਾਂ ਦੀ ਸਲਾਹ ਤੋਂ ਬਾਅਦ ਲਿਆ ਜਾਵੇਗਾ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਬਾਬਤ ਕੋਈ ਫੈਸਲਾ

By  Shanker Badra April 25th 2020 03:29 PM

ਪੰਜਾਬ 'ਚ ਫਿਲਹਾਲ ਨਹੀਂ ਖੁੱਲ੍ਹਣਗੀਆਂ ਦੁਕਾਨਾਂ, ਪੰਜਾਬ ਸਰਕਾਰ ਵੱਲੋਂ ਮਾਹਿਰਾਂ ਦੀ ਸਲਾਹ ਤੋਂ ਬਾਅਦ ਲਿਆ ਜਾਵੇਗਾ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਬਾਬਤ ਕੋਈ ਫੈਸਲਾ:ਚੰਡੀਗੜ੍ਹ : ਦੇਸ਼ ਵਿੱਚ ਪਿਛਲੇ ਮਹੀਨੇ ਤੋਂ ਜਾਰੀ ਲਾਕਡਾਊਨ ਦੌਰਾਨ ਕੇਂਦਰ ਸਰਕਾਰ ਨੇ ਦੁਕਾਨਦਾਰਾਂ ਨੂੰ ਰਾਹਤ ਦਿੰਦਿਆ ਅੱਜ ਦੇਸ਼ ਵਿਚ ਸਾਰੀਆਂ ਦੁਕਾਨਾਂ ਨੂੰ ਕੁਝ ਸ਼ਰਤਾਂ ਦੇ ਅਧਾਰ 'ਤੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਰ ਪੰਜਾਬ ਵਿਚ ਇਹ ਫੈਸਲਾ ਪੂਰੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਲਿਆ ਜਾਵੇਗਾ। ਪੰਜਾਬ ਵਿਚ ਫਿਲਹਾਲ ਦੁਕਾਨਾਂ ਨਹੀਂ ਖੋਲ੍ਹੀਆਂ ਜਾਣਗੀਆਂ।

ਕੇਂਦਰ ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਪੰਜਾਬ ਵਿੱਚ ਆਟੋਮੈਟਿਕ ਲਾਗੂ ਨਹੀਂ ਹੋਵੇਗਾ। ਇਸ ਸਬੰਧੀ ਵਿਸ਼ੇਸ਼ ਮੁੱਖ ਸਕੱਤਰ ਕੇ ਬੀ ਐਸ ਸਿੱਧੂ ਨੇ ਸਪਸ਼ਟ ਕੀਤਾ ਕਿ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਕੋਈ ਫੈਸਲਾ ਲੈਣ ਤੋਂ ਬਾਅਦ ਹੀ ਪੰਜਾਬ ਵਿੱਚ ਦੁਕਾਨਾਂ ਖੁੱਲ੍ਹ ਸਕਣਗੀਆਂ। ਇਸ ਦੇ ਲਈ ਲੋਕਾਂ ਨੂੰ ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਉਡੀਕ ਕਰਨੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਗਠਿਤ 20 ਮੈਂਬਰੀ ਮਾਹਿਰ ਕਮੇਟੀ ਅੱਜ ਸ਼ਾਮ ਨੂੰ ਸੂਬੇ ਵਿਚ ਕੋਰੋਨਾ ਮਹਾਮਾਰੀ ਸਬੰਧੀ ਰਿਪੋਰਟ ਪੇਸ਼ ਕਰ ਸਕਦੀ ਹੈ। ਉਸ ਤੋਂ ਬਾਅਦ ਹੀ ਮੀਟਿੰਗ ਕਰਕੇ ਦੁਕਾਨਾਂ, ਕਰਫਿਊ ਅਤੇ ਲੌਕਡਾਊਨ ਖੋਲ੍ਹਣ 'ਤੇ ਕੋਈ ਫੈਸਲਾ ਲਿਆ ਜਾਵੇਗਾ।

ਦੱਸ ਦੇਈਏ ਕਿ ਕੇਂਦਰ ਸਰਕਾਰ ਨੇ ਸਾਰੇ ਸੂਬਿਆਂ 'ਚ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ, ਜਿਸ 'ਚ ਸਮਾਜਕ ਦੂਰੀ ਬਣਾਈ ਰੱਖਣ ਦੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਅਹਿਤਿਆਤ ਦੇ ਤੌਰ 'ਤੇ ਮਾਸਕ ਪਹਿਨਣ ਦੀ ਵੀ ਗੱਲ ਕਹੀ ਗਈ ਸੀ, ਹਾਲਾਂਕਿ ਗ੍ਰਹਿ ਮੰਤਰਾਲੇ ਨੇ ਸ਼ਾਪਿੰਗ ਮਾਲਜ਼ ਅਤੇ ਮਾਰਕੀਟ ਕੰਪਲੈਕਸ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ।

-PTCNews

Related Post