ਰੂਹਦਾਰੀ ਨਾਲ ਹਰ ਕਿਰਦਾਰ ਨਿਭਾਉਣ ਵਾਲੇ ਦਮਦਾਰ ਅਦਾਕਾਰ ਹਰਦੀਪ ਗਿੱਲ , ਨਵੀਆਂ ਫਿਲਮਾਂ 'ਚ ਨਜ਼ਰ ਆਉਣਗੇ ਦਿਲਕਸ਼ ਅੰਦਾਜ਼ 'ਚ

By  Joshi September 23rd 2018 06:18 PM

 

ਸੱਜਣ ਦੀ ਨਿਰਮਲ ਨਦਰ 'ਚ ਹਰਦਮ ਤੂੰ ਧਿਆਨ ਆਪਣੇ ਨੂੰ ਲੀਨ ਰੱਖੀਂ ਤੂੰ ਸਿਦਕ ਦਿਲ ਵਿਚ ਤੇ ਆਸ ਰੂਹ ਵਿਚ ਨਜ਼ਰ 'ਚ ਸੁਪਨੇ ਹਸੀਨ ਰੱਖੀਂ......

  ਜਿਹੜਾ ਕਲਾਕਾਰ ਦਿਲ ਦਾ ਅਮੀਰ ਤੇ ਸੱਚਾ ਹੋਵੇ ਕੁਦਰਤ ਵੀ ਉਸਤੇ ਮਿਹਰਬਾਨ ਹੋਇਆ ਕਰਦੀ ਹੈ । ਜੋ ਦਿਲ ਦੇ ਬੇਹੱਦ ਚੰਗੇ ਤੇ ਜੱਗੋਂ ਵੱਖਰੇ ਕਲਾਕਾਰ ਕਲਾ ਦੇ ਦਮ 'ਤੇ ਪ੍ਰਸਿੱਧੀਆਂ ਤੇ ਬੁਲੰਦੀਆਂ ਪਾ ਕੇ ਵੀ ਜ਼ਮੀਨ ਤੇ ਜ਼ਮੀਰ ਨਾਲ ਜੁੜ੍ਹੇ ਰਹਿਣ , ਉਹੀ ਅਸਲ ਕਲਾਕਾਰ ਹੁੰਦੇ ਹਨ। ਰੰਗਮੰਚ ਦਾ ਸੱਚਾ ਪਾਂਧੀ ਉਹੀ ਹੁੰਦਾ ਜੋ ਉਸ ਨਾਲ ਹਮੇਸ਼ਾ ਜੁੜ੍ਹਿਆ ਰਹਿੰਦਾ। hardeep gill ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਆਪਣੀ ਕਲਾਤਮਿਕ ਸਿਰਜਣਾ ਰਾਹੀਂ ਲੋਕਾਂ ਦੇ ਦਿਲਾਂ 'ਚ ਘਰ ਕਰਨ ਵਾਲੇ ਨਾਮਵਰ ਤੇ ਸੁਪ੍ਰਸਿੱਧ ਕਲਾਕਾਰੀ ਨਾਲ ਰੂਹਦਾਰੀ ਦਾ ਰਿਸ਼ਤਾ ਕਾਇਮ ਕਰਨ ਵਾਲੇ ,ਬੇਬਾਕ ਤੇ ਬਾਕਮਾਲ ਥੀਏਟਰ, ਟੀਵੀ ਅਤੇ ਫਿਲਮੀ ਅਦਾਕਾਰ ਹਰਦੀਪ ਗਿੱਲ ਜੀ ਦੀ ! ਉਹਨਾਂ ਦੀ ਅਦਾਕਾਰੀ ਦੀ ਗੱਲ ਕਰਦੇ ਇਹ ਦੱਸਣਾ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਖੇਤਰ ਵਿੱਚ ਨਿਭਾਏ ਉਨ੍ਹਾਂ ਦੇ ਕਿਰਦਾਰਾਂ ਬਾਰੇ ਵੀ ਚਰਚਾ ਕਰੀਏ ! ਹਰ ਕਿਰਦਾਰ 'ਚ ਆਪਣੀ ਰੂਹ ਪਾ ਕੇ ਉਹ ਸਭ ਦੀਆਂ ਉਮੀਦਾਂ ਤੇ ਖਰ੍ਹੇ ਉਤਰਦੇ ਆਏ ਹਨ ਕਿ ਦਰਸ਼ਕਾਂ ਨਾਲ ਵੀ ਉਨ੍ਹਾਂ ਦੀ ਸਦੀਵੀਂ ਸਾਂਝ ਬਣ ਜਾਂਦੀ ਹੈ। ਹਰਦੀਪ ਗਿੱਲ ਜੀ ਨੇ ਰੰਗਕਰਮੀ ਦੇ ਤੌਰ ਤੇ ਅੰਮ੍ਰਿਤਸਰ ਕਲ੍ਹਾ ਕੇਂਦਰ ਨਾਲ ੧੯੮੭ 'ਚ ਰੰਗਮੰਚ ਦੀ ਸ਼ੁਰੂਆਤ ਕੀਤੀ ।ਬਸ ਫਿਰ ਅਦਾਕਾਰੀ ਦਾ ਇਹ ਸਫ਼ਰ ਥੰਮਿਆ ਨਹੀਂ , ਨਾਟਕ ਦੇ ਪਿਤਾਮਾ ਮੰਨੇ ਜਾਂਦੇ ਭਾਜੀ ਗੁਰਸ਼ਰਨ ਹੋਰਾਂ ਨਾਲ , ਕੇਵਲ ਧਾਲੀਵਾਲ ਜੀ ਦੇ ਗਰੁੱਪ ਮੰਚ ਰੰਗ ਮੰਚ ਨਾਲ ਅਤੇ ਅੰਮ੍ਰਿਤਸਰ ਸਕੂਲ ਆਫ਼ ਡਰਾਮਾ ਨਾਲ ਜੁੜ੍ਹ ਕੇ ਪੰਜਾਬ ਦੇ ਸੈਂਕੜੇ ਪਿੰਡਾਂ ,ਕਸਬਿਆਂ , ਦੇਸ਼ਾਂ ਵਿਦੇਸ਼ਾਂ 'ਚ ਬਹੁਤ ਸਾਰੇ ਨਾਟਕ ਖੇਡੇ । ਜਿੰਨਾਂ 'ਚ ਦਾਸਤਾਨ-ਏ-ਪੰਜਾਬ , ਕਰਫਿਊ , ਪੰਜ ਕਲਿਆਣੀ , ਕੰਮੀਆਂ ਦਾ ਵਿਹੜਾ , ਇਹ ਲਹੂ ਕਿਸਦਾ ਹੈ, ਮੌਤ ਦਰ ਮੌਤ, ਹੋਰ ਭੀ ਉੱਠਸੀ ਮਰਦ ਕਾ ਚੇਲਾ , ਜ਼ਜ਼ਬਾਤਾਂ ਦੇ ਆਰ ਪਾਰ, ਭੱਜੀਆਂ ਬਾਹਾਂ , ਧਮਕ ਨਗਾਰੇ ਦੀ , ਕੁਦੇਸਣ, ਫਾਸਲੇ, ਲੂਣਾ , ਪਾਏਦਾਨ, ਮਾਵਾਂ, ਪਿੰਜ਼ਰ, ਬਲਦੇ ਟਿੱਬੇ ਸਮੇਤ ਕਈ ਹੋਰਨਾਂ ਨਾਟਕਾਂ 'ਚ ਆਪਣੀ ਕਲ੍ਹਾ ਦੇ ਜੌਹਰ ਦਿਖਾਏ। ਹਰਦੀਪ ਗਿੱਲ ਜੀ ਨੇ ਆਪਣੀ ਹਮਸਫ਼ਰ ਅਤੇ ਮੰਝੇ ਹੋਏ ਪਾਲੀਵੁੱਡ ਤੇ ਬਾਲੀਵੁੱਡ ਅਦਾਕਾਰਾ ਅਨੀਤਾ ਦੇਵਗਨ ਨਾਲ ਮਿਲ ਕੇ ਦਾ ਥੀਏਟਰ ਪਰਸਨਜ਼ ਨਾਟ ਗਰੁੱਪ ਦੀ ਸ਼ੁਰਆਤ ਕੀਤੀ ।   ਇੱਥੇ ਇਹ ਵੀ ਜ਼ਿਕਰ ਕਰਨਾ ਲਾਜ਼ਮੀ ਹੈ ਕਿ ਬਚਪਨ ਤੋਂ ਹੀ ਸਾਹਿਤ 'ਚ ਰੁਚੀ ਰੱਖਣ ਵਾਲੇ ਹਰਦੀਪ ਗਿੱਲ ਜੀ ਕੇਵਲ ਇੱਕ ਉਮਦਾ ਅਦਾਕਾਰ ਹੀ ਨਹੀਂ ਬਲਕਿ ਇੱਕ ਲਾਜਵਾਬ ਲੇਖਕ ਵੀ ਹਨ । ਉਨ੍ਹਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੇ ਲਿਖੇ ਹੋਏ ਨਾਟਕ ਸੁੱਚੀ ਸਾਂਝ, ਡਮਰੂ, ਸਿਖਰ ਦੁਪਿਹਰੇ ਰਾਤ, ਕਾਲਾ ਇਲਮ, ਸਹਿਕਦੇ ਰਿਸ਼ਤੇ ਸਮੇਤ ਕਈ ਹੋਰਨਾਂ ਨਾਟਕਾਂ ਦਾ ਮੰਚਨ ਵੱਖ-ਵੱਖ ਸਥਾਨਾਂ ਤੇ ਕੀਤਾ ਜਾ ਚੁੱਕਾ ਹੈ। ਇਹੀ ਨਹੀਂ ਉਨ੍ਹਾਂ ਦੁਆਰਾ ਨਿਰਦੇਸ਼ਿਤ ਕੀਤੇ ਕਈ ਨਾਟਕਾਂ ਨੇ ਵੀ ਬਹੁਤ ਵਾਹ ਵਾਹ ਖੱਟੀ ਹੈ। ਇਹੀ ਨਹੀਂ ਦਾ ਥੀਏਟਰ ਵੱਲੋਂ ਹਰ ਸਾਲ ਰੰਗ-ਮੰਚ ਉਤਸਵ ਆਯੋਜਿਤ ਕੀਤਾ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਨਿਰਦੇਸ਼ਕਾਂ ਵੱਲੋਂ ਨਾਟਕਾਂ ਦੀਆਂ ਪੇਸ਼ਕਾਰੀਆਂ ਕੀਤੀਆਂ ਜਾਂਦੀਆਂ ਹਨ । ਹਰਦੀਪ ਗਿੱਲ ਜੀ ਵੱਲੋਂ ਨਿਰਦੇਸ਼ਤ ਕੀਤੇ ਨਾਟਕਾਂ ਦੀਆਂ ਇੰਗਲੈਂਡ , ਕੈਨੇਡਾ , ਅਮਰੀਕਾ , ਪਾਕਿਸਤਾਨ ਅਤੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੇਸ਼ਕਾਰੀਆਂ ਕੀਤੀਆਂ ਜਾ ਚੁੱਕੀਆਂ ਹਨ, ਜਿੰਨਾਂ ਵਿੱਚ ਉਹ ਖੁਦ ਵੀ ਅਦਾਕਾਰੀ ਕਰਦੇ ਆ ਰਹੇ ਹਨ ਵਿਦੇਸ਼ਾਂ ਵਿੱਚ ਨਾਟਕਾਂ ਦੀਆਂ ਪੇਸ਼ਕਾਰੀਆਂ ਦਾ ਇਹ ਸਿਲਸਿਲਾ ਅਜੇ ਤੱਕ ਜਾਰੀ ਹੈ। ਬੇਬਾਕੀ ਨਾਲ ਕਲ੍ਹਾ ਦੀਆਂ ਬਾਰੀਕੀਆਂ ਨੂੰ ਵਾਚ ਕੇ ਅਦਾਕਾਰੀ 'ਚ ਉੱਚਾ ਰੁੱਤਬਾ ਹਾਸਿਲ ਕਰਨ ਵਾਲੇ ਹਰਦੀਪ ਗਿੱਲ ਜੀ ਬਾਰੇ ਚਰਚਾ ਮਹਿਜ਼ ਇੱਥੇ ਹੀ ਮੁਕੰਮਲ ਨਹੀਂ ਹੋ ਜਾਂਦੀ , ਦੱਸਣਯੋਗ ਹੈ ਕਿ ੧੯੮੮ 'ਚ ਰੇਡੀਓ ਤੇ ਉਹ ਪਹਿਲੇ ਅਦਾਕਾਰ ਸਨ ਜੋ ਅਪਰੂਵ ਹੋਏ ਸਨ । ਉਨ੍ਹਾਂ ਨੇ ਜਿੱਥੇ ਰੇਡੀਓ ਤੇ ਅਦਾਕਾਰ ਵਜੋਂ ਪ੍ਰਸਿੱਧੀ ਹਾਸਿਲ ਕੀਤੀ ਉੱਥੇ ਟੀਵੀ ਦੀ ਦੁਨੀਆਂ ਵਿੱਚ ਆਪਣੀ ਦਮਦਾਰ ਐਕਟਿੰਗ ਨਾਲ ਵੀ ਬਹੁਤ ਨਾਮਣਾ ਖੱਟਿਆ ਹੈ। ਪੰਜਾਬੀ ਟੀਵੀ ਸੀਰੀਅਲ, ਭਾਗਾਂ ਵਾਲੀਆਂ , ਮਾਸਟਰ ਜੀ, ਤੂਤਾਂ ਵਾਲਾ ਖੂਹ , ਮੈਂ ਗੂੰਗੀ ਨਹੀਂ , ਮਨ ਜੀਤੈ ਜਗਜੀਤ , ਸਿਰਨਾਵਾਂ ਅਤੇ ਹਿੰਦੀ ਸੀਰਅਲ 'ਚ ਕਾਰਗਿਲ, ਦਾਸਤਾਨ-ਏ- ਪੰਜਾਬ , ਮਹਾਰਾਜਾ ਰਣਜੀਤ ਸਿੰਘ ਵਿੱਚ ਆਪਣੇ ਅਭਿਨੈ ਨਾਲ ਕਮਾਲ ਕੀਤੀ ਹੈ । ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਫਿਲਮਾਂ ਬਾਰੇ ਗੱਲ ਕਰਦੇ ਤੁਹਾਨੂੰ ਦੱਸ ਦੇਈਏ ਕਿ ਹਰਦੀਪ ਗਿੱਲ ਜੀ ਨੇ ਆਪਣੀ ਅਦਾਕਾਰੀ ਦੇ ਜਲਵੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਖੂਬ ਦਿਖਾਏ ਹਨ ।   ਜਿੰਨਾਂ 'ਚ ਨਾਬਰ, ਹਸ਼ਰ, ਮਿੱਟੀ, ਪੰਜਾਬਣ , ਲਵ ਪੰਜਾਬ, ਸਿਰਧੜ ਦੀ ਬਾਜੀ, ਮਿਸਟਰ ਐਂਡ ਮਿਸਿਜ਼ ੪੨੦ , ਪਤਾ ਨਹੀਂ ਰੱਬ ਕਿਹੜਿਆਂ ਰੰਗਾਂ 'ਚ ਰਾਜੀ, ਤੇਰੇ ਇਸ਼ਕ ਨਚਾਇਆ, ਪੂਜਾ ਕਿਵੇਂ ਆ, ਰੋਂਦੇ ਸਾਰੇ ਵਿਆਹ ਪਿੱਛੋਂ , ਯੋਧਾ, ਜੱਜ ਸਿੰਘ ਐੱਲਐੱਲ ਬੀ, ਠੁੱਗ ਲਾਈਫ਼ , ਡਾਕੂਆਂ ਦਾ ਮੁੰਡਾ ਅਤੇ ਹਿੰਦੀ ਫਿਲਮਾਂ 'ਚ ਸਰਬਜੀਤ, ਦੰਗਲ , ਸ਼ਹੀਦ-ਏ-ਆਜ਼ਮ ਅਤੇ ਹਵਾਏਂ ਵਿੱਚ ਖੂਬਸੂਰਤ ਅਦਾਕਾਰੀ ਨਾਲ ਲੋਕਾਂ ਦੇ ਮਨਾਂ ਨੂੰ ਮੋਹਿਆ ਹੈ। ਕਲਾਕਾਰੀ ਦੇ ਦਮ ਤੇ ਬਹੁਤ ਸਾਰੇ ਅਵਾਰਡ ਹਾਸਿਲ ਕਰ ਚੁੱਕੇ ਹਰਦੀਪ ਗਿੱਲ ਜੀ ਆਪਣੀਆਂ ਆਉਣ ਵਾਲੀਆਂ ਫਿਲਮਾਂ ਰੰਗ ਪੰਜਾਬ , ਕਿਸਮਤ, ਅਫਸਰ, ਵਣਜਾਰਾ , ਪੰਜਾਬ ਆਨਲਾਈਨ, ਲਾਟੂ ਸਮੇਤ ਹੋਰ ਕਈ ਫਿਲਮਾਂ ਦੀ ਸ਼ੂਟਿੰਗ 'ਚ ਰੁੱਝੇ ਹਨ ਤੇ ਹਾਲ ਹੀ ਵਿੱਚ ਉਨ੍ਹਾਂ ਦੀ ਪੰਜਾਬੀ ਫਿਲਮ "ਕੁੜਮਾਈਆਂ" ਰਿਲੀਜ਼ ਹੋਈ  ਹੈ , ਜਿਸ ਵਿੱਚ ਲੋਕਾਂ ਨੂੰ ਉਨ੍ਹਾਂ ਦੀ ਐਕਟਿੰਗ ਦਾ ਇੱਕ ਨਵਾਂ ਰੰਗ ਦੇਖਣ ਨੂੰ ਮਿਲਿਆ ਹੈ ! ਅਸੀਂ ਦੁਆ ਕਰਦੇ ਹਾਂ ਕਿ ਹਰਦੀਪ ਗਿੱਲ ਜੀ ਦਾ ਰੰਗਮੰਚ ਤੇ ਫਿਲਮੀ ਸਫ਼ਰ ਹੋਰ ਵੀ ਉਚਾਈਆਂ ਹਾਸਿਲ ਕਰੇ !

Related Post