ਨੰਨ੍ਹੀ ਛਾਂ ਮੁਹਿੰਮ ਦੇ 13 ਸਾਲ ਮੁਕੰਮਲ , ਹਰਸਿਮਰਤ ਕੌਰ ਬਾਦਲ ਨੇ ਮਹਿਲਾਵਾਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ

By  Riya Bawa August 27th 2021 06:26 PM -- Updated: August 27th 2021 06:36 PM

ਜਲਾਲਾਬਾਦ: ਸਾਬਕਾ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਸ਼ੁਰੂ ਕੀਤੀ ਨੰਨ੍ਹੀ ਛਾਂ ਮੁਹਿੰਮ ਨੂੰ ਅੱਜ ਪੂਰੇ 13 ਸਾਲ ਹੋ ਚੁੱਕੇ ਹਨ। ਨੰਨ੍ਹੀ ਛਾਂ ਮੁਹਿੰਮ ਦੇ 13 ਸਾਲ ਮੁਕੰਮਲ ਹੋਣ ਤੇ ਜਲਾਲਾਬਾਦ ਦੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ ਇਕ ਸਮਾਗਮ ਰੱਖਿਆ ਗਿਆ। ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ।

ਇਸ ਸਮਾਗਮ ਦੌਰਾਨ ਨੰਨ੍ਹੀ ਛਾਂ ਸਿਲਾਈ ਸੈਂਟਰਾਂ ਤੋਂ ਸਿਖਲਾਈ ਪੂਰੀ ਕਰਨ ਵਾਲੀਆਂ ਬੀਬੀਆਂ ਨੂੰ ਸਿਲਾਈ ਮਸ਼ੀਨਾਂ, ਸਰਟੀਫ਼ਿਕੇਟ ਅਤੇ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਗਿਆ।

Harsimrat Kaur Badal

ਇਸ ਸਮਾਗਮ ਤੋਂ ਬਾਅਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਗੁਰੂ ਚਰਨਾਂ 'ਚ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਇਸੇ ਤਰਾਂ ਸੇਵਾ ਲੈਂਦੇ ਰਹਿਣ ਅਤੇ ਨੰਨ੍ਹੀ ਛਾਂ ਦੀ 'ਕੁੱਖ ਤੇ ਰੁੱਖ' ਦੀ ਰਾਖੀ ਦੇ ਯਤਨਾਂ ਨੂੰ ਹੋਰ ਸਫ਼ਲ ਬਣਾਉਣ ਅਤੇ 13 ਬੂਟੇ ਲਗਾਉਣ ਦੀ ਸੇਵਾ ਕੀਤੀ।

ਇਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮਹਿਲਾਵਾਂ ਵਿਰੁੱਧ ਹੋ ਰਹੀ ਸਮਾਜਿਕ ਗੈਰ-ਬਰਾਬਰੀ ਖਿਲਾਫ਼ ਨੰਨ੍ਹੀ ਫਾਊਂਡੇਸ਼ਨ 2008 'ਚ ਹੋਂਦ 'ਚ ਆਈ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਕਰੀਬ 13 ਹਜ਼ਾਰ ਬੱਚੀਆਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਲੱਖਾਂ ਬੂਟਿਆਂ ਦਾ ਪ੍ਰਸ਼ਾਦ ਵੀ ਵੰਡਿਆ ਜਾ ਚੁੱਕਿਆ ਹੈ।

ਇਸ ਦੇ ਨਾਲ ਹੀ ਹਰਸਿਮਰਤ ਬਾਦਲ ਨੇ ਸਮਾਜ 'ਚ ਧੀਆਂ ਪ੍ਰਤੀ ਸਮਾਜਿਕ ਬੁਰਾਈਆਂ ਉੱਤੇ ਚਿੰਤਾ ਜਤਾਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਮੇਰੀਆਂ ਭੈਣਾਂ ਆਤਮ ਨਿਰਭਰ ਹੋਣਗੀਆਂ ਤਾਂ ਉਨ੍ਹਾਂ ਦਾ ਆਤਮ ਸਨਮਾਨ ਵੀ ਵਧੇਗਾ।ਉਨ੍ਹਾਂ ਕਿਹਾ ਕਿ ਇਹ ਕੋਈ ਸਿਆਸੀ ਮੰਚ ਨਹੀਂ ਬਲਕਿ ਧੀਆਂ-ਭੈਣਾਂ ਨੂੰ ਵੱਧ ਅਧਿਕਾਰ ਦਿਵਾਉਣ ਦੀ ਮੁਹਿੰਮ ਹੈ।

-PTC News

Related Post