ਦਿੱਲੀ ਚ ਦਿਲ ਦਹਿਲਾਉਣ ਵਾਲੀ ਘਟਨਾ ਦੇ 5 ਮੁਲਜ਼ਮ ਗ੍ਰਿਫ਼ਤਾਰ, LG ਦੀ ਪ੍ਰਤੀਕਿਰਿਆ ਵੀ ਆਈ ਸਾਹਮਣੇ
ਦਿੱਲੀ ਵਿਚ ਇਕ ਕਾਰ ਸਵਾਰ ਨੌਜਵਾਨਾਂ ਵੱਲੋਂ ਸਕੂਟੀ ਸਵਾਰ ਲੜਕੀ ਨੂੰ ਲਗਭਗ 4 ਕਿਲੋਮੀਟਰ ਘੜੀਸਣ ਮਗਰੋ ਮੌਤ ਹੋ ਜਾਣ ਦੀ ਚਹੁੰ ਪਾਸਿਓਂ ਨਿਖੇਧੀ ਹੋ ਰਹੀ ਹੈ। ਨੌਜਵਾਨਾਂ ਦੀ ਦਰਿੰਦਗੀ ਅਤੇ ਅਸੰਵੇਦਨਸ਼ੀਲਤਾ ਉਤੇ ਹਰ ਕੋਈ ਹੈਰਾਨ ਹੈ।
ਦਿੱਲੀ : ਦਿੱਲੀ ਦੇ ਬਾਹਰੀ ਇਲਾਕੇ 'ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਸ਼ਰਾਬ ਦੇ ਨਸ਼ੇ ਵਿੱਚ ਧੁੱਤ ਪੰਜ ਨੌਜਵਾਨਾਂ ਨੇ ਪਹਿਲਾਂ ਕਾਰ ਨਾਲ ਸਕੂਟੀ ਸਵਾਰ ਲੜਕੀ ਨੂੰ ਟੱਕਰ ਮਾਰੀ ਅਤੇ ਫਿਰ ਉਸ ਨੂੰ ਕਰੀਬ ਦਸ ਕਿਲੋਮੀਟਰ ਤੱਕ ਘੜੀਸਦੇ ਹੋਏ ਲੈ ਗਏ। ਲੜਕੀ ਕਾਰ ਵਿੱਚ ਬੁਰੀ ਤਰ੍ਹਾਂ ਫਸ ਗਈ ਸੀ। ਲੜਕੀ ਦੀ ਹਾਲਤ ਅਜਿਹੀ ਹੋ ਗਈ ਕਿ ਉਸ ਦੀਆਂ ਸਾਰੀਆਂ ਹੱਡੀਆਂ ਚਕਨਾਚੂਰ ਹੋ ਗਈਆਂ ਤੇ ਉਸ ਦੇ ਸਰੀਰ 'ਤੇ ਇਕ ਵੀ ਕੱਪੜਾ ਨਹੀਂ ਬਚਿਆ।
_65046ab1c8b9658393260fc6fff5b02d_1280X720.webp)
ਲੜਕੀ ਦੀਆਂ ਦੋਵੇਂ ਲੱਤਾਂ, ਸਿਰ ਅਤੇ ਸਰੀਰ ਦੇ ਹੋਰ ਹਿੱਸੇ ਬੁਰੀ ਤਰ੍ਹਾਂ ਕੁਚਲੇ ਗਏ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਸਮੇਤ ਪੂਰੀ ਦਿੱਲੀ ਪੁਲਿਸ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਸੜਕਾਂ 'ਤੇ ਤਾਇਨਾਤ ਸੀ। ਇਸ ਨੂੰ ਦੇਸ਼ ਦਾ ਸਭ ਤੋਂ ਦਰਦਨਾਕ ਸੜਕ ਹਾਦਸਾ ਦੱਸਿਆ ਜਾ ਰਿਹਾ ਹੈ। ਥਾਣਾ ਸੁਲਤਾਨਪੁਰੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਪੰਜਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰ ਕੀਤੇ ਗਏ ਗਏ ਮੁਲਜ਼ਮਾਂ ਦੀ ਪਛਾਣ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਮਨੋਜ ਮਿੱਤਲ ਵਜੋਂ ਹੋਈ ਹੈ। ਲੜਕੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਸੁਲਤਾਨਪੁਰੀ ਥਾਣੇ ਦੀ ਪੁਲਿਸ ਨੇ ਲਾਪਰਵਾਹੀ ਨਾਲ ਗੱਡੀ ਚਲਾਉਣ ਕਾਰਨ ਮੌਤ ਦਾ ਕੇਸ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਪੁਲਿਸ ਦੀ ਜਾਂਚ 'ਤੇ ਸਵਾਲ ਖੜ੍ਹੇ ਹੋ ਰਹੇ ਹਨ। ਲੜਕੀ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਹੀ ਸੀ।
ਘਟਨਾ ਸਬੰਧੀ ਲੜਕੀ ਦੇ ਮਾਮੇ ਨੇ ਨਿਰਭੈਆ ਕਾਂਡ ਵਰਗੀ ਘਟਨਾ ਵਾਪਰਨ ਦੇ ਖ਼ਦਸ਼ੇ ਕਾਰਨ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲੜਕੀ ਦੀ ਮਾਂ ਨੇ ਵੀ ਬੇਟੀ ਨਾਲ ਕੁਝ ਗਲਤ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਆਪਣੀ ਧੀ ਦੀ ਵਿਗੜੀ ਹੋਈ ਲਾਸ਼ ਦੇਖ ਕੇ ਉਸ ਦੀ ਹਾਲਤ ਵਿਗੜ ਗਈ ਤੇ ਉਹ ਹੇਠਾਂ ਡਿੱਗ ਪਈ।
ਦਿੱਲੀ ਦੇ LG ਵੀਕੇ ਸਕਸੈਨਾ ਨੇ ਕਿਹਾ ਕਿ ਉਹ "ਅਪਰਾਧੀਆਂ ਦੀ ਭਿਆਨਕ ਅਸੰਵੇਦਨਸ਼ੀਲਤਾ" ਤੋਂ ਹੈਰਾਨ ਹਨ। ਦਿੱਲੀ ਦੇ ਐੱਲ.ਜੀ. ਨੇ ਆਪਣੇ ਟਵੀਟ 'ਚ ਲਿਖਿਆ, ''ਅੱਜ ਸਵੇਰੇ ਕਾਂਝਵਾਲਾ-ਸੁਲਤਾਨਪੁਰੀ 'ਚ ਹੋਏ ਅਣਮਨੁੱਖੀ ਅਪਰਾਧ 'ਤੇ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ ਅਤੇ ਮੈਂ ਅਪਰਾਧੀਆਂ ਦੀ ਭਿਆਨਕ ਅਸੰਵੇਦਨਸ਼ੀਲਤਾ ਤੋਂ ਹੈਰਾਨ ਹਾਂ। ਉਨ੍ਹਾਂ ਨੇ ਕਿਹਾ ਕਿ ਉਹ ਪੁਲਿਸ ਕਮਿਸ਼ਨਰ ਦਿੱਲੀ ਨਾਲ ਨਿਗਰਾਨੀ ਕਰ ਰਹੇ ਹਨ ਅਤੇ ਦੋਸ਼ੀ ਨੂੰ ਫੜ ਲਿਆ ਗਿਆ ਹੈ। ਇਸ ਸਮੇਂ ਸਾਰੇ ਪਹਿਲੂਆਂ 'ਤੇ ਡੂੰਘਾਈ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ/ਮਦਦ ਯਕੀਨੀ ਬਣਾਈ ਜਾਵੇਗੀ।