ਪੰਜਾਬ ਪੁਲਿਸ ਦਾ 7.6 ਫੁੱਟ ਲੰਬਾ ਸਾਬਕਾ ਪੁਲਿਸ ਕਾਂਸਟੇਬਲ ਹੈਰੋਇਨ ਸਮੇਤ ਗ੍ਰਿਫ਼ਤਾਰ

By  Jasmeet Singh December 15th 2023 01:57 PM -- Updated: December 15th 2023 03:32 PM

ਤਰਨਤਾਰਨ: ਪੰਜਾਬ ਪੁਲਿਸ ਦਾ 7.6 ਫੁੱਟ ਲੰਬਾ ਮਸ਼ਹੂਰ ਕਾਂਸਟੇਬਲ ਜਗਦੀਪ ਸਿੰਘ ਉਰਫ ਦੀਪ ਸਿੰਘ ਨੂੰ ਹੈਰੋਇਨ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ। ਦੀਪ ਸਿੰਘ ਦੀ ਇਹ ਗ੍ਰਿਫਤਾਰੀ ਪੰਜਾਬ ਦੇ ਤਰਨਤਾਰਨ ਤੋਂ ਹੋਈ ਹੈ। ਉਹ ਅਮਰੀਕਾ ਦੇ ਗੋਟ ਟੈਲੇਂਟ ਵਿੱਚ ਵੀ ਪ੍ਰਦਸਰਸ਼ਨ ਕਰ ਚੁੱਕਾ ਹੈ। 

ਕਾਬਲੇਗੌਰ ਹੈ ਕਿ ਦੀਪ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਆਪਣੀ ਨੌਕਰੀ ਛੱਡ ਚੁੱਕੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਪਰਿਵਾਰਕ ਕਾਰਨਾਂ ਦਾ ਹਵਾਲਾ ਦੇ ਕੇ ਨੌਕਰੀ ਛੱਡ ਦਿੱਤੀ ਸੀ। 7.6 ਫੁੱਟ ਦੇ ਆਪਣੇ ਕੱਦ ਕਾਰਨ ਉਨ੍ਹਾਂ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਕਾਫ਼ੀ ਮਸ਼ਹੂਰੀ ਖੱਟੀ ਹੈ। ਦੱਸ ਦੇਈਏ ਕਿ ਦੀਪ ਨੇ ਕੁਝ ਸਮੇਂ ਬਾਅਦ ਹੀ ਮੁੜ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਹੈਰੋਇਨ ਸਮੇਤ ਫੜੇ ਗਏ ਹਨ।

ਦਰਅਸਲ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ 500 ਗ੍ਰਾਮ ਹੈਰੋਇਨ ਦੀ ਸਪੁਰਦਗੀ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਤਰਨਤਾਰਨ 'ਚ ਇੱਕ ਖੂਫ਼ੀਆ ਆਪ੍ਰੇਸ਼ਨ ਚਲਾਇਆ ਸੀ। ਇਸ ਦੌਰਾਨ ਦੀਪ ਸਿੰਘ ਆਪਣੀ ਬੋਲੈਰੋ ਕਾਰ ਵਿੱਚ ਉੱਥੇ ਆ ਪਹੁੰਚਿਆ। ਪੁਲਿਸ ਮੁਲਾਜ਼ਮਾਂ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਦੀਪ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੌਰਾਨ ਦੀਪ ਦੇ ਦੋ ਹੋਰ ਸਾਥੀ ਵੀ ਉਸ ਦੇ ਨਾਲ ਸਨ, ਜਿਨ੍ਹਾਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਹੈ।

ਦੱਸ ਦੇਈਏ ਕਿ ਪੁਰਾਣਾ ਪੁਲਿਸ ਮੁਲਾਜ਼ਮ ਹੋਣ ਕਰ ਕੇ ਦੀਪ ਸਿੰਘ ਨੂੰ ਕਦੇ ਵੀ ਚੌਕੀਆਂ 'ਤੇ ਪੁੱਛਗਿੱਛ ਲਈ ਨਹੀਂ ਰੋਕਿਆ ਗਿਆ ਹੈ। ਉਹ ਹੈਰੋਇਨ ਦੀ ਤਸਕਰੀ ਲਈ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਸੀ। ਫਿਲਹਾਲ ਉਸ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਕੀਤੀਆਂ ਤਸਕਰੀ ਦੇ ਵੇਰਵੇ ਵੀ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਲਦ ਹੀ ਪੁਲਿਸ ਦੀਪ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

Related Post