ਪਿੰਡ ਲੋਹਟਬੱਦੀ ਦੀ 25 ਸਾਲਾ ਲੜਕੀ ਦੀ ਕੈਨੇਡਾ ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੇ ਮਾਮਲੇ ਥੰਮਦੇ ਨਜ਼ਰ ਨਹੀਂ ਆ ਰਹੇ

By  Amritpal Singh July 12th 2024 07:19 PM

Punjab News: ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੇ ਮਾਮਲੇ ਥੰਮਦੇ ਨਜ਼ਰ ਨਹੀਂ ਆ ਰਹੇ, ਜਿੱਥੇ ਪਿਛਲੇ ਕੁਝ ਲੰਮੇ ਸਮੇਂ ਤੋਂ ਇਨ੍ਹਾਂ ਮਾਮਲਿਆਂ ਵਿੱਚ ਕਾਫੀ ਵਾਧਾ ਆਇਆ ਹੈ ਜੋ ਸਮੁੱਚੇ ਪੰਜਾਬੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਹੈ। 

ਅਜਿਹੇ ਹੀ ਮਾਮਲਿਆਂ ਦੇ ਚਲਦੇ ਹੁਣ ਮੰਦਭਾਗੀ ਖਬਰ ਆਈ ਹੈ ਕਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਜਿੱਥੇ ਰਾਏਕੋਟ ਦੇ ਪਿੰਡ ਲੋਹਟਬੱਦੀ ਦੀ ਲੜਕੀ ਤਨਵੀਰ ਕੌਰ (25) ਪੁਤਰੀ ਰਣਜੀਤ ਸਿੰਘ ਮੰਡ ਜੋ ਆਪਣੇ ਸੁਨਹਿਰੇ ਭਵਿੱਖ ਲਈ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਉੱਚ ਵਿਦਿਆ ਪ੍ਰਾਪਤ ਕਰਨ ਗਈ ਸੀ ਪ੍ਰੰਤੂ ਬੀਤੇ ਕੱਲ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਨਵੀਰ ਕੌਰ ਜੋ ਅੱਜ ਤੋਂ ਕਰੀਬ 11 ਮਹੀਨੇ ਪਹਿਲਾਂ ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿਖੇ ਪੜ੍ਹਾਈ ਲਈ ਗਈ ਸੀ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਤਨਵੀਰ ਕੌਰ ਨਾਲ ਅਕਸਰ ਉਹਨਾਂ ਦੀ ਫੋਨ ਉੱਪਰ ਗੱਲ ਹੁੰਦੀ ਰਹਿੰਦੀ ਸੀ ਜਿੱਥੇ ਉਹ ਸਭ ਠੀਕ ਠਾਕ ਦੱਸਦੀ ਸੀ ਪ੍ਰੰਤੂ ਬੀਤੇ ਕੱਲ ਜਦੋਂ ਉਹਨਾਂ ਨੇ ਉਸ ਨੂੰ ਫੋਨ ਕੀਤਾ ਤਾਂ ਉਸਨੇ ਫੋਨ ਨਾ ਚੱਕਿਆ, ਬਾਰ-ਬਾਰ ਫੋਨ ਕਰਨ ਤੇ ਉਸ ਦੀਆਂ ਸਹੇਲੀਆਂ ਨੇ ਫੋਨ ਚੱਕ ਕੇ ਦੱਸਿਆ ਕਿ ਤਨਵੀਰ ਦੀ ਸਿਹਤ ਅਚਾਨਕ ਹੀ ਖਰਾਬ ਹੋ ਗਈ ਜਿਸ ਕਰਕੇ ਉਸਨੂੰ ਐਡਮਿੰਟਨ ਦੇ ਹਸਪਤਾਲ ਵਿਖੇ ਇਲਾਜ ਲਈ ਲਜਾਇਆ ਗਿਆ ਹੈ। ਪਰ ਅੱਜ ਸਵੇਰੇ ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਇਹ ਮੰਦਭਾਗੀ ਖਬਰ ਦਿੱਤੀ ਕਿ ਤਨਵੀਰ ਕੌਰ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਇਹ ਪਰਿਵਾਰ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਸੀ ਉਨਾਂ ਮੰਗ ਕੀਤੀ ਕਿ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਤਨਵੀਰ ਕੌਰ ਦੀ ਮ੍ਰਿਤਕ ਦੇਹ ਉਹਨਾਂ ਦੇ ਪਿੰਡ ਲਿਆਉਣ ਵਿੱਚ ਸਹਿਯੋਗ ਕਰਨ ਤਾਂ ਕਿ ਉਸਦੀਆਂ ਅੰਤਿਮ ਰਸਮਾਂ ਪਰਿਵਾਰ ਵੱਲੋਂ ਪੂਰੀਆਂ ਕੀਤੀਆਂ ਜਾ ਸਕਣ। 


Related Post