102 ਯਾਤਰੀ ਲੈ ਕੇ ਜਾ ਰਹੇ ਜਹਾਜ਼ ਦੀ ਟਰੱਕ ਨਾਲ ਹੋਈ ਟੱਕਰ, ਸਕਿੰਟਾਂ 'ਚ ਲੱਗੀ ਭਿਆਨਕ ਅੱਗ, ਖੌਫ਼ਨਾਕ ਵੀਡੀਓ ਆਈ ਸਾਹਮਣੇ

By  Ravinder Singh November 19th 2022 09:33 AM -- Updated: November 19th 2022 09:47 AM

ਪੇਰੂ : ਪੇਰੂ 'ਚ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਵੱਡਾ ਹਾਦਸਾ ਵਾਪਰ ਗਿਆ। ਇੱਥੋਂ ਦੇ ਲੀਮਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਰਨਵੇਅ 'ਤੇ ਇੱਕ ਜਹਾਜ਼ ਫਾਇਰ ਬ੍ਰਿਗੇਡ ਦੇ ਟਰੱਕ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੱਕ ਦੇ ਪਰਖੱਚੇ ਉੱਡ ਗਏ ਅਤੇ ਜਹਾਜ਼ ਵੀ ਨੁਕਸਾਨਿਆ ਗਿਆ। ਹਾਦਸੇ ਵਿੱਚ ਟਰੱਕ ਵਿੱਚ ਸਵਾਰ ਦੋ ਫਾਇਰ ਕਰਮੀਆਂ ਦੀ ਮੌਤ ਹੋ ਗਈ। ਸ਼ੁਕਰ ਹੈ ਕਿ ਜਹਾਜ਼ ਵਿਚ ਸਵਾਰ ਸਾਰੇ 102 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਸ ਖ਼ਤਰਨਾਕ ਘਟਨਾ ਦਾ ਇੱਕ ਖ਼ੌਫ਼ਨਾਕ ਵੀਡੀਓ ਵੀ ਸਾਹਮਣੇ ਆਇਆ ਹੈ।


ਜਾਣਕਾਰੀ ਮੁਤਾਬਕ LATAM ਏਅਰਲਾਈਨਜ਼ ਦਾ ਇੱਕ ਯਾਤਰੀ ਜਹਾਜ਼ ਲੀਮਾ ਏਅਰਪੋਰਟ 'ਤੇ ਟੇਕ-ਆਫ ਲਈ ਰਨਵੇਅ 'ਤੇ ਸੀ। ਜਹਾਜ਼ ਉਡਾਣ ਭਰਨ ਹੀ ਵਾਲਾ ਸੀ ਕਿ ਉਲਟ ਦਿਸ਼ਾ ਤੋਂ ਆ ਰਹੇ ਇਕ ਟਰੱਕ ਨਾਲ ਟਕਰਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਵਾਈ ਅੱਡੇ 'ਤੇ ਉਡਾਣਾਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ ਅਤੇ ਏਅਰਬੱਸ A320neo ਦੇ ਸਾਰੇ ਯਾਤਰੀਆਂ ਤੇ ਚਾਲਕ ਦਲ ਦੀ ਦੇਖਭਾਲ ਕੀਤੀ ਜਾ ਰਹੀ ਹੈ।



ਟੱਕਰ ਮਗਰੋਂ ਜਹਾਜ਼ ਨੂੰ ਲੱਗੀ ਭਿਆਨਕ ਅੱਗ

ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ LATAM ਏਅਰਲਾਈਨਜ਼ ਦੇ ਜਹਾਜ਼ ਨੂੰ ਟਰੱਕ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ। ਹਾਲਾਂਕਿ ਜਹਾਜ਼ ਵਿਚ ਸਵਾਰ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੂਜੇ ਪਾਸੇ ਫਾਇਰ ਡਿਪਾਰਟਮੈਂਟ ਦੇ ਜਨਰਲ ਕਮਾਂਡਰ ਲੁਈਸ ਪੋਂਸ ਨੇ ਕਿਹਾ ਹੈ ਕਿ ਦੋ ਫਾਇਰ ਮੁਲਾਜ਼ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੇ ਸਮੇਂ ਜਹਾਜ਼ ਅਤੇ ਟਰੱਕ ਦੋਵੇਂ ਤੇਜ਼ ਰਫਤਾਰ 'ਚ ਸਨ।

ਇਹ ਵੀ ਪੜ੍ਹੋ : ਬੰਦੂਕ-ਸੱਭਿਆਚਾਰ ਨੂੰ ਠੱਲ੍ਹ ਪਾਉਣ ਸਬੰਧੀ ਸੂਬੇ 'ਚ ਮੌਜੂਦਾ ਅਸਲਾ ਲਾਇਸੰਸਾਂ ਦਾ ਜਾਇਜ਼ਾ ਲੈਣ ਸਬੰਧੀ ਹੁਕਮ ਜਾਰੀ

ਪੇਰੂ ਦੇ ਰਾਸ਼ਟਰਪਤੀ ਪੇਡਰੋ ਕਾਸਟੀਲੋ ਨੇ ਦੋ ਫਾਇਰਫਾਈਟਰਾਂ ਦੀ ਮੌਤ 'ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਆਪਣੇ ਇੱਕ ਟਵੀਟ ਵਿੱਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਜਤਾਈ ਹੈ। ਜਾਣਕਾਰੀ ਮੁਤਾਬਕ ਲੀਮਾ ਏਅਰਪੋਰਟ ਤੋਂ ਇਹ ਫਲਾਈਟ ਜੂਲੀਆਕਾ ਸ਼ਹਿਰ ਵੱਲ ਜਾ ਰਹੀ ਸੀ।

Related Post