ਅਕਾਲੀ ਵਰਕਰਾਂ ਖਿਲਾਫ ਝੂਠੇ ਕੇਸ ਦਾਇਰ ਕਰਕੇ AAP ਨੇ ਆਪਣੀ ਹਾਰ ਕਬੂਲੀ : MP ਹਰਸਿਮਰਤ ਕੌਰ ਬਾਦਲ

MP Harsimrat Kaut Badal : ਸਰਦਾਰਨੀ ਬਾਦਲ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੀ ਲੜਾਈ ਸੱਚਾਈ ਤੇ ਝੂਠ ਵਿਚਾਲੇ ਲੜਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਤੁਹਾਡੇ ਨਾਲ ਲਗਾਤਾਰ ਧੋਖਾ ਕੀਤਾ ਹੈ। ਇਹਨਾਂ ਵਿਚੋਂ ਕੋਈ ਵੀ ਪਾਰਟੀ ਹਾਲ ਹੀ ਵਿਚ ਤਬਾਹੀ ਭਰੇ ਹੜ੍ਹਾਂ ਵਿਚ ਤੁਹਾਡੀ ਮਦਦ ਵਾਸਤੇ ਨਹੀਂ ਨਿੱਤਰੀ।

By  KRISHAN KUMAR SHARMA October 27th 2025 06:39 PM -- Updated: October 27th 2025 06:45 PM

TarnTaran ByElection News : ਸੀਨੀਅਰ ਅਕਾਲੀ ਆਗੂ ਸਰਦਾਰਨੀ ਹਰਸਿਮਰਤ ਕੌਰ ਬਾਦਲ (MP Harsimrat Kaur Badal) ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਦੀ ਧੀ ਕੰਚਨਪ੍ਰੀਤ ਕੌਰ ਅਤੇ ਹੋਰ ਅਕਾਲੀ ਆਗੂਆਂ ਖਿਲਾਫ ਝੂਠੇ ਕੇਸ ਦਰਜ ਕਰ ਕੇ ਆਪਣੀ ਹਾਰ ਕਬੂਲ ਲਈ ਹੈ।

ਇਥੇ ਪਾਰਟੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ  ਵੱਖ ਵੱਖ ਪਿੰਡਾਂ ਛੀਨਾ ਬਿਧੀ ਚੰਦ, ਮਾਹਣੋ ਮੱਲੀਆਂ, ਬੁਰਜ, ਰਾਮ ਰੌਣੀ ਛਿਛਰੇਵਾਲ ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਰਮੀ ਫੌਜੀ ਦੇ ਪਰਿਵਾਰ ਦੀ ਹਮਾਇਤ ਕਰਨ ਜੋ ਸਮਾਜ ਸੇਵਾ ਲਈ ਦ੍ਰਿੜ੍ਹ ਸੰਕਲਪ ਹੈ, ਜਦੋਂ ਕਿ ਦੂਜੇ ਪਾਸੇ ’ਗੱਦਾਰ’ ਅਤੇ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਹੈ, ਜੋ ਪ੍ਰਚਾਰ ਵਾਲੀਆਂ ਗੱਡੀਆਂ ਨਾਲ ਲਟਕ ਕੇ ਸੱਤਾ ’ਤੇ ਚੜ੍ਹਨਾ ਚਾਹੁੰਦਾ ਹੈ।

ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਦਿੱਲੀ ਆਧਾਰਿਤ ਸਾਰੀਆਂ ਪਾਰਟੀਆਂ ਇਕਜੁੱਟ ਹਨ ਤੇ ਅਕਾਲੀ ਦਲ ਦੇ ਖਿਲਾਫ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਖੇਤਰੀ ਪਾਰਟੀ ਦੀ ਹਮਾਇਤ ਕਰ ਕੇ ਪੰਜਾਬ ਵਿਰੋਧੀ ਸਾਰੀਆਂ ਤਾਕਤਾਂ ਨੂੰ ਸਪਸ਼ਟ ਸੰਦੇਸ਼ ਦੇਣ ਜੋ ਕਿ ਸੌੜੇ ਸਿਆਸੀ ਹਿੱਤਾਂ ਲਈ ਪੰਜਾਬੀਆਂ ਨੂੰ ਵੰਡਣ ’ਤੇ ਤੁਲੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਦੀ ਹਾਂ ਕਿ ਉਹ ਚੋਣ ਲੜ ਰਹੀਆਂ ਸਾਰੀਆਂ ਪਾਰਟੀਆਂ ਦਾ ਮੁਲਾਂਕਣ ਕਰਨ। ਉਹਨਾਂ ਕਿਹਾ ਕਿ ਤੁਸੀਂ ਵੇਖਿਆ ਹੈ ਕਿ ਪਿਛਲੀ ਕਾਂਗਰਸ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਤੋਂ ਭੱਜ ਗਈ। ਆਪ ਸਰਕਾਰ ਤਾਂ ਕਿਸਾਨਾਂ ਨੂੰ ਮੁਆਵਜ਼ਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੋਂ ਮੁਕਰ ਗਈ ਜਦੋਂ ਕਿ ਸੂਬੇ ਵਿਚ ਕਾਨੂੰਨ ਹੀਣਤਾ ਤੁਹਾਡੇ ਸਾਹਮਣੇ ਹੈ।

ਸਰਦਾਰਨੀ ਬਾਦਲ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੀ ਲੜਾਈ ਸੱਚਾਈ ਤੇ ਝੂਠ ਵਿਚਾਲੇ ਲੜਾਈ ਹੈ। ਉਹਨਾਂ ਕਿਹਾ ਕਿ ਕਾਂਗਰਸ ਤੇ ਆਪ ਨੇ ਤੁਹਾਡੇ ਨਾਲ ਲਗਾਤਾਰ ਧੋਖਾ ਕੀਤਾ ਹੈ। ਇਹਨਾਂ ਵਿਚੋਂ ਕੋਈ ਵੀ ਪਾਰਟੀ ਹਾਲ ਹੀ ਵਿਚ ਤਬਾਹੀ ਭਰੇ ਹੜ੍ਹਾਂ ਵਿਚ ਤੁਹਾਡੀ ਮਦਦ ਵਾਸਤੇ ਨਹੀਂ ਨਿੱਤਰੀ। ਉਹਨਾਂ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਕਿਸਾਨਾਂ ਦੀ ਮਦਦ ਵਾਸਤੇ ਨਿਤਰਿਆ ਅਤੇ ਇਕ ਲੱਖ ਏਕੜ ਜ਼ਮੀਨ ਵਾਸਤੇ ਕਣਕ ਦੇ ਸਰਟੀਫਾਈਡ ਬੀਜ ਪ੍ਰਦਾਨ ਕਰ ਰਿਹਾ ਹੈ।

ਬਠਿੰਡਾ ਦੇ ਐਮਪੀ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਨੇ ਪੰਜਾਬ ਦੀਆਂ ਔਰਤਾਂ ਨਾਲ ਝੂਠੇ ਵਾਅਦੇ ਕੀਤੇ ਤੇ ਫਿਰ ਉਹਨਾਂ ਨੂੰ ਧੋਖਾ ਦਿੱਤਾ। ਉਹਨਾਂ ਕਿਹਾ ਕਿ ਸਾਰੀਆਂ ਔਰਤਾਂ ਨੂੰ ਆਪ ਦੇ ਨੁਮਾਇੰਦਿਆਂ ਨੂੰ ਆਖਣਾ ਚਾਹੀਦਾ ਹੈ ਕਿ ਉਹ ਉਹਨਾਂ ਦੀਆਂ ਵੋਟਾਂ ਮੰਗਣ ਤੋਂ ਪਹਿਲਾਂ ਉਹਨਾਂ ਦੇ ਖਾਤਿਆਂ ਵਿਚ 45000 ਰੁਪਏ ਜਮ੍ਹਾਂ ਕਰਵਾਓ ਕਿਉਂਕਿ ਉਹਨਾਂ ਨੇ ਚਾਰ ਸਾਲ ਪਹਿਲਾਂ ਉਹਨਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ।

ਸਰਦਾਰਨੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਆਪਣੀ ਸਰਕਾਰ ਵੇਲੇ ਸਰਹੱਦੀ ਪੱਟੀ ਵਿਚ ਵੱਖ-ਵੱਖ ਵਿਕਾਸ ਸਕੀਮਾਂ ਲਾਗੂ ਕੀਤੀਆਂ। ਉਹਨਾਂ ਕਿਹਾ ਕਿ ਪਾਰਟੀ ਨੇ ਹੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ਵਿਚ ਖੇਤਰੀ ਕਰਦੇ ਕਿਸਾਨਾਂ ਨੂੰ ਮੁਆਵਜ਼ਾ ਪ੍ਰਦਾਨ ਕੀਤਾ। ਇਸਨੇ ਹੀ ਲਿੰਕ ਸੜਕਾਂ ਦਾ ਨੈਟਵਰਕ ਵਿਛਾਇਆ ਤੇ ਮੰਡੀਆਂ ਬਣਵਾਈਆਂ ਅਤੇ ਆਟਾ-ਦਾਲ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਲਾਗੂ ਕੀਤੀਆਂ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਇਹ ਸਾਰੀਆਂ ਸਮਾਜ ਭਲਾਈ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਜਾਂ ਫਿਰ ਇਹਨਾਂ ਵਿਚ ਬਹੁਤ ਵੱਡੀ ਕਟੌਤੀ ਕਰ ਦਿੱਤੀ। ਉਹਨਾਂ ਕਿਹਾ ਕਿ ਇਸ ਕਾਰਨ ਸਮਾਜ ਦੇ ਗਰੀਬ ਤੇ ਅਣਗੌਲੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਝੱਲਣੀਆਂ ਪਈਆਂ।

Related Post