AAP ਲੀਡਰਸ਼ਿਪ ਸੂਬੇ ’ਚ ਗੈਂਗਸਟਰਾਂ ਦੀ ਕਰ ਰਹੀ ਹੈ ਪੁਸ਼ਤਪਨਾਹੀ ,ਜਿਸ ਕਾਰਨ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ : ਅਕਾਲੀ ਦਲ

Shiromani Akali Dal News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ’ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਆਪ ਸਰਕਾਰ ਸੂਬੇ ਵਿਚ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਰਹੀ ਹੈ ਜਿਸ ਕਾਰਨ ਸੂਬੇ ਦੇ ਮੌਜੂਦਾ ਮਾੜੇ ਹਾਲਾਤ ਬਣੇ ਹੋਏ ਹਨ। ਪਾਰਟੀ ਨੇ ਮੰਗ ਕੀਤੀ ਕਿ ਭਗਵੰਤ ਮਾਨ ਪੰਜਾਬ ਵਿਚ ਹਿੰਸਾ ਨੂੰ ਨਕੇਲ ਪਾਉਣ ਲਈ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫਾ ਦੇਣ

By  Shanker Badra November 19th 2025 06:34 PM

Shiromani Akali Dal News : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਿਚ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ’ਤੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਦੋਸ਼ ਲਾਇਆ ਕਿ ਆਪ ਸਰਕਾਰ ਸੂਬੇ ਵਿਚ ਗੈਂਗਸਟਰਾਂ ਦੀ ਪੁਸ਼ਤਪਨਾਹੀ ਕਰਰਹੀ  ਹੈ ਜਿਸ ਕਾਰਨ ਸੂਬੇ ਦੇ ਮੌਜੂਦਾ ਮਾੜੇ ਹਾਲਾਤ ਬਣੇ ਹੋਏ ਹਨ। ਪਾਰਟੀ ਨੇ ਮੰਗ ਕੀਤੀ ਕਿ ਭਗਵੰਤ ਮਾਨ ਪੰਜਾਬ ਵਿਚ ਹਿੰਸਾ ਨੂੰ ਨਕੇਲ ਪਾਉਣ ਲਈ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫਾ ਦੇਣ।

ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਬੀਤੇ 48 ਘੰਟਿਆਂ ਵਿਚ ਗੋਲੀਬਾਰੀ ਦੀਆਂ ਚਾਰ ਪ੍ਰਮੁੱਖ ਘਟਨਾਵਾਂ ਵਾਪਰ ਚੁੱਕੀਆਂ ਹਨ ਜਿਹਨਾਂ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਦਰਜਨ ਦੇ ਕਰੀਬ ਗੰਭੀਰ ਜ਼ਖ਼ਮੀ ਹੋ ਗਏ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਬੱਸ ਸਟੈਂਡ ’ਤੇ ਗੋਲੀਬਾਰੀ ਵਿਚ ਇਕ ਵਿਅਕਦੀ ਮਾਰਿਆ ਗਿਆ, ਛੇਹਰਟਾ ਵਿਚ ਪੈਰੋਲ ’ਤੇ ਆਇਆ ਇਕ ਵਿਅਕਤੀ ਮਾਰਿਆ ਗਿਆ, ਇਸੇ ਸ਼ਹਿਰ ਦੀ ਮਾਰਕੀਟ ਵਿਚ ਇਕ ਵਿਅਕਤੀ ਗੋਲੀ ਨਾਲ ਮਾਰਿਆ ਗਿਆ ਅਤੇ ਬੰਗਾ ਬੱਸ ਸਟੈਂਡ ’ਤੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਮਾਰਿਆ ਗਿਆ ਤੇ ਚਾਰ ਹੋਰ ਜ਼ਖ਼ਮੀ ਹੋ ਗਏ।

ਉਹਨਾਂ ਚੇਤੇ ਕਰਵਾਇਆ ਕਿ ਹਰ ਪੰਜਾਬੀ ਨੂੰ ਯਾਦ ਹੈ ਕਿ ਪ੍ਰਸਿੱਧ ਗਾਇਬ ਸਿੱਧੂ ਮੂਸੇਵਾਲਾ ਦਾ ਕਤਲ ਕਿਵੇਂ ਹੋਇਆ, ਅਬੋਹਰ ਤੇ ਬਠਿੰਡਾ ਵਿਚ ਪ੍ਰਮੁੱਖ ਕਬੱਡੀ ਖਿਡਾਰੀਆਂ ਤੇ ਵਪਾਰੀਆਂ ਦਾ ਕਿਵੇਂ ਕਤਲ ਹੋਇਆ ਅਤੇ ਪੰਜਾਬ ਵਿਚ ਹਿੰਸਾ ਦੀਆਂ ਹੋਰ ਪ੍ਰਮੁੱਖ ਘਟਨਾਵਾਂ ਆਪ ਦੇ ਚਾਰ ਸਾਲਾਂ ਦੇ ਰਾਜਕਾਲ ਵਿਚ ਕਿਵੇਂ ਵਾਪਰੀਆਂ। ਅਕਾਲੀ ਆਗੂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਨੇ ਹੀ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੰਜਾਬ ਪੁਲਿਸ ਹਿਰਾਸਤ ਵਿਚ ਇੰਟਰਵਿਊ ਕਰਵਾਈ ਅਤੇ ਇਹ ਸੱਚਾਈ ਹਾਈ ਕੋਰਟ ਦੇ ਹੁਕਮਾਂ ’ਤੇ ਐਸਆਈਟੀ ਵੱਲੋਂ ਕੀਤੀ ਜਾਂਚ ਵਿਚ ਸਾਹਮਣੇ ਆਈ। ਉਹਨਾਂ ਹੋਰ ਦੱਸਿਆ ਕਿ ਹਰ ਕਿਸੇ ਨੂੰ ਚੇਤੇ ਹੈ ਕਿ ਕਿਵੇਂ ਮਾਨਸਾ ਪੁਲਿਸ ਦੀ ਹਿਰਾਸਤ ਵਿਚੋਂ ਗੈਂਗਸਟਰ ਦੀਪ ਟੀਨੂੰ ਭੱਜਿਆ ਸੀ ਤੇ ਕਿਵੇਂ ਗੈਂਗਸਟਰਾਂ ਦੀਆਂ ਮਹਿਲਾ ਮਿੱਤਰਾਂ ਨੂੰ ਹਿਰਾਸਤ ਦੌਰਾਨ ਉਹਨਾਂ ਨੂੰ ਮਿਲਾਉਣ ਲਈ ਲਿਜਾਇਆ ਜਾਂਦਾ ਰਿਹਾ ਸੀ। 

ਰੋਮਾਣਾ ਨੇ ਕਿਹਾ ਕਿ ਮੋਬਾਈਲ ਫੋਨ ਤੋਂ ਲੈ ਕੇ ਇੰਟਰਨੈਟ ਤੱਕ ਪੰਜਾਬ ਦੀਆਂ ਜੇਲ੍ਹਾਂ ਵਿਚ ਗੈਂਗਸਟਰਾਂ ਨੂੰ ਹਰ ਸਹੂਲਤ ਦਿੱਤੀ ਜਾ ਰਹੀ ਹੈ ਤੇ ਇਹ ਜੇਲ੍ਹਾਂ ਉਹਨਾਂ ਲਈ ਸੁਰੱਖਿਅਤ ਪਨਾਹਗਾਹ ਬਣੀਆਂ ਹੋਈਆਂ ਹਨ। ਉਹਨਾਂ ਦਾਅਵਾ ਕੀਤਾ ਕਿ ਦੋਆਬਾ ਖੇਤਰ ਦੇ ਚਾਰ ਆਪ ਵਿਧਾਇਕਾਂ ਦੇ ਗੈਂਗਸਟਰਾਂ ਨਾਲ ਸੰਬੰਧ ਹਨ ਅਤੇ ਉਹਨਾਂ ਦੀ ਫਿਰੌਤੀਆਂ ਵਿਚ ਭੂਮਿਕਾ ਲੋਕਾਂ ਦੇ ਸਾਹਮਣੇ ਹੈ। ਉਹਨਾਂ ਦੋਸ਼ ਲਾਇਆ ਕਿ ਆਪ ਲੀਡਰਸ਼ਿਪ ਵਿਰੋਧੀ ਧਿਰ ਦੇ ਆਗੂਆਂ ’ਤੇ ਗੈਂਗਸਟਰਾਂ ਨਾਲ ਸੰਬੰਧ ਹੋਣ ਦੇ ਆਧਾਰਹੀਣ ਦੋਸ਼ ਲਗਾ ਰਹੇ ਹਨ ,ਜਿਸਦਾ ਮਕਸਦ ਕਾਨੂੰਨ ਵਿਵਸਥਾ ਦੇ ਮੁਹਾਜ਼ ’ਤੇ ਸਰਕਾਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।

ਉਹਨਾਂ ਕਿਹਾ ਕਿ ਆਪ ਨੇ ਹਾਲ ਹੀ ਵਿਚ ਤਰਨ ਤਾਰਨ ਜ਼ਿਮਨੀ ਚੋਣ ਜਿੱਤਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਰੰਜ ਕੇ ਦੁਰਵਰਤੋਂ ਕੀਤੀ ਅਤੇ ਚੋਣ ਪ੍ਰਕਿਰਿਆ ਦੌਰਾਨ ਤੇ ਉਸ ਤੋਂ ਬਾਅਦ ਵੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੂੰ ਨਿਸ਼ਾਨਾ ਬਣਾਉਣ ਦੀ ਮੁਹਿੰਮ ਵਿੱਢੀ ਗਈ। ਉਹਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਚੋਣ ਕਮਿਸ਼ਨ ਨੇ ਐਸ ਐਸ ਪੀ ਨੂੰ ਸਸਪੈਂਡ ਕਰ ਦਿੱਤਾ ਅਤੇ ਕਈ ਹੋਰ ਪੁਲਿਸ ਅਫਸਰ ਵੀ ਇਸ ਕਰ ਕੇ ਬਦਲੇ ਕਿਉਂਕਿ ਪੁਲਿਸ ਬੱਲ ਦੀ ਦੁਰਵਰਤੋਂ ਹੋ ਰਹੀ ਸੀ।

ਉਹਨਾਂ ਕਿਹਾ ਕਿ ਬਜਾਏ ਪੁਲਿਸ ਨੂੰ ਉਹਨਾਂ ਦੇ ਅਸਲ ਫਰਜ਼ ਨਿਭਾਉਣ ਵਾਸਤੇ ਤਾਇਨਾਤ ਕਰਨ ਦੇ ਪੁਲਿਸ ਦੀ ਡਿਊਟੀ ਸਿਆਸੀ ਵਿਰੋਧੀਆਂ ਨੂੰ ਡਰਾਉਣ ਤੇ ਧਮਕਾਉਣ ਵਾਸਤੇ ਲਗਾਈ ਗਈ।

ਸਰਦਾਰ ਰੋਮਾਣਾ ਨੇ ਚੇਤਾਵਨੀ ਦਿੱਤੀ ਕਿ ਅਮਨ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਕਾਰਨ ਪੰਜਾਬ ਤੋਂ ਉਦਯੋਗ ਹਿਜ਼ਰਤ ਕਰ ਰਿਹਾ ਹੈ, ਨੌਕਰੀਆਂ ਜਾ ਰਹੀਆਂ ਹਨ ਤੇ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ।

ਉਹਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਭਗਵੰਤ ਮਾਨ ਆਪਣੇ ਕਾਰਜਕਾਲ ਦੌਰਾਨ ਸੂਬੇ ਵਿਚ ਹਿੰਸਾ ਰੋਕਣ ਵਿਚ ਪੂਰੀ ਤਰ੍ਹਾਂ ਨਾਕਾਮ ਰਹਿਣ ਲਈ ਅਸਤੀਫਾ ਦੇਣ ਨਹੀਂ ਤਾਂ ਪੰਜਾਬ ਦੇ ਲੋਕ ਉਹਨਾਂ ਦੀ ਸਰਕਾਰ ਦਾ ਰਹਿੰਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋਣ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹਨਾਂ ਨੂੰ ਚਲਦਾ ਕੀਤਾ ਜਾ ਸਕੇ।

Related Post