SGPC ਵੱਲੋਂ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ’ਚ ਇੰਝ ਸਹਿਯੋਗੀ ਬਣੀ ਰਾਜਸਥਾਨ ਦੀ ਸੰਗਤ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣਦੇ ਹੋਏ ਰਾਜਸਥਾਨ ਦੀ ਸੰਗਤ ਵੱਲੋਂ 4 ਲੱਖ 51 ਹਜ਼ਾਰ ਰੁਪਏ ਅਤੇ ਵੱਡੀ ਮਾਤਰਾ ਵਿਚ ਰਸਦਾਂ ਭੇਜੀਆਂ ਗਈਆਂ ਹਨ।

By  Aarti July 27th 2023 07:22 PM

ਮਨਿੰਦਰ ਮੋਂਗਾ (ਅੰਮ੍ਰਿਤਸਰ, 27 ਜੁਲਾਈ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਸਹਿਯੋਗੀ ਬਣਦੇ ਹੋਏ ਰਾਜਸਥਾਨ ਦੀ ਸੰਗਤ ਵੱਲੋਂ 4 ਲੱਖ 51 ਹਜ਼ਾਰ ਰੁਪਏ ਅਤੇ ਵੱਡੀ ਮਾਤਰਾ ਵਿਚ ਰਸਦਾਂ ਭੇਜੀਆਂ ਗਈਆਂ ਹਨ। ਦੱਸ ਦਈਏ ਕਿ ਜ਼ਿਲ੍ਹਾ ਅਲਵਰ ਗੁਰਮਤਿ ਪ੍ਰਚਾਰ ਕਮੇਟੀ ਵੱਲੋਂ ਇਹ ਸੇਵਾ ਅਲਵਰ ਅਤੇ ਭਰਤਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ ਹੈ। 

'ਔਖੇ ਸਮੇਂ ’ਤੇ ਮਾਨਵਤਾ ਦੇ ਨਾਲ ਖੜ੍ਹਦੀ ਹੈ SGPC'

ਸ਼੍ਰੋਮਣੀ ਕਮੇਟੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਨਿਭਾਈਆਂ ਜਾ ਰਹੀਆਂ ਰਾਹਤ ਸੇਵਾਵਾਂ ਦੀ ਪ੍ਰਸ਼ੰਸਾ ਕਰਦਿਆਂ ਜ਼ਿਲ੍ਹਾ ਅਲਵਰ ਗੁਰਮਤਿ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ਼ਾਲੋਕ ਸਿੰਘ ਅਤੇ ਸਕੱਤਰ ਰਾਜਿੰਦਰ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਹਰ ਔਖੇ ਸਮੇਂ ’ਤੇ ਮਾਨਵਤਾ ਦੇ ਨਾਲ ਖੜ੍ਹਦੀ ਹੈ। ਇਸੇ ਨੂੰ ਵੇਖਦਿਆਂ ਰਾਜਸਥਾਨ ਦੇ ਜ਼ਿਲ੍ਹਾ ਅਲਵਰ ਅਤੇ ਭਰਤਪੁਰ ਦੀਆਂ ਸੰਗਤਾਂ ਨੇ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਵਾਸਤੇ ਸ਼੍ਰੋਮਣੀ ਕਮੇਟੀ ਰਾਹੀਂ ਸਹਿਯੋਗ ਦਾ ਫੈਸਲਾ ਕੀਤਾ ਹੈ। 

'17 ਟਨ ਦੇ ਕਰੀਬ ਰਸਦਾਂ ਲੋੜਵੰਦਾਂ ਤੱਕ ਭੇਜੀਆਂ'

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ਲਈ ਦਿੱਤੀ ਗਈ ਰਾਸ਼ੀ ਤੋਂ ਇਲਾਵਾ 17 ਟਨ ਦੇ ਕਰੀਬ ਰਸਦਾਂ ਲੋੜਵੰਦਾਂ ਤੱਕ ਭੇਜੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਵੱਲੋਂ ਸੁਝਾਅ ਅਨੁਸਾਰ ਇਹ ਰਸਦਾਂ ਸਿੱਧੇ ਤੌਰ ’ਤੇ ਪ੍ਰਭਾਵਤ ਇਲਾਕਿਆਂ ਵਿਚ ਭੇਜ ਦਿੱਤੀਆਂ ਗਈਆਂ ਹਨ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅਲਵਰ ਦੀਆਂ ਸੰਗਤਾਂ ਤੋਂ ਸਹਾਇਤਾ ਰਾਸ਼ੀ ਦਾ ਚੈੱਕ ਪ੍ਰਾਪਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸਿੱਖਾਂ ਨੇ ਕੁਦਰਤੀ ਆਫ਼ਤਾਂ ਸਮੇਂ ਮਾਨਵਤਾ ਨੂੰ ਪਹਿਲ ਦੇ ਅਧਾਰ ’ਤੇ ਸੇਵਾਵਾਂ ਦਿੱਤੀਆਂ ਹਨ।

'ਸੰਗਤਾਂ ਭਰਵਾਂ ਸਹਿਯੋਗ ਦੇ ਰਹੀਆਂ ਹਨ'

ਉਨ੍ਹਾਂ ਨੇ ਅੱਗੇ ਦੱਸਿਆ ਕਿ ਮੌਜੂਦਾ ਸਮੇਂ ਹੜਾਂ ਦੀ ਸਥਿਤੀ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਪਹਿਲੇ ਦਿਨ ਤੋਂ ਸ਼੍ਰੋਮਣੀ ਕਮੇਟੀ ਲੋਕਾਂ ਦੀ ਮਦਦ ਲਈ ਰਾਹਤ ਕਾਰਜ ਕਰ ਰਹੀ ਹੈ। ਇਸ ਵਿਚ ਸੰਗਤਾਂ ਭਰਵਾਂ ਸਹਿਯੋਗ ਦੇ ਰਹੀਆਂ ਹਨ। ਉਨ੍ਹਾਂ ਰਾਜਸਥਾਨ ਦੀਆਂ ਸੰਗਤਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਰਾਹਤ ਕਾਰਜਾਂ ਵਿਚ ਸਹਿਯੋਗੀ ਬਣਨ ਲਈ ਐਡਵੋਕੇਟ ਧਾਮੀ ਵੱਲੋਂ ਧੰਨਵਾਦ ਕੀਤਾ।

'ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ' 

ਇਸ ਮੌਕੇ ਉਚੇਚੇ ਤੌਰ ’ਤੇ ਪੁੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਨੇ ਹੜ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਅਪੀਲ ਕੀਤੀ।

ਇਹ ਵੀ ਪੜ੍ਹੋ: ਸਿੱਕਿਮ 'ਚ ਸਰਕਾਰੀ ਮਹਿਲਾ ਕਰਮਚਾਰੀਆਂ ਨੂੰ ਮਿਲੇਗਾ ਤੋਹਫਾ, 1 ਸਾਲ ਦੀ ਮੈਟਰਨਿਟੀ ਲੀਵ ਦਾ ਹੋਇਆ ਐਲਾਨ

Related Post