AAP ਦਾ ਵਰਕਰ ਬਣ ਕੇ ਕੰਮ ਕਰ ਰਹੇ ਗਿਆਨੀ ਰਘਬੀਰ ਸਿੰਘ, ਬਹਿਬਲ ਕਲਾਂ ਗੋਲੀਕਾਂਡ ਮਾਮਲੇ ਚ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਹਮਲਾ

Behbal Kalan Firing Incident : Sukhbir Badal ਨੇ ਸਰਕਾਰ ਨੂੰ ਸਿੱਧੀ ਅਤੇ ਖੁੱਲ੍ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਧਰਮ ਨੂੰ ਸਿਆਸਤ ਲਈ ਵਰਤਣਾ ਬੰਦ ਕੀਤਾ ਜਾਵੇ। ਜੇਕਰ ਹਿੰਮਤ ਹੈ ਤਾਂ ਸਿੱਧਾ ਮੇਰੇ ’ਤੇ ਕਾਰਵਾਈ ਕਰੋ, ਮੈਂ ਤੁਹਾਡੀਆਂ ਅਜਿਹੀਆਂ ਗਿੱਦੜ-ਧਮਕੀਆਂ ਤੋਂ ਕਿਸੇ ਵੀ ਕੀਮਤ ’ਤੇ ਡਰਨ ਵਾਲਾ ਨਹੀਂ ਹਾਂ।

By  KRISHAN KUMAR SHARMA June 11th 2026 01:59 PM -- Updated: June 11th 2026 07:06 PM

Behbal Kalan Firing Incident : ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਮਾਮਲੇ 'ਚ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ (SIT) ਕੋਲ ਬਿਆਨ ਦਰਜ ਕਰਵਾਏ ਹਨ। ਦੱਸ ਦਈਏ ਕਿ ਇਹ ਘਟਨਾਕ੍ਰਮ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਵਿਧਾਨ ਸਭਾ ਚੋਣਾਂ ਵਿੱਚ ਕੁੱਝ ਹੀ ਮਹੀਨੇ ਰਹਿ ਗਏ ਹਨ, ਜਿਸ ਤੋਂ ਸਿਆਸੀ ਮਾਹਰ ਇਸ ਨੂੰ ਸਿਆਸਤ ਨਾਲ ਵੀ ਜੋੜ ਕੇ ਵੇਖ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਘੇਰਦਿਆਂ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਵੱਜੋਂ ਕੰਮ ਕਰ ਰਹੇ ਹਨ।

ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਕਿ ਉਹ ਉਹਨਾਂ ਖਿਲਾਫ ਜਿੰਨੇ ਮਰਜ਼ੀ ਪਰਚੇ ਦਰਜ ਕਰ ਲੈਣ ਤੇ ਕਿਹਾ ਕਿ ਹੁਣ ਤਾਜ਼ਾ ਯਤਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮਿਲ ਕੇ ਸ਼ੁਰੂ ਕੀਤੇ ਗਏ ਹਨ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਨਾ ਤਾਂ ਮੈਨੂੰ ਆਪਣੇ ਖਿਲਾਫ ਕੇਸ ਦਰਜ ਹੋਣ ਦਾ ਡਰ ਹੈ ਤੇ ਨਾ ਹੀ ਮੈਨੂੰ ਜੇਲ੍ਹ ਜਾਣ ਦੀ ਪਰਵਾਹ ਹੈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਆਮ ਆਦਮੀ ਪਾਰਟੀ ਦੇ ਸਰਗਰਮ ਮੈਂਬਰ ਵਜੋਂ ਕੰਮ ਕਰਨ ਲੱਗ ਪਏ ਹਨ ਤੇ ਇਸੇ ਕਾਰਨ ਉਹ

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੇਰੇ ਵੱਲੋਂ ਬੋਲੇ ਸ਼ਬਦਾਂ ਅਤੇ ਵਿਅਕਤ ਕੀਤੀਆਂ ਭਾਵਨਾਵਾਂ ਨੂੰ ਤੋੜ ਮਰੋੜ ਕੇ ਗਲਤ ਢੰਗ ਨਾਲ ਪੇਸ਼ ਕਰ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਜਥੇਦਾਰ ਦੇ ਅਜਿਹੇ ਯਤਨ ਤਖ਼ਤ ਦੀ ਮਰਿਆਦਾ ਦੇ ਖਿਲਾਫ ਹਨ। ਉਨ੍ਹਾਂ ਸਾਬਕਾ ਜਥੇਦਾਰ 'ਤੇ ਇਲਜ਼ਾਮ ਲਾਇਆ ਕਿ ਇਹ ਆਮ ਆਦਮੀ ਪਾਰਟੀ ਦੇ ਮੈਂਬਰ ਬਣ ਗਏ ਹਨ।

ਭਾਖੜਾ ਡੈਮ 'ਚ ਅਣਕਿਆਸੇ ਪਾਣੀ ਦਾ ਪੱਧਰ ਵਧਣ 'ਦੇ ਘੇਰੀ ਮਾਨ ਸਰਕਾਰ 

ਸੁਖਬੀਰ ਸਿੰਘ ਬਾਦਲ ਨੇ ਭਾਖੜਾ ਡੈਮ ਵਿਚ ਪਾਣੀ ਦੇ ਪੱਧਰ ਵਿਚ ਹੋਏ ਅਣਕਿਆਸੇ ਵਾਧੇ ਦਾ ਨੋਟਿਸ ਲੈਂਦਿਆਂ ਕਿਹਾ ਕਿ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 21 ਫੁੱਟ ਵੱਧ ਹੈ ਤੇ 1578 ਫੁੱਟ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਤ ਦਾ ਨੋਟਿਸ ਨਹੀਂ ਲਿਆ ਅਤੇ ਮੌਨਸੂਨ ਦੀ ਆਮਦ ਤੋਂ ਪਹਿਲਾਂ ਬੀ ਬੀ ਐਮ ਬੀ ਅਧਿਕਾਰੀਆਂ ਕੋਲ ਸਮੇਂ ਸਿਰ ਪਾਣੀ ਛੱਡਣ ਦਾ ਮਾਮਲਾ ਨਹੀਂ ਚੁੱਕਿਆ।

ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਪਿਛਲੇ ਸਾਲ ਵੀ ਸਮੇਂ ਸਿਰ ਪਾਣੀ ਛੁਡਵਾਉਣ ਵਿਚ ਨਾਕਾਮ ਰਹੀ ਸੀ, ਜਿਸ ਕਾਰਨ ਹੜ੍ਹ ਆਏ ਸਨ ਤੇ ਪੰਜਾਬ ਵਿਚ ਲੱਖਾਂ ਏਕੜ ਵਿਚ ਝੋਨੇ ਦੀ ਫਸਲ ਤਬਾਹ ਹੋਈ ਸੀ ਤੇ ਕਿਸਾਨਾਂ ਦੀ ਜ਼ਿੰਦਗੀ ਬਰਬਾਦ ਹੋਈ ਸੀ। ਉਹਨਾਂ ਕਿਹਾ ਕਿ ਇਸ ਸਾਲ ਵੀ ਉਹੋ ਜਿਹੇ ਹਾਲਾਤ ਬਣ ਰਹੇ ਹਨ ਤੇ ਜੇਕਰ ਮੌਨਸੂਨ ਵਿਚ ਮੀਂਹ ਵੱਧ ਪੈ ਗਿਆ ਤਾਂ ਬੀ ਬੀ ਐਮ ਬੀ ਅਧਿਕਾਰੀ ਅਚਨਚੇਤ ਪਾਣੀ ਛੱਡਣ ਲਈ ਮਜਬੂਰ ਹੋਣਗੇ ਜਿਸ ਨਾਲ ਸੂਬੇ ਵਿਚ ਹੜ੍ਹ ਆਉਣਗੇ। ਉਹਨਾਂ ਕਿਹਾ ਕਿ ਮਾਲਵਾ ਖਿੱਤੇ ਦੀਆਂ ਵੱਡੀ ਗਿਣਤੀ ਵਿਚ ਡਰੇਨਾਂ ਸੁੱਕੀਆਂ ਪਈਆਂ ਹਨ ਤਾਂ ਆਪ ਸਰਕਾਰ ਨੂੰ ਭਾਖੜਾ ਡੈਮ ਤੋਂ ਸਮੇਂ ਸਿਰ ਪਾਣੀ ਛੱਡਣ ਦਾ ਮਾਮਲਾ ਬੀ ਬੀ ਐਮ ਬੀ ਕੋਲ ਚੁੱਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਅਣਸੁਖਾਵੀਂ ਘਟਨਾ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਮੰਤਰੀ ਵੱਲੋਂ ਫੋਕੀ ਸ਼ੋਹਰਤ ਖੱਟਣ ਤੇ ਸੂਬੇ ਵਿਚ ਵਾਟਰ ਸੈਸ ਖਤਮ ਕਰਨ ਦਾ ਪ੍ਰਚਾਰ ਕਰਨ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹ ਸੈਸ ਪਹਿਲਾਂ ਹੀ ਖ਼ਤਮ ਕਰ ਦਿੱਤਾ ਸੀ। ਉਹਨਾਂ ਨੇ ਪਟਿਆਲਾ ਵਿਚ ਅਪ੍ਰੈਂਟਿਸਿਸ ਲਾਈਨਮੈਂਨਾਂ ’ਤੇ ਬਹੁਤ ਹੀ ਬੇਰਹਿਮੀ ਨਾਲ ਕੀਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਪੰਜਾਬੀ ਅਜਿਹੇ ਤਾਨਾਸ਼ਾਹੀ ਫੈਸਲੇ ਪ੍ਰਵਾਨ ਨਹੀਂ ਕਰਨਗੇ ਅਤੇ 2027 ਦੀਆਂ ਚੋਣਾਂ ਵਿਚ ਆਪ ਨੂੰ ਕਰਾਰਾ ਸਬਕ ਸਿਖਾਉਣਗੇ।

14 ਅਕਤੂਬਰ 2015 ਨੂੰ ਵਾਪਰੀ ਸੀ ਘਟਨਾ

ਇਹ ਜ਼ਿਕਰਯੋਗ ਹੈ ਕਿ 14 ਅਕਤੂਬਰ, 2015 ਨੂੰ ਬਹਿਬਲ ਕਲਾਂ ਵਿੱਚ ਬੇਅਦਬੀ ਦੀਆਂ ਘਟਨਾਵਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਗੋਲੀਬਾਰੀ ਕੀਤੀ ਸੀ, ਜਿਸ ਦੇ ਨਤੀਜੇ ਵਜੋਂ ਦੋ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ। ਇਹ ਮਾਮਲਾ ਪੰਜਾਬ ਦੇ ਰਾਜਨੀਤਿਕ ਅਤੇ ਧਾਰਮਿਕ ਹਲਕਿਆਂ ਵਿੱਚ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਿਹਾ ਹੈ, ਜਿਸ ਵਿੱਚ ਐਸਆਈਟੀ ਨੇ ਪੁਲਿਸ ਅਧਿਕਾਰੀਆਂ ਨੂੰ ਚਾਰਜਸ਼ੀਟ ਕੀਤਾ ਹੈ ਅਤੇ ਇਸ ਮਾਮਲੇ ਦੀ ਸੁਣਵਾਈ ਇਸ ਸਮੇਂ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਚੱਲ ਰਹੀ ਹੈ ਅਤੇ ਐਸਆਈਟੀ ਦੀ ਜਾਂਚ ਜਾਰੀ ਹੈ।

Related Post