ਭਜਨ ਲਾਲ ਸ਼ਰਮਾ ਬਣੇ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ, ਲਿਆ ਹਲਫ਼

ਦੀਆ ਕੁਮਾਰੀ ਤੇ ਪ੍ਰੇਮਚੰਦ ਬੈਰਵਾ ਨੇ ਡਿਪਟੀ ਸੀ.ਐੱਮ. ਵਜੋਂ ਲਿਆ ਹਲਫ਼

By  Jasmeet Singh December 15th 2023 02:45 PM

ਜੈਪੁਰ: ਭਜਨ ਲਾਲ ਸ਼ਰਮਾ ਰਾਜਸਥਾਨ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਰਾਜਪਾਲ ਕਲਰਾਜ ਮਿਸ਼ਰਾ ਨੇ ਜੈਪੁਰ ਦੇ ਅਲਬਰਟ ਹਾਲ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਭਜਨ ਲਾਲ ਸ਼ਰਮਾ ਨੂੰ ਅਹੁਦੇ ਦਾ ਹਲਫ਼ ਚੁਕਵਾਇਆ। ਖਾਸ ਗੱਲ ਇਹ ਹੈ ਕਿ ਅੱਜ ਭਜਨ ਲਾਲ ਦਾ ਜਨਮ ਦਿਨ ਵੀ ਹੈ। ਭਜਨ ਲਾਲ ਦੇ ਨਾਲ ਦੋ ਡਿਪਟੀ ਸੀਐਮ ਦੀਆ ਕੁਮਾਰੀ ਅਤੇ ਪ੍ਰੇਮਚੰਦ ਬੈਰਵਾ ਨੇ ਵੀ ਸਹੁੰ ਚੁੱਕੀ। ਭਜਨ ਲਾਲ ਸ਼ਰਮਾ ਨੇ ਸਹੁੰ ਚੁੱਕਣ ਤੋਂ ਪਹਿਲਾਂ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਲਿਆ। ਇਸ ਤੋਂ ਪਹਿਲਾਂ ਉਨ੍ਹਾਂ ਨੇ ਮੰਦਰ 'ਚ ਜਾ ਕੇ ਪੂਜਾ ਅਰਚਨਾ ਵੀ ਕੀਤੀ।

ਪ੍ਰਧਾਨ ਮੰਤਰੀ ਤੋਂ ਲੈਕੇ ਹੋਰ ਕੌਣ ਕੌਣ ਪਹੁੰਚਿਆ, ਇੱਥੇ ਜਾਣੋ 
ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਡਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਪੀਯੂਸ਼ ਗੋਇਲ ਸ਼ਾਮਲ ਹੋਏ। ਇਸ ਤੋਂ ਇਲਾਵਾ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ, ਐਮਪੀ ਦੇ ਨਵੇਂ ਸੀਐਮ ਮੋਹਨ ਯਾਦਵ, ਗੁਜਰਾਤ ਦੇ ਸੀਐਮ ਭੂਪੇਂਦਰ ਪਟੇਲ, ਮਹਾਰਾਸ਼ਟਰ ਦੇ ਸੀਐਮ ਏਕਨਾਥ ਸ਼ਿੰਦੇ, ਰਾਜਸਥਾਨ ਦੇ ਸਾਬਕਾ ਸੀਐਮ ਅਸ਼ੋਕ ਗਹਿਲੋਤ, ਵਸੁੰਧਰਾ ਰਾਜੇ, ਅਰਜੁਨਰਾਮ ਮੇਘਵਾਲ, ਗੋਆ ਦੇ ਸੀਐਮ ਪ੍ਰਮੋਦ ਸਾਵੰਤ, ਤ੍ਰਿਪੁਰਾ ਦੇ ਸੀਐਮ ਮਾਨਿਕ ਸਾਹਾ ਸਮੇਤ ਕਈ ਨੇਤਾ ਮੌਜੂਦ ਸਨ। ਉਤਰਾਖੰਡ ਦੇ ਸੀਐਮ ਪੁਸ਼ਕਰ ਸਿੰਘ ਧਾਮੀ, ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਪਹੁੰਚੇ।

ਭਾਜਪਾ ਦੀ ਕਾਂਗਰਸ ਦੇ ਗੜ੍ਹ 'ਚ ਹੁੰਜਾ ਫੇਰ ਜਿੱਤ 
ਰਾਜਸਥਾਨ ਵਿੱਚ ਭਾਜਪਾ ਨੇ 115 ਸੀਟਾਂ ਜਿੱਤੀਆਂ ਹਨ। ਜਦਕਿ ਕਾਂਗਰਸ ਨੂੰ 69 ਸੀਟਾਂ ਮਿਲੀਆਂ ਹਨ। ਸੂਬੇ 'ਚ 200 'ਚੋਂ 199 ਸੀਟਾਂ 'ਤੇ ਵੋਟਿੰਗ ਹੋਈ। ਇਕ ਉਮੀਦਵਾਰ ਦੀ ਮੌਤ ਕਾਰਨ ਇਕ ਸੀਟ 'ਤੇ ਚੋਣਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ। ਭਜਨ ਲਾਲ ਭਰਤਪੁਰ ਦੇ ਰਹਿਣ ਵਾਲੇ ਨੇ, ਅਤੇ ਪਹਿਲੀ ਵਾਰ ਵਿਧਾਇਕ ਬਣੇ ਹਨ। 

ਪਾਰਟੀ ਦੇ ਕੇਂਦਰੀ ਆਬਜ਼ਰਵਰਾਂ ਰਾਜਨਾਥ ਸਿੰਘ, ਸਰੋਜ ਪਾਂਡੇ ਅਤੇ ਵਿਨੋਦ ਤਾਵੜੇ ਦੀ ਮੌਜੂਦਗੀ ਵਿੱਚ ਮੰਗਲਵਾਰ ਨੂੰ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਉਨ੍ਹਾਂ ਨੂੰ ਨਵੀਨਿਤ ਮੁੱਖ ਮੰਤਰੀ ਘੋਸ਼ਿਤ ਕੀਤਾ ਗਿਆ। ਵਸੁੰਧਰਾ ਰਾਜੇ ਨੇ ਵਿਧਾਇਕ ਦਲ ਦੀ ਨੇਤਾ ਦੇ ਤੌਰ 'ਤੇ ਉਨ੍ਹਾਂ ਦੇ ਨਾਂ ਦਾ ਪ੍ਰਸਤਾਵ ਰੱਖਿਆ ਸੀ। ਜਦਕਿ ਦੀਆ ਕੁਮਾਰੀ ਵਿਦਿਆਨਗਰ ਤੋਂ ਵਿਧਾਇਕ ਹਨ। ਜਦਕਿ ਬੈਰਵਾ ਡੂਡੂ ਸੀਟ ਤੋਂ ਵਿਧਾਇਕ ਹਨ। ਅਜਮੇਰ ਉੱਤਰੀ ਦੇ ਵਿਧਾਇਕ ਵਾਸੂਦੇਵ ਦੇਵਨਾਨੀ ਨੂੰ ਸਪੀਕਰ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦਾ 7.6" ਲੰਬਾ ਸਾਬਕਾ ਪੁਲਿਸ ਕਾਂਸਟੇਬਲ ਹੈਰੋਇਨ ਸਮੇਤ ਗ੍ਰਿਫ਼ਤਾਰ

Related Post