Singer Rajvir Jawanda : ਰਾਜਵੀਰ ਜਵੰਦਾ ਨਮਿਤ ਆਤਮਿਕ ਸ਼ਾਂਤੀ ਲਈ ਭੋਗ ਅੱਜ, ਪੰਚਕੂਲਾ ਪੁਲਿਸ ਦਾ ਹਾਦਸੇ ਨੂੰ ਲੈ ਕੇ ਵੱਡਾ ਖੁਲਾਸਾ

Singer Rajvir Jawanda : ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਗੱਲ ਕਰਨ ਵਾਲੇ ਚਸ਼ਮਦੀਦਾਂ ਨੇ ਕਿਹਾ ਕਿ ਮੋਟਰਸਾਈਕਲ ਇੱਕ ਆਵਾਰਾ ਪਸ਼ੂ ਨਾਲ ਟਕਰਾ ਗਿਆ ਅਤੇ ਜਵੰਦਾ ਡਿੱਗ ਪਿਆ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ।

By  KRISHAN KUMAR SHARMA October 17th 2025 08:20 AM -- Updated: October 17th 2025 08:24 AM

Singer Rajvir Jawanda Bhog : ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਆਤਮਿਕ ਸ਼ਾਂਤੀ ਲਈ ਅੱਜ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਇਸ ਦੌਰਾਨ ਹੀ ਪੰਜਾਬੀ ਗਾਇਕ ਦੀ ਦੁਰਘਟਨਾ ਵਿੱਚ ਹੋਈ ਮੌਤ ਨੂੰ ਲੈ ਕੇ ਵੀ ਸ਼ੱਕ ਅਜੇ ਤੱਕ ਬਣਿਆ ਹੋਇਆ ਹੈ। ਕੁਝ ਲੋਕ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਦੀ ਮੌਤ ਬੋਲੈਰੋ ਕਾਰ ਨਾਲ ਟਕਰਾਉਣ ਤੋਂ ਬਾਅਦ ਹੋਈ ਹੈ, ਜਦਕਿ ਹੁਣ, ਘਟਨਾ ਦੀ ਜਾਂਚ ਕਰ ਰਹੇ ਪੰਚਕੂਲਾ ਪੁਲਿਸ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੋਟਰਸਾਈਕਲ ਇੱਕ ਆਵਾਰਾ ਪਸ਼ੂ ਨਾਲ ਟਕਰਾ ਗਈ ਸੀ। ਘਟਨਾ ਸਥਾਨ 'ਤੇ ਕੋਈ ਕਾਲੀ ਬੋਲੈਰੋ ਕਾਰ ਨਹੀਂ ਸੀ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਰਾਜਵੀਰ ਜਵੰਦਾ, 27 ਸਤੰਬਰ ਨੂੰ ਬੱਦੀ ਤੋਂ ਸ਼ਿਮਲਾ ਜਾ ਰਿਹਾ ਸੀ। 5 ਲੋਕ ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਸਵਾਰ ਸਨ। ਪਿੰਜੌਰ ਨੇੜੇ ਉਨ੍ਹਾਂ ਦਾ ਹਾਦਸਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨਾਲ ਗੱਲ ਕਰਨ ਵਾਲੇ ਚਸ਼ਮਦੀਦਾਂ ਨੇ ਕਿਹਾ ਕਿ ਮੋਟਰਸਾਈਕਲ ਇੱਕ ਆਵਾਰਾ ਪਸ਼ੂ ਨਾਲ ਟਕਰਾ ਗਿਆ ਅਤੇ ਜਵੰਦਾ ਡਿੱਗ ਪਿਆ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ।

ਜਾਣਕਾਰੀ ਅਨੁਸਾਰ ਰਾਜਵੀਰ ਜਵੰਦਾ ਨਮਿਤ ਭੋਗ ਲੁਧਿਆਣਾ ਦੇ ਜੱਦੀ ਪਿੰਡ ਪਾਏ ਜਾਣਗੇ, ਜਿਥੇ ਵੱਡੀ ਗਿਣਤੀ ਵਿੱਚ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਪਹੁੰਚ ਸਕਦੀਆਂ ਹਨ।

ਮੌਕੇ 'ਤੇ ਨਹੀਂ ਸੀ ਕੋਈ ਕਾਲੀ ਕਾਰ

ਉਧਰ, ਜਾਂਚ ਅਧਿਕਾਰੀ ਨੇ ਦੱਸਿਆ ਕਿ ਸ਼ੌਰਿਆ ਹਸਪਤਾਲ ਹਾਦਸੇ ਵਾਲੀ ਥਾਂ ਤੋਂ 100 ਮੀਟਰ ਤੋਂ ਵੀ ਘੱਟ ਦੂਰੀ 'ਤੇ ਹੈ। ਜਦੋਂ ਹਾਦਸਾ ਹੋਇਆ ਤਾਂ ਕੁਝ ਲੋਕ ਮੌਕੇ 'ਤੇ ਮੌਜੂਦ ਸਨ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਮੋਟਰਸਾਈਕਲ ਨੇ ਇੱਕ ਆਵਾਰਾ ਨੂੰ ਟੱਕਰ ਮਾਰ ਦਿੱਤੀ ਸੀ। ਬਾਅਦ ਵਿੱਚ, ਜਦੋਂ ਕਾਲੀ ਬੋਲੇਰੋ ਕਾਰ ਦਾ ਜ਼ਿਕਰ ਕੀਤਾ ਗਿਆ, ਤਾਂ ਚਸ਼ਮਦੀਦਾਂ ਤੋਂ ਦੁਬਾਰਾ ਪੁੱਛਗਿੱਛ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਸ ਸਮੇਂ ਕੋਈ ਕਾਲੀ ਕਾਰ ਮੌਜੂਦ ਨਹੀਂ ਸੀ।

11 ਦਿਨਾਂ ਬਾਅਦ ਹੋਈ ਸੀ ਜਵੰਦਾ ਦੀ ਮੌਤ

ਰਾਜਵੀਰ ਜਵੰਦਾ 27 ਸਤੰਬਰ ਨੂੰ ਪਿੰਜੌਰ ਵਿੱਚ ਇੱਕ ਹਾਦਸੇ ਵਿੱਚ ਸ਼ਾਮਲ ਸੀ। ਉਸਦੀ ਗਰਦਨ ਅਤੇ ਦਿਮਾਗ ਵਿੱਚ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਸੀ। ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ ਸੀ। ਪਰੰਤੂ ਸਥਿਤੀ ਗੰਭੀਰ ਹੋਣ 'ਤੇ ਉਸਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ 11 ਦਿਨਾਂ ਦੇ ਇਲਾਜ ਤੋਂ ਬਾਅਦ ਉਸਦੀ ਮੌਤ ਹੋ ਗਈ।

Related Post