ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜ਼ਿਕਰ ਵਿਧਾਨ ਸਭਾ ਦੀ ਕਾਰਵਾਈ ਚੋਂ ਆਪ ਸਰਕਾਰ ਦੀ ਘਟੀਆ ਕਾਰਵਾਈ : ਬਿਕਰਮ ਸਿੰਘ ਮਜੀਠੀਆ
Punjab Vidhan Sabha Session : ਬਿਕਰਮ ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਇੱਕ ਮਹਿਲਾ ਵਿਧਾਇਕ ਨੂੰ ਆਪਣੀ ਗੱਲ ਰੱਖਣ ਤੋਂ ਰੋਕਣਾ ਅਤੇ ਉਸ ਦੇ ਸ਼ਬਦਾਂ ਨੂੰ ਐਕਸਪੰਜ ਕਰਨਾ, ਲੋਕਤੰਤਰ ਅਤੇ ਪੰਜਾਬ ਦੀਆਂ ਪਰੰਪਰਾਵਾਂ ਦੇ ਖ਼ਿਲਾਫ਼ ਹੈ।
Punjab Vidhan Sabha Session : ਸ਼੍ਰੋਮਣੀ ਅਕਾਲੀ ਦਲ (SAD) ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਨਵੇਂ ਐਕਟ (Anti Sacrilege Law) ਨੂੰ ਲੈ ਕੇ ਆਮ ਆਦਮੀ ਪਾਰਟੀ (AAP) ਸਰਕਾਰ ਅਤੇ ਵਿਧਾਨ ਸਭਾ ਦੇ ਸਪੀਕਰ 'ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਦਾ ਜ਼ਿਕਰ ਐਕਸਪੰਜ ਕਰਨਾ, ਸਿਰਫ਼ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਹੀ ਨਹੀਂ, ਸਗੋਂ ਇਹ ਗੁਰੂ ਸਾਹਿਬਾਨ ਦੀ ਮਰਿਆਦਾ ਦਾ ਵੀ ਅਪਮਾਨ ਹੈ।
ਮਜੀਠੀਆ ਨੇ ਕਿਹਾ ਕਿ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਵਿਧਾਇਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ ਸੀ ਅਤੇ ਇਸ ਗੱਲ 'ਤੇ ਸਹਿਮਤੀ ਜਤਾਈ ਸੀ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਤ ਨਵੇਂ ਐਕਟ ਵਿੱਚ ਜਿੱਥੇ ਵੀ ਕਮੀਆਂ ਹਨ, ਉਨ੍ਹਾਂ ਨੂੰ ਸੋਧਿਆ ਜਾਵੇਗਾ। ਉਨ੍ਹਾਂ ਦਾ ਦਾਅਵਾ ਸੀ ਕਿ ਸਪੀਕਰ ਨੇ ਵੀ ਮੰਨਿਆ ਸੀ ਕਿ ਐਕਟ ਵਿੱਚ ਕੁਝ ਗਲਤੀਆਂ ਹਨ ਅਤੇ ਉਨ੍ਹਾਂ ਨੂੰ ਠੀਕ ਕਰਨ ਦੀ ਲੋੜ ਹੈ।
Punjab Election 2027 : ਕਾਂਗਰਸ ਵੱਲੋਂ ਪੰਜਾਬ ਚੋਣਾਂ 'ਚ ਵੱਡੇ ਪੱਧਰ 'ਤੇ ਟਿਕਟਾਂ 'ਚ ਫੇਰਬਦਲ ਦੇ ਸੰਕੇਤ
ਉਨ੍ਹਾਂ ਦੱਸਿਆ ਕਿ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਵਿੱਚ ਇਹੀ ਮੁੱਦਾ ਚੁੱਕਿਆ ਅਤੇ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਦਾ ਹਵਾਲਾ ਦਿੰਦਿਆਂ ਸੋਧ ਦੀ ਲੋੜ ਉਤੇ ਜ਼ੋਰ ਦਿੱਤਾ। ਪਰ ਉਨ੍ਹਾਂ ਦੇ ਬਿਆਨ ਦੇ ਕੁਝ ਹਿੱਸਿਆਂ ਨੂੰ ਕਾਰਵਾਈ ਵਿੱਚੋਂ ਹਟਾ ਦਿੱਤਾ ਗਿਆ, ਜਿਸ ਨੂੰ ਮਜੀਠੀਆ ਨੇ ਗੈਰ-ਵਾਜਬ ਕਰਾਰ ਦਿੱਤਾ।
ਵਿਧਾਨ ਸਭਾ 'ਚ ਸਿੱਖ ਮੁੱਦਿਆ 'ਤੇ ਚਰਚਾ ਤੋਂ ਰੋਕਣਾ ਮੰਦਭਾਗਾ : ਮਜੀਠੀਆ
ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ, ਜਿੱਥੇ ਧੀਆਂ-ਭੈਣਾਂ ਨੂੰ ਸਭ ਤੋਂ ਵੱਧ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਵਿੱਚ ਇੱਕ ਮਹਿਲਾ ਵਿਧਾਇਕ ਨੂੰ ਆਪਣੀ ਗੱਲ ਰੱਖਣ ਤੋਂ ਰੋਕਣਾ ਅਤੇ ਉਸ ਦੇ ਸ਼ਬਦਾਂ ਨੂੰ ਐਕਸਪੰਜ ਕਰਨਾ, ਲੋਕਤੰਤਰ ਅਤੇ ਪੰਜਾਬ ਦੀਆਂ ਪਰੰਪਰਾਵਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਸਪੀਕਰ 'ਤੇ ਰਾਜਨੀਤਿਕ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਬਜਾਏ ਸਰਕਾਰ ਨੂੰ ਖੁਸ਼ ਕਰਨ ਵਿੱਚ ਲੱਗੇ ਹੋਏ ਹਨ। ਮਜੀਠੀਆ ਨੇ ਦਾਅਵਾ ਕੀਤਾ ਕਿ ਜੇਕਰ ਵਿਧਾਨ ਸਭਾ ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਜਾਂ ਸਿੱਖ ਪੰਥ ਨਾਲ ਜੁੜੇ ਮੁੱਦਿਆਂ ਦੀ ਚਰਚਾ ਵੀ ਨਾ ਹੋ ਸਕੇ ਤਾਂ ਇਹ ਬਹੁਤ ਹੀ ਚਿੰਤਾਜਨਕ ਗੱਲ ਹੈ।
ਉਨ੍ਹਾਂ "ਸੰਗਤ" ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ ਸੰਗਤ ਉਹ ਹੈ, ਜੋ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਨਾਮ ਸਿਮਰਨ ਕਰੇ, ਕੀਰਤਨ ਸੁਣੇ ਅਤੇ ਗੁਰੂ ਸਾਹਿਬ ਦੇ ਦੱਸੇ ਰਸਤੇ 'ਤੇ ਚੱਲੇ। ਉਨ੍ਹਾਂ ਕਿਹਾ ਕਿ ਇਸ ਸ਼ਬਦ ਦੀ ਗਲਤ ਵਿਆਖਿਆ ਕਰਨਾ ਸਿੱਖ ਧਾਰਮਿਕ ਪਰੰਪਰਾਵਾਂ ਦੀ ਅਣਦੇਖੀ ਹੈ।
'ਬੇਅਦਬੀ ਵਰਗੇ ਗੰਭੀਰ ਮੁੱਦੇ 'ਤੇ ਰਾਜਨੀਤੀ ਕਰ ਰਹੀ ਆਪ ਸਰਕਾਰ'
ਮਜੀਠੀਆ ਨੇ ਸਰਕਾਰ 'ਤੇ ਦੋਸ਼ ਲਗਾਇਆ ਕਿ ਉਹ ਬੇਅਦਬੀ ਦੇ ਮਾਮਲਿਆਂ, ਬਰਗਾੜੀ ਅਤੇ ਬਹਿਬਲ ਕਲਾਂ ਵਰਗੇ ਸੰਵੇਦਨਸ਼ੀਲ ਮੁੱਦਿਆਂ 'ਤੇ ਵੀ ਰਾਜਨੀਤੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਨ੍ਹਾਂ ਵਾਅਦਿਆਂ ਨਾਲ ਇਨਸਾਫ਼ ਦੇਣ ਦੀ ਗੱਲ ਕੀਤੀ ਗਈ ਸੀ, ਉਹ ਅੱਜ ਤੱਕ ਪੂਰੇ ਨਹੀਂ ਹੋਏ।
ਉਨ੍ਹਾਂ ਅੰਤ ਵਿੱਚ ਮੰਗ ਕੀਤੀ ਕਿ ਵਿਧਾਨ ਸਭਾ ਦੀ ਕਾਰਵਾਈ ਵਿੱਚੋਂ ਹਟਾਏ ਗਏ ਸ਼ਬਦ ਤੁਰੰਤ ਬਹਾਲ ਕੀਤੇ ਜਾਣ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨਾਲ ਜੁੜੇ ਮੁੱਦਿਆਂ 'ਤੇ ਰਾਜਨੀਤੀ ਕਰਨ ਦੀ ਬਜਾਏ ਸਰਕਾਰ ਸਿੱਖ ਭਾਵਨਾਵਾਂ ਦਾ ਸਤਿਕਾਰ ਕਰੇ। ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਸਪੀਕਰ ਆਪਣੇ ਰਵੱਈਏ ਵਿੱਚ ਸੁਧਾਰ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਪੰਜਾਬ ਦੀ ਜਨਤਾ ਅਤੇ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਪਵੇਗੀ।
ਇਹ ਵੀ ਪੜ੍ਹੋ... Punjab Weather Update : 12 ਘੰਟਿਆਂ ਦੇ ਅੰਦਰ ਪੰਜਾਬ ਸਣੇ 22 ਸੂਬਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ