Verka Milk Plant Blast : ਲੁਧਿਆਣਾ ਦੇ ਵੇਰਕਾ ਮਿਲਟ ਪਲਾਂਟ ਚ ਧਮਾਕਾ, 1 ਦੀ ਮੌਤ, 5 ਲੋਕ ਜ਼ਖ਼ਮੀ
Verka Milk Plant Blast News : ਸਾਰੇ ਜ਼ਖ਼ਮੀਆਂ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਵੇਰਕਾ ਮਿਲਕ ਪਲਾਂਟ ਦੇ ਪ੍ਰਬੰਧਨ ਨੇ ਸਰਾਭਾ ਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ।
Verka Milk Plant Ludhiana : ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਹੋ ਗਿਆ। ਮਿਲਕ ਪਲਾਂਟ ਦੇ ਵਿੱਚ ਸਥਿਤ ਦੁੱਧ ਤੋਂ ਪਾਊਡਰ ਬਣਾਉਣ ਵਾਲਾ ਇੱਕ ਵੱਡਾ ਸਟੀਮ ਬੋਇਲਰ ਫੱਟ ਜਾਣ ਕਰਕੇ ਬੋਇਲਰ ਦੇ ਮੁੱਖ ਇੰਜੀਨੀਅਰ ਕੁਨਾਲ ਜੈਨ ਦੀ ਮੌਤ ਹੋ ਗਈ ਜਦੋਂ ਕਿ ਚਾਰ ਹੋਰ ਫੋਰਮੈਨ ਸਣੇ ਮੁਲਾਜ਼ਮ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਕਾਫੀ ਗੰਭੀਰ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਲਗਭਗ 11 ਵਜੇ ਦੇ ਕਰੀਬ ਇਹ ਹਾਦਸਾ ਹੋਇਆ ਜਦੋਂ ਟਰਾਇਲ ਲਿਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਅੱਜ ਸਵੇਰੇ ਵੀ ਬੋਇਲਰ ਚਲਾਇਆ ਜਾਣਾ ਸੀ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕੁਨਾਲ ਜੈਨ ਸਾਡੇ ਕੋਲ ਕੰਮ ਕਰ ਰਿਹਾ ਸੀ। ਉਹਨਾਂ ਕਿਹਾ ਕਿ ਜਾਂਚ ਲਈ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਪਰਿਵਾਰ ਦੀ ਅਸੀਂ ਪੂਰੀ ਮਦਦ ਕਰਾਂਗੇ ਉਹਨਾਂ ਕਿਹਾ ਕਿ ਇਹ ਇੱਕ ਹਾਦਸਾ ਹੈ। ਕਿਸੇ ਨੇ ਵੀ ਉਸ ਨੂੰ ਜਬਰਨ ਫੋਨ ਕਰਕੇ ਨਹੀਂ ਬੁਲਾਇਆ ਕਿਉਂਕਿ ਉਹ ਖੁਦ ਹੀ ਆਪਣੀ ਡਿਊਟੀ ਪ੍ਰਤੀ ਬਹੁਤ ਹੀ ਜ਼ਿਆਦਾ ਵਫਾਦਾਰ ਸੀ। ਉਹਨੇ ਕਿਹਾ ਕਿ ਉਸਦੀ ਪਤਨੀ ਵੀ ਇਸੇ ਮਿਲਕ ਪਲਾਂਟ ਵਿੱਚ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਰਿਵਾਰ ਦੇ ਨਾਲ ਹੈ।
ਪਰਿਵਾਰਕ ਮੈਂਬਰਾਂ ਨੇ ਮੰਗੀ ਜਾਂਚ
ਮ੍ਰਿਤਕ ਕੁਨਾਲ ਜੈਨ ਏ ਗਰੇਡ 'ਤੇ ਤੈਨਾਤ ਸੀ, ਕੁਝ ਦਿਨ ਪਹਿਲਾਂ ਹੀ ਉਸ ਦੀ ਪ੍ਰਮੋਸ਼ਨ ਕੀਤੀ ਗਈ ਸੀ ਉਸ ਦੀ ਪਤਨੀ ਵੀ ਵੇਰਕਾ ਮਿਲਕ ਪਲਾਂਟ ਦੇ ਵਿੱਚ ਕੱਚੀ ਮੁਲਾਜ਼ਮ ਹੈ। ਦੇਰ ਰਾਤ ਉਸ ਨੂੰ ਫੋਨ ਕਰਕੇ ਬੁਲਾਇਆ ਗਿਆ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਉਸ ਦੇ ਦੋਸਤਾਂ ਅਤੇ ਪਰਿਵਾਰਿਕ ਮੈਂਬਰਾਂ ਨੇ ਸਵਾਲ ਖੜੇ ਕੀਤੇ ਨੇ ਕਿ ਉਸ ਤੇ ਦਬਾਅ ਪਾ ਕੇ ਉਸ ਨੂੰ ਦੇਰ ਰਾਤ ਬੁਲਾਇਆ ਗਿਆ ਸੀ। ਕਿਸ ਨੇ ਉਸਨੂੰ ਫੋਨ ਕੀਤਾ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਮੌਕੇ 'ਤੇ ਪਹੁੰਚੇ ਸਰਾਭਾ ਨਗਰ ਪੁਲਿਸ ਸਟੇਸ਼ਨ ਤੋਂ ਜਾਂਚ ਅਧਿਕਾਰੀ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਹਨਾਂ ਕਿਹਾ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ ਜਦੋਂ ਕਿ ਚਾਰ ਹੋਰ ਜ਼ਖਮੀ ਨੇ ਜਿਨਾਂ ਦਾ ਇਲਾਜ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ।
ਵਿਸ਼ਵਕਰਮਾ ਪੂਜਾ ਤੋਂ ਬਾਅਦ ਕੀਤਾ ਜਾ ਰਿਹਾ ਸੀ ਟ੍ਰਾਇਲ
ਉਸਨੂੰ ਇੱਕ ਫੋਨ ਆਇਆ ਅਤੇ ਉਸ ਰਾਤ ਪਲਾਂਟ ਵਿੱਚ ਬੁਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਲਾਂਟ ਦੇ ਬਾਇਲਰ ਦੀ ਜਾਂਚ ਕਰਨ ਲਈ ਕਿਹਾ ਗਿਆ ਸੀ। ਉਹ ਛੁੱਟੀ 'ਤੇ ਸੀ ਅਤੇ ਡਿਊਟੀ ਤੋਂ ਬਾਹਰ ਹੋਣ ਦੇ ਬਾਵਜੂਦ ਉਸਨੂੰ ਬੁਲਾਇਆ ਗਿਆ।
ਇੱਕ ਪਲਾਂਟ ਕਰਮਚਾਰੀ ਨੇ ਦੱਸਿਆ ਕਿ ਪਲਾਂਟ ਵਿੱਚ 450 ਕਿਲੋਗ੍ਰਾਮ ਦੇ ਸਿਲੰਡਰ ਹਨ। ਉਨ੍ਹਾਂ ਨੂੰ ਵਿਸ਼ਵਕਰਮਾ ਪੂਜਾ ਤੋਂ ਬਾਅਦ ਰਾਤ ਨੂੰ ਪਲਾਂਟ ਦਾ ਟ੍ਰਾਇਲ ਕਰਨਾ ਸੀ। ਕਰਮਚਾਰੀਆਂ ਨੂੰ ਉਸ ਰਾਤ ਬੁਲਾਇਆ ਗਿਆ ਸੀ। ਟ੍ਰਾਇਲ ਕਰਦੇ ਸਮੇਂ, ਪਲਾਂਟ ਵਿੱਚ ਹੀਟਰ ਫਟ ਗਿਆ।