ਕੈਨੇਡਾ: ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਇਜ਼ਲਮਾਂ ਚ ਅੱਠ ਸਿੱਖ ਗ੍ਰਿਫ਼ਤਾਰ

By  Jasmeet Singh October 6th 2023 06:48 PM

ਬਰੈਂਪਟਨ: ਕੈਨੇਡੀਅਨ ਪੁਲਿਸ ਨੇ ਓਨਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿੱਚ 19 ਤੋਂ 26 ਸਾਲ ਦੀ ਉਮਰ ਦੇ ਕਰੀਬ ਅੱਠ ਸਿੱਖ ਨੌਜਵਾਨਾਂ ਨੂੰ ਲੋਡਡ ਅਤੇ ਵਰਜਿਤ ਹਥਿਆਰ ਰੱਖਣ ਦੇ ਇਜ਼ਲਮਾਂ ਵਿੱਚ ਗ੍ਰਿਫਤਾਰ ਕੀਤਾ ਹੈ।

ਪੀਲ ਰੀਜਨਲ ਪੁਲਿਸ ਦੇ ਅਨੁਸਾਰ 2 ਅਕਤੂਬਰ ਦੀ ਰਾਤ ਨੂੰ ਉਨ੍ਹਾਂ ਨੂੰ ਬਰੈਂਪਟਨ ਦੇ ਡੋਨਾਲਡ ਸਟੀਵਰਟ ਰੋਡ ਅਤੇ ਬ੍ਰਿਸਡੇਲ ਡਰਾਈਵ ਦੇ ਖੇਤਰ ਵਿੱਚ ਗੋਲੀਬਾਰੀ ਦੀ ਰਿਪੋਰਟ ਮਿਲੀ ਸੀ। ਪੀਲ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਕਿਹਾ, "ਟੈਕਟੀਕਲ ਯੂਨਿਟ ਦੀ ਸਹਾਇਤਾ ਨਾਲ ਅੱਠ ਵਿਅਕਤੀਆਂ ਨੂੰ ਰਿਹਾਇਸ਼ਾਂ ਤੋਂ ਗ੍ਰਿਫਤਾਰ ਕੀਤਾ ਗਿਆ।" ਹਾਲਾਂਕਿ ਪੁਲਿਸ ਨੇ ਪੁਸ਼ਟੀ ਕੀਤੀ ਕਿ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। 

ਦੱਸਣਯੋਗ ਹੈ ਕਿ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦਰਮਿਆਨ ਵਧਦੇ ਤਣਾਅ ਦਰਮਿਆਨ ਇਹ ਗ੍ਰਿਫਤਾਰੀ ਹੋਈ ਹੈ।  ਘਟਨਾ ਦੇ ਇੱਕ ਦਿਨ ਬਾਅਦ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਇੱਕ ਕ੍ਰਿਮੀਨਲ ਕੋਡ ਸਰਚ ਵਾਰੰਟ ਜਾਰੀ ਕੀਤਾ ਅਤੇ ਇੱਕ 9 ਐਮਐਮ ਬੇਰੇਟਾ ਬੰਦੂਕ ਜ਼ਬਤ ਕੀਤੀ।

ਇਸ ਮਾਮਲੇ 'ਚ ਹੁਣ 19 ਤੋਂ 26 ਸਾਲ ਦੀ ਉਮਰ ਦੇ ਅੱਠ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਪਾਬੰਦੀਸ਼ੁਦਾ ਬੰਦੂਕ ਰੱਖਣ ਦੇ ਮੁਲਜ਼ਮਾਂ ਵਿੱਚ ਜਗਦੀਪ ਸਿੰਘ (22), ਏਕਮਜੋਤ ਰੰਧਾਵਾ (19), ਮਨਜਿੰਦਰ ਸਿੰਘ (26), ਹਰਪ੍ਰੀਤ ਸਿੰਘ (23), ਰਿਪਨਜੋਤ ਸਿੰਘ (22), ਜਪਨਦੀਪ ਸਿੰਘ (22) ਅਤੇ ਲਵਪ੍ਰੀਤ ਸਿੰਘ (26) ਸ਼ਾਮਲ ਹਨ। ਜੋ ਸਾਰੇ ਬਰੈਂਪਟਨ ਦੇ ਵਸਨੀਕ ਹਨ।

ਇਸ ਦੌਰਾਨ 21 ਸਾਲਾ ਰਾਜਨਪ੍ਰੀਤ ਸਿੰਘ 'ਤੇ ਵਰਜਿਤ ਅਸਲਾ ਰੱਖਣ, ਪਾਬੰਦੀਸ਼ੁਦਾ ਹਥਿਆਰਾਂ ਰੱਖਣ ਅਤੇ ਗੋਲਾ ਬਾਰੂਦ ਦੀ ਲਾਪਰਵਾਹੀ ਨਾਲ ਸਟੋਰੇਜ ਕਰਨ ਦੇ ਇਲਜ਼ਾਮ ਲਗਾਏ ਗਏ ਹਨ। 

ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸੰਭਾਵੀ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਭਾਰਤ ਨੇ ਇਨ੍ਹਾਂ ਇਲਜ਼ਾਮਾਂ ਨੂੰ ਬੇਹੂਦਾ ਅਤੇ ਪ੍ਰੇਰਿਤ ਦੱਸਦਿਆਂ ਸਖ਼ਤੀ ਨਾਲ ਰੱਦ ਕੀਤਾ ਹੈ। ਭਾਰਤ ਨੇ ਕੈਨੇਡਾ ਵਿੱਚ ਭਾਰਤੀ ਡਿਪਲੋਮੈਟਾਂ ਅਤੇ ਭਾਰਤ ਦੇ ਡਿਪਲੋਮੈਟਿਕ ਕੰਪਲੈਕਸਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ।

ਇਹ ਵੀ ਪੜ੍ਹੋ: ਜਾਣੋ ਕੌਣ ਹੈ ਨਰਗਿਸ ਮੁਹੰਮਦੀ? ਜਿਸਨੂੰ 31 ਸਾਲ ਜੇਲ੍ਹ ਤੇ 154 ਕੋੜੇ ਦੀ ਸਜ਼ਾ ਵਿਚਕਾਰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

Related Post