Harcharan singh Bhullar : ਚੰਡੀਗੜ੍ਹ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਚ ਭੇਜਿਆ DIG, ਹਰਚਰਨ ਭੁੱਲਰ ਦੇ ਵਕੀਲਾਂ ਦਾ ਵੱਡਾ ਦਾਅਵਾ

DIG Harcharan singh Bhullar : ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਵਿਚੋਲਿਆਂ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ।

By  KRISHAN KUMAR SHARMA October 17th 2025 08:32 AM -- Updated: October 17th 2025 03:46 PM

DIG Harcharan singh Bhullar : ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਰਿਸ਼ਵਤ ਮਾਮਲੇ 'ਚ ਫੜੇ ਡੀਆਈਜੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਦੱਸ ਦਈਏ ਕਿ ਸੀਬੀਆਈ (CBI) ਨੇ ਵੀਰਵਾਰ ਦੁਪਹਿਰ ਨੂੰ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਮੌਕੇ 'ਤੇ ਜਾਣਕਾਰੀ ਅਨੁਸਾਰ, ਅੱਜ ਜਦੋਂ ਡੀਆਈਜੀ ਨੂੰ ਅਦਾਲਤ 'ਚ ਲਿਆਂਦਾ ਗਿਆ ਤਾਂ ਉਨ੍ਹਾਂ ਆਪਣੇ ਉਪਰ ਲੱਗੇ ਦੋਸ਼ਾਂ ਦੇ ਸਵਾਲਾਂ 'ਤੇ ਸੰਖੇਪ ਬਿਆਨ ਦਿੰਦਿਆਂ ਸਿਰਫ਼ ਇੰਨਾ ਹੀ ਕਿਹਾ, ''ਸਾਰੇ ਪੱਖ ਰੱਖਾਂਗੇ...ਕੋਰਟ ਪੂਰਾ ਇਨਸਾਫ਼ ਕਰੇਗੀ''। 

ਹਰਚਰਨ ਭੁੱਲਰ ਦੇ ਵਕੀਲਾਂ ਨੇ ਕੀ ਕਿਹਾ ?

ਮੁਲਜ਼ਮ ਧਿਰ ਵੱਲੋਂ ਅੱਜ ਪੱਖ ਰੱਖਣ ਲਈ ਹਾਜ਼ਰ ਹੋਏ ਵਕੀਲਾਂ ਨੇ ਦਾਅਵਾ ਕੀਤਾ ਕਿ ਸੀਬੀਆਈ ਨੇ ਖੁਦ ਅਦਾਲਤ ਵਿੱਚ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ, ਜਿਸ 'ਤੇ ਅਦਾਲਤ 'ਚ ਹੁਣ 1 ਨਵੰਬਰ ਨੂੰ ਮਾਮਲੇ ਦੀ ਸੁਣਵਾਈ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੀਬੀਆਈ ਵੱਲੋਂ ਡੀਆਈਜੀ ਨੂੰ 11 ਵਜੇ ਦਫਤਰ ਵਿਚੋਂ ਲਿਜਾਇਆ ਗਿਆ, ਜਦਕਿ ਗ੍ਰਿਫ਼ਤਾਰੀ 8 ਵਜੇ ਦੀ ਵਿਖਾਈ ਗਈ ਹੈ, ਜਿਸ ਬਾਰੇ ਇਸ ਦੌਰਾਨ ਕੀ ਪੁੱਛਗਿੱਛ ਕੀਤੀ ਗਈ, ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਹਰਚਰਨ ਸਿੰਘ ਭੁੱਲਰ ਕੋਲੋਂ ਹੁਣ ਤੱਕ ਕੀ ਕੁੱਝ ਬਰਾਮਦ ਹੋਇਆ ?

ਦੱਸ ਦਈਏ ਕਿ ਪੰਜਾਬ ਦੇ ਡੀਆਈਜੀ ਨੂੰ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ ਸੀਬੀਆਈ ਦੀ ਲਗਭਗ 52 ਲੋਕਾਂ ਦੀ ਟੀਮ ਨੇ ਬੀਤੇ ਦਿਨ ਟਰੈਪ ਲਗਾ ਕੇ ਰਿਸ਼ਵਤ ਮਾਮਲੇ 'ਚ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਡੀਆਈਜੀ ਦੇ ਮੋਹਾਲੀ ਦਫਤਰ ਅਤੇ ਸੈਕਟਰ 40, ਚੰਡੀਗੜ੍ਹ ਸਥਿਤ ਬੰਗਲੇ ਦੀ ਤਲਾਸ਼ੀ ਲਈ। ਸੂਤਰਾਂ ਅਨੁਸਾਰ ਇਸ ਦੌਰਾਨ ਉਸਦੇ ਬੰਗਲੇ ਵਿੱਚੋਂ 7 ਕਰੋੜ ਰੁਪਏ ਦੀ ਨਕਦੀ ਮਿਲੀ, ਜੋ ਕਿ 3 ਬੈਗਾਂ ਅਤੇ 2 ਬ੍ਰੀਫਕੇਸਾਂ ਵਿੱਚ ਪੈਕ ਕੀਤੀ ਗਈ ਸੀ। ਇਸ ਨੂੰ ਗਿਣਨ ਲਈ, ਸੀਬੀਆਈ ਟੀਮ ਨੂੰ 3 ਨੋਟ ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ।


ਇਸ ਤੋਂ ਇਲਾਵਾ, ਵੱਡੀ ਮਾਤਰਾ ਵਿੱਚ ਗਹਿਣੇ, ਲਗਜ਼ਰੀ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤਾ ਗਿਆ। ਸੀਬੀਆਈ ਨੂੰ ਡੀਆਈਜੀ ਦੀਆਂ 15 ਜਾਇਦਾਦਾਂ ਅਤੇ ਲਗਜ਼ਰੀ ਵਾਹਨਾਂ ਨਾਲ ਸਬੰਧਤ ਦਸਤਾਵੇਜ਼ ਵੀ ਮਿਲੇ ਹਨ। ਉਨ੍ਹਾਂ ਦੇ ਘਰ ਤੋਂ ਇੱਕ ਬੀਐਮਡਬਲਯੂ, ਇੱਕ ਮਰਸੀਡੀਜ਼ ਕਾਰ ਅਤੇ ਇੱਕ ਬੈਂਕ ਲਾਕਰ ਦੀਆਂ ਚਾਬੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਸੀਬੀਆਈ ਟੀਮਾਂ ਦੇਰ ਰਾਤ ਤੱਕ ਡੀਆਈਜੀ ਦੇ ਚੰਡੀਗੜ੍ਹ ਸਥਿਤ ਨਿਵਾਸ ਸਥਾਨ ਦੀ ਜਾਂਚ ਕਰਦੀਆਂ ਰਹੀਆਂ।

ਇਹ ਵੀ ਸਾਹਮਣੇ ਆਇਆ ਹੈ ਕਿ ਡੀਆਈਜੀ ਨੇ ਇੱਕ ਵਿਚੋਲੇ ਰਾਹੀਂ ਫਤਿਹਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਜੇਕਰ ਉਸਨੇ ਰਿਸ਼ਵਤ ਨਹੀਂ ਦਿੱਤੀ, ਤਾਂ ਉਸਨੂੰ 2 ਸਾਲ ਪਹਿਲਾਂ ਸਰਹਿੰਦ ਵਿੱਚ ਦਰਜ ਇੱਕ ਪੁਰਾਣੇ ਕੇਸ ਵਿੱਚ ਚਾਰਜਸ਼ੀਟ ਦਾਇਰ ਕਰਨ ਅਤੇ ਇੱਕ ਨਵਾਂ ਫਰਜ਼ੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਸੀ। ਉਪਰੰਤ ਕਾਰੋਬਾਰੀ ਨੇ ਇਸ ਬਾਰੇ ਸੀਬੀਆਈ ਨੂੰ ਸ਼ਿਕਾਇਤ ਕੀਤੀ।

Related Post