ਕਾਂਗਰਸ ਤੇ ਆਮ ਆਦਮੀ ਪਾਰਟੀ ਦੱਸਣ ਇੱਕ ਕੰਮ, ਜੋ ਉਨ੍ਹਾਂ ਨੇ ਪੰਜਾਬ ਲਈ ਕੀਤਾ ਹੋਵੇ : MP ਹਰਸਿਮਰਤ ਕੌਰ ਬਾਦਲ

ਬਠਿੰਡਾ ਸੰਸਦ ਮੈਂਬਰ ਨੇ ਅਕਾਲੀ ਉਮੀਦਵਾਰ ਪ੍ਰਿੰਸਿਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਆਪਣੇ ਹਲਕੇ ਵਿੱਚ ਕਈ ਜਨਸਭਾਵਾਂ ਕੀਤੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਿਸਾਨਾਂ ਅਤੇ ਗਰੀਬਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਨੂੰ ਹੋਰ ਅੱਗੇ ਵਧਾਉਣ ਲਈ ਪਾਰਟੀ ਵਚਨਬੱਧ ਹੈ।

By  Aarti October 30th 2025 05:48 PM

MP Harsimrat Kaur Badal News :  ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਿਹਾ ਕਿ ਉਹ ਇੱਕ ਕੰਮ ਦੱਸਣ ਜੋ ਉਹਨਾਂ ਨੇ ਪੰਜਾਬ ਵਿੱਚ ਕੀਤਾ ਹੋਵੇ। ਇਸ ਨਾਲ ਹੀ ਉਨ੍ਹਾਂ ਨੇ ਪੰਜਾਬੀਆਂ ਨੂੰ ਉਸ ਖੇਤਰੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਜਿਸ ਨੇ ਹਮੇਸ਼ਾਂ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਲੜਾਈ ਲੜੀ ਹੈ।

ਬਠਿੰਡਾ ਸੰਸਦ ਮੈਂਬਰ ਨੇ ਅਕਾਲੀ ਉਮੀਦਵਾਰ ਪ੍ਰਿੰਸਿਪਲ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਆਪਣੇ ਹਲਕੇ ਵਿੱਚ ਕਈ ਜਨਸਭਾਵਾਂ ਕੀਤੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਕਿਸਾਨਾਂ ਅਤੇ ਗਰੀਬਾਂ ਲਈ ਸ਼ੁਰੂ ਕੀਤੀਆਂ ਵੱਖ-ਵੱਖ ਯੋਜਨਾਵਾਂ ਨੂੰ ਹੋਰ ਅੱਗੇ ਵਧਾਉਣ ਲਈ ਪਾਰਟੀ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਅਸੀਂ ਬੇਘਰ ਲੋਕਾਂ ਨੂੰ ਘਰ ਦਿਆਂਗੇ, ਬੁਢ਼ਾਪਾ ਪੈਨਸ਼ਨ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਨੌਜਵਾਨਾਂ ਲਈ ਪੰਜ ਲੱਖ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਅਸੀਂ ਸਿਰਫ ਪੰਜਾਬੀਆਂ ਲਈ ਨੌਕਰੀਆਂ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਅਤੇ ਬਾਹਰਲੇ ਲੋਕਾਂ ਨੂੰ ਪੰਜਾਬ ਵਿੱਚ ਜ਼ਮੀਨ ਖਰੀਦਣ ਤੋਂ ਵੀ ਰੋਕ ਲਗਾਵਾਂਗੇ।

ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਦਾ ਸਮਰਥਨ ਕਰਨ ਦੀ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ, “ਅਕਾਲੀ ਦਲ ਨੇ ਕਦੇ ਵੀ ਰਾਜਨੀਤਿਕ ਲਾਭ ਲਈ ਝੂਠ ਨਹੀਂ ਬੋਲਿਆ। ਅਸੀਂ ਹਮੇਸ਼ਾਂ ਆਪਣੇ ਵਾਅਦੇ ਪੂਰੇ ਕੀਤੇ ਹਨ — ਚਾਹੇ ਉਹ ਕਿਸਾਨਾਂ ਨੂੰ ਟਿਊਬਵੈੱਲ ਚਲਾਉਣ ਲਈ ਮੁਫ਼ਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਬੁਢ਼ਾਪਾ ਪੈਨਸ਼ਨ, ਆਟਾ-ਦਾਲ ਤੇ ਸ਼ਗਨ ਵਰਗੀਆਂ ਸਮਾਜਿਕ ਭਲਾਈ ਯੋਜਨਾਵਾਂ ਸ਼ੁਰੂ ਕਰਨ ਦੀ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਧੋਖਾ ਦੇਣ ਤੋਂ ਇਲਾਵਾ ਕੁਝ ਨਹੀਂ ਕੀਤਾ। ਕਾਂਗਰਸ ਨੇ ਕਰਜ਼ਾ ਮਾਫ਼ੀ ਦਾ ਵਾਅਦਾ ਤੋੜ ਦਿੱਤਾ, ਜਦਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਦਾਅਵਾ ਕੀਤਾ ਸੀ ਪਰ ਹੁਣ ਉਹ ਡਰੱਗ ਮਾਫੀਆ ਨੂੰ ਸਹਾਰਾ ਦੇ ਰਹੀ ਹੈ ਅਤੇ ਖੁਦ ਵੀ ਨਸ਼ੇ ਵੇਚਣ ਵਿੱਚ ਸ਼ਾਮਲ ਹੋ ਗਈ ਹੈ।”

ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬੀਬੀ ਬਾਦਲ ਨੇ ਕਿਹਾ, “ਅਸੀਂ ਵੇਖਿਆ ਹੈ ਕਿ ਕਿਵੇਂ ਡਾ. ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ ਅਤੇ ਅਮਿਤ ਰਤਨ ਵਰਗੇ ਆਮ ਆਦਮੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਹਾਲ ਹੀ ਵਿੱਚ ਅਸੀਂ ਇਹ ਵੀ ਵੇਖਿਆ ਕਿ ਕਿਵੇਂ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਹਰ ਮਹੀਨੇ ਆਮ ਆਦਮੀ ਪਾਰਟੀ ਲਈ ਕਰੋੜਾਂ ਰੁਪਏ ਇਕੱਠੇ ਕਰ ਰਹੇ ਸਨ — ਉਨ੍ਹਾਂ ਦੇ ਘਰ ’ਤੇ ਛਾਪੇ ਦੌਰਾਨ 7.50 ਕਰੋੜ ਰੁਪਏ ਨਕਦ, ਚਾਰ ਕਿਲੋ ਸੋਨਾ ਅਤੇ 60 ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ।” ਉਨ੍ਹਾਂ ਕਿਹਾ ਕਿ ਪੰਜਾਬ ਇਸ ਲਈ ਪੀੜਤ ਹੈ ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਨੂੰ ਲੁੱਟ ਰਹੀ ਹੈ ਅਤੇ ਦਿੱਲੀ ਵਿੱਚ ਪਾਰਟੀ ਦਾ ਖ਼ਜ਼ਾਨਾ ਭਰਦਿਆਂ ਹੋਏ ਹੋਰ ਰਾਜਾਂ ਵਿੱਚ ਚੋਣਾਂ ਲੜਨ ਲਈ ਪੈਸਾ ਭੇਜ ਰਹੀ ਹੈ।

ਲੋਕਾਂ ਨੂੰ ਪ੍ਰਿੰਸਿਪਲ ਰੰਧਾਵਾ ਦਾ ਤਹਿ ਦਿਲੋਂ ਸਮਰਥਨ ਕਰਨ ਦੀ ਅਪੀਲ ਕਰਦਿਆਂ ਬੀਬੀ ਬਾਦਲ ਨੇ ਕਿਹਾ, “ਸਾਨੂੰ ਉਸ ਧਰਮੀ ਫੌਜੀ ਪਰਿਵਾਰ ਨਾਲ ਏਕਤਾ ਦਿਖਾਉਣੀ ਚਾਹੀਦੀ ਹੈ, ਜਿਸ ਦੇ ਮੈਂਬਰ ਨੇ ਆਪਣੀ ਨੌਕਰੀ ਦੀ ਕੁਰਬਾਨੀ ਦਿੱਤੀ ਅਤੇ ਜ਼ੁਲਮ ਦਾ ਸਾਹਮਣਾ ਕੀਤਾ ਕਿਉਂਕਿ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ’ਤੇ ਹਮਲੇ ਨਾਲ ਉਸ ਦੀਆਂ ਭਾਵਨਾਵਾਂ ਆਹਤ ਹੋਈਆਂ ਸਨ।”

ਇਸ ਮੌਕੇ ਮੌਜੂਦ ਸੀਨੀਅਰ ਆਗੂਆਂ ਵਿੱਚ ਸ਼ਰਨਜੀਤ ਸਿੰਘ ਢਿੱਲੋਂ, ਰਵਿੰਦਰਪਾਲ ਸਿੰਘ ਬ੍ਰਹਮਪੁਰਾ, ਅਲਵਿੰਦਰਪਾਲ ਸਿੰਘ ਪਖੋਕੇ, ਬੀਬੀ ਹਰਗੋਬਿੰਦ ਕੌਰ, ਗੌਰਵਦੀਪ ਸਿੰਘ ਵਲਟੋਹਾ, ਇਕਬਾਲ ਸਿੰਘ ਸੰਧੂ ਅਤੇ ਸੁਖਪਾਲ ਸਿੰਘ ਨੰਨੂ ਸ਼ਾਮਲ ਸਨ।

ਇਹ ਵੀ ਪੜ੍ਹੋ : Punjab Bus Strike : ਪੰਜਾਬ ’ਚ ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ; ਲੱਗਣ ਵਾਲਾ ਹੈ ਚੱਕਾ ਜਾਮ

Related Post