Punjab Flood Relief : ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੜ੍ਹ ਪ੍ਰਭਾਵਿਤਾਂ ਦੀ ਮਦਦ, ਕੜਿਆਲ ਤੇ ਨੇਪਾਲ ਪਿੰਡਾਂ ਚ ਵੰਡੇ 11 ਲੱਖ ਰੁਪਏ ਦੇ ਚੈੱਕ
Punjab Flood Relief : ਇਹ ਸਾਰੀ ਸੇਵਾ ਦਾ ਮਕਸਦ ਹੈ ਕਿ ਪੰਜਾਬ ਮੁੜ ਹਰਾ-ਭਰਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਦੋ ਮੁੱਖ ਮੰਤਵਾਂ ਨਾਲ ਕੰਮ ਕਰ ਰਹੇ ਹਾਂ, ਫਸਲ ਦੀ ਬਿਜਾਈ ਤੇ ਬੱਚਿਆਂ ਦੀ ਪੜ੍ਹਾਈ, ਕਿਉਂਕਿ ਜਦ ਕਿਸਾਨ ਖੜਾ ਹੋਵੇਗਾ ਤਾਂ ਪੰਜਾਬ ਖੜਾ ਹੋਵੇਗਾ।
Punjab Flood Relief : ਅੰਮ੍ਰਿਤਸਰ ਦੇ ਰਾਜਾਸਾਂਸੀ ਹਲਕੇ ਦੇ ਪਿੰਡ ਕੜਿਆਲ ਵਿੱਚ ਐਜੂਕੇਟ ਪੰਜਾਬ ਪ੍ਰੋਜੈਕਟ, ਸਿੱਖ ਐਂਡ ਸਕਾਟਲੈਟ ਅਤੇ ਗੁਰੂ ਨਾਨਕ ਚੈਰੀਟੇਬਲ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਵੱਡੀ ਆਰਥਿਕ ਸਹਾਇਤਾ ਦਿੱਤੀ ਗਈ। ਇਸ ਮੌਕੇ ਟਰੱਸਟ ਦੀ ਪ੍ਰਤਿਨਿਧ ਜਸਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਨੇਪਾਲ ਤੇ ਕੜਿਆਲ ਪਿੰਡਾਂ ਦੇ ਕਰੀਬ 200 ਕਿਸਾਨਾਂ ਨੂੰ ਡੀਏਪੀ ਖਾਦ ਲਈ 11 ਲੱਖ ਰੁਪਏ ਦੇ ਚੈੱਕ ਵੰਡੇ ਗਏ।
ਜਸਪ੍ਰੀਤ ਕੌਰ ਨੇ ਕਿਹਾ ਕਿ 22 ਅਗਸਤ ਤੋਂ ਲਗਾਤਾਰ ਪੰਜਾਬ ਦੇ ਵੱਖ-ਵੱਖ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿੱਚ ਪਸ਼ੂਆਂ ਲਈ ਚਾਰਾ, ਮੈਡੀਕਲ ਸਹੂਲਤਾਂ, ਸੈਨੀਟਾਈਜੇਸ਼ਨ ਤੇ ਪੋਖਿੰਗ ਮੁਹਿੰਮਾਂ ਸ਼ਾਮਲ ਹਨ। ਇਹ ਸਾਰੀ ਸੇਵਾ ਦਾ ਮਕਸਦ ਹੈ ਕਿ ਪੰਜਾਬ ਮੁੜ ਹਰਾ-ਭਰਾ ਹੋਵੇ। ਉਨ੍ਹਾਂ ਕਿਹਾ ਕਿ ਅਸੀਂ ਦੋ ਮੁੱਖ ਮੰਤਵਾਂ ਨਾਲ ਕੰਮ ਕਰ ਰਹੇ ਹਾਂ, ਫਸਲ ਦੀ ਬਿਜਾਈ ਤੇ ਬੱਚਿਆਂ ਦੀ ਪੜ੍ਹਾਈ, ਕਿਉਂਕਿ ਜਦ ਕਿਸਾਨ ਖੜਾ ਹੋਵੇਗਾ ਤਾਂ ਪੰਜਾਬ ਖੜਾ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਡੇਢ ਕਰੋੜ ਰੁਪਏ ਦੀ ਰਾਸ਼ੀ 1000 ਕਿਸਾਨਾਂ ਨੂੰ ਬਿਜਾਈ ਲਈ ਦਿੱਤੀ ਜਾ ਚੁੱਕੀ ਹੈ, ਜਦਕਿ ਬੱਚਿਆਂ ਦੀ ਸਿੱਖਿਆ ਲਈ ਵੀ ਵੱਡਾ ਉਪਰਾਲਾ ਕੀਤਾ ਗਿਆ ਹੈ। 370 ਬੱਚਿਆਂ ਦੀਆਂ 47 ਲੱਖ ਰੁਪਏ ਦੀਆਂ ਸਕੂਲ ਫੀਸਾਂ ਭਰੀਆਂ ਗਈਆਂ ਹਨ, ਅਤੇ ਆਉਣ ਵਾਲੇ ਸਮੇਂ ਵਿੱਚ ਹੋਰ 400 ਵਿਦਿਆਰਥੀਆਂ ਨੂੰ ਸਹਾਇਤਾ ਦੇਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਦੌਰਾਨ ਹੜ ਪ੍ਰਭਾਵਿਤ ਕਿਸਾਨਾਂ ਨੇ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦ ਸਾਰੇ ਹੱਥ ਪਿੱਛੇ ਹਟ ਗਏ ਸਨ, ਐਜੂਕੇਟ ਪੰਜਾਬ ਦੀ ਟੀਮ ਨੇ ਉਨ੍ਹਾਂ ਨੂੰ ਗੋਦ ਲਿਆ। ਕਿਸਾਨਾਂ ਨੇ ਦੱਸਿਆ ਕਿ ਟੀਮ ਨੇ ਪਸ਼ੂਆਂ ਲਈ ਚਾਰਾ, ਡੀਜ਼ਲ ਅਤੇ ਹੁਣ ਡੀਏਪੀ ਦੀ ਸਹਾਇਤਾ ਦਿੱਤੀ ਹੈ। ਇੱਕ ਕਿਸਾਨ ਨੇ ਕਿਹਾ, “ਸਾਡੇ ਪਿੰਡ ਵਿੱਚ ਕਿਸੇ ਹੋਰ ਸੰਗਠਨ ਨੇ ਇੰਝ ਸਹਿਯੋਗ ਨਹੀਂ ਦਿੱਤਾ, ਇਹ ਗੁਰਸਿੱਖ ਭਾਈ ਸੱਚਮੁੱਚ ਸਾਡੇ ਲਈ ਆਸ ਬਣ ਕੇ ਆਏ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਟੀਮ ਵੱਲੋਂ ਸਕੂਲਾਂ ਦੀਆਂ ਫੀਸਾਂ ਭਰਨ ਤੋਂ ਬਾਅਦ ਕਈ ਬੱਚਿਆਂ ਦੇ ਦਾਖਲੇ ਮੁੜ ਹੋਏ ਹਨ। ਐਜੂਕੇਟ ਪੰਜਾਬ ਪ੍ਰੋਜੈਕਟ ਪਿਛਲੇ 20 ਸਾਲਾਂ ਤੋਂ ਲੋੜਵੰਦ ਬੱਚਿਆਂ ਲਈ ਸਿੱਖਿਆ ਸੇਵਾ ਕਰ ਰਿਹਾ ਹੈ, ਜਿਸ ਰਾਹੀਂ 6000 ਵਿਦਿਆਰਥੀ ਮੁਫ਼ਤ ਸਿੱਖਿਆ ਹਾਸਲ ਕਰ ਰਹੇ ਹਨ।
ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਸਾਰਾ ਕੰਮ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੈ ਅਤੇ ਇਹ ਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ ਤਾਂ ਜੋ ਹੜ ਪੀੜਤ ਕਿਸਾਨ ਤੇ ਉਨ੍ਹਾਂ ਦੇ ਪਰਿਵਾਰ ਮੁੜ ਆਪਣਾ ਜੀਵਨ ਪਟੜੀ 'ਤੇ ਲਿਆ ਸਕਣ।