ਆਨਲਾਈਨ ਕੋਰਸ ਮੂਕਸ ਦੇ ਖੇਤਰ ਵਿੱਚ EMRC ਪਟਿਆਲਾ ਦੇਸ਼ ਭਰ ਵਿੱਚ ਮੋਹਰੀ

ਆਨਲਾਈਨ ਕੋਰਸ 'ਮੂਕਸ' ਦੇ ਖੇਤਰ ਵਿੱਚ ਈਐੱਮਆਰਸੀ ਪਟਿਆਲਾ ਦੇਸ਼ ਭਰ ਵਿੱਚ ਮੋਹਰੀ ਰਿਹਾ ਹੈ। ਈਐੱਮਆਰਸੀ ਪਟਿਆਲਾ ਦਾ ਆਪਣੇ ਸਥਾਪਨਾ ਸਮੇਂ ਤੋਂ ਹੁਣ ਤੱਕ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ।

By  Dhalwinder Sandhu July 17th 2024 07:35 PM

Patiala News : ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ. ਐੱਮ. ਆਰ.ਸੀ.) 'ਮੂਕਸ' ਦੇ ਨਾਮ ਨਾਲ਼ ਜਾਣੇ ਜਾਂਦੇ ਆਨਲਾਈਨ/ਡਿਜੀਟਲ ਕੋਰਸਾਂ ਦੇ ਖੇਤਰ ਵਿੱਚ ਦੇਸ ਭਰ ਵਿੱਚੋਂ ਮੋਹਰੀ ਸਥਾਨ ਉੱਤੇ ਹੈ। ਭਾਰਤ ਸਰਕਾਰ ਦੇ ਸਵੈਯਮ ਪੋਰਟਲ ਰਾਹੀਂ ਕਰਵਾਏ ਜਾਂਦੇ ਮੈਸਿਵ ਓਪਨ ਆਨਲਾਈਨ ਕੋਰਸ (ਮੂਕਸ) ਦੇ ਮਾਮਲੇ ਵਿੱਚ ਜੁਲਾਈ ਤੋਂ ਦਸੰਬਰ 2024 ਵਾਲ਼ੇ ਸੈਸ਼ਨ ਦੌਰਾਨ ਈ. ਐੱਮ. ਆਰ. ਸੀ. ਨੇ ਹਾਲ ਹੀ ਵਿੱਚ 17 ਕੋਰਸ ਜਾਰੀ ਕੀਤੇ ਹਨ। ਇਸ ਗਿਣਤੀ ਨਾਲ਼ ਈ. ਐੱਮ. ਆਰ. ਸੀ. ਕਾਲੀਕੱਟ ਅਤੇ ਈ. ਐੱਮ. ਆਰ. ਸੀ. ਪਟਿਆਲਾ ਸਾਂਝੇ ਤੌਰ ਉੱਤੇ ਦੇਸ ਭਰ ਦੇ ਕੁੱਲ 21 ਕੇਂਦਰਾਂ ਵਿੱਚੋਂ ਪ੍ਰਥਮ ਸਥਾਨ ਉੱਤੇ ਹਨ। ਭਾਰਤ ਸਰਕਾਰ ਦੇ ਸਵੈਯਮ ਪੋਰਟਲ ਉੱਪਰ ਇਸ ਸੈਸ਼ਨ ਦੌਰਾਨ ਕੁੱਲ 176 ਮੂਕਸ ਉਪਲਬਧ ਹਨ।

ਈ. ਐੱਮ. ਆਰ. ਸੀ. ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਪ੍ਰਾਪਤੀ ਬਾਰੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਸੰਸਥਾਗਤ ਸਮਰਥਾ ਦਾ ਨਿਰਮਾਣ ਕਰਨਾ ਜ਼ਿੰਮੇਵਾਰੀ ਵਾਲ਼ਾ ਕਾਰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਇਸ ਕੇਂਦਰ ਦੀ ਵਾਗਡੋਰ ਸੰਭਾਲ਼ੀ ਹੈ ਉਦੋਂ ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਅਤੇ ਅਨੁਸ਼ਾਸਨਬੱਧ ਕੋਸ਼ਿਸਾਂ ਨੂੰ ਹੁਣ ਫਲ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਸਿੱਟੇ ਵਜੋਂ ਇਹ ਪ੍ਰਾਪਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੋਂ ਪਟਿਆਲਾ ਵਿੱਚ ਇਹ ਕੇਂਦਰ ਸਥਾਪਿਤ ਹੋਇਆ ਹੈ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਇਸ ਕੇਂਦਰ ਦਾ ਸਰਵੋਤਮ ਪ੍ਰਦਰਸ਼ਨ ਹੈ। ਉਨ੍ਹਾਂ ਦੱਸਿਆ ਕਿ ਇਹ ਕੇਂਦਰ ਪਿਛਲੇ ਸਮੇਂ ਦੌਰਾਨ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਪੱਛੜਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ ਭਰ ਦੇ ਲੋੜਵੰਦ ਵਿਦਿਆਰਥੀਆਂ ਨੂੰ ਡਿਜੀਟਲ ਮੋਡ ਰਾਹੀਂ ਸਿੱਖਿਆ ਸਮੱਗਰੀ ਮੁਹੱਈਆ ਕਰਵਾਉਣ ਦੇ ਮੰਤਵ ਲਈ ਇਸ ਕੇਂਦਰ ਨੂੰ ਲਗਾਤਾਰ ਕੰਮ ਕਰਦੇ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇੱਕ ਪ੍ਰਾਪਤੀ ਇਹ ਵੀ ਹੈ ਕਿ ਜਦੋਂ ਤੋਂ ਉਨ੍ਹਾਂ ਨੇ ਇੱਥੇ ਜੁਆਇਨ ਕੀਤਾ ਹੈ ਓਦੋਂ ਤੋਂ ਇੱਥੇ ਵੱਧ ਤੋਂ ਵੱਧ ਨੌਜਵਾਨ ਵਿਸ਼ਾ ਮਾਹਿਰਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਗਿਆ ਹੈ। ਪਿਛਲੇ ਦੋ ਸਾਲਾਂ ਦੌਰਾਨ ਵਿਸ਼ਾ ਮਾਹਿਰਾਂ ਦੀ ਔਸਤਨ ਉਮਰ ਦਾ ਅੰਕੜਾ ਮੁਕਾਬਲਤਨ ਘਟਿਆ ਹੈ। ਇਸ ਸਮੇਂ ਦੇਸ ਦੇ ਵੱਖ-ਵੱਖ 10 ਰਾਜਾਂ ਦੇ ਵਿਸ਼ਾ ਮਾਹਿਰ ਈ. ਐੱਮ. ਆਰ. ਸੀ. ਪਟਿਆਲਾ ਦੇ ਪ੍ਰਾਜੈਕਟਾਂ ਵਿੱਚ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਦੇਸ ਭਰ ਦੇ ਹੋਰ ਈ. ਐੱਮ. ਆਰ. ਸੀ. ਅਤੇ ਯੂਨੀਵਰਸਿਟੀਆਂ ਨਾਲ਼ ਅਕਾਦਮਿਕ ਸਾਂਝੇਦਾਰੀਆਂ ਵਿੱਚ ਵੀ ਵਾਧਾ ਹੋਇਆ ਹੈ। ਹਾਲ ਹੀ ਵਿੱਚ ਪੂਨੇ ਅਤੇ ਪੌਂਡੀਚਰੀ ਦੇ ਈ. ਐੱਮ. ਆਰ. ਸੀ. ਵਿਖੇ ਰਿਕਾਰਡ ਹੋਏ ਈ. ਐੱਮ. ਆਰ.ਸੀ. ਪਟਿਆਲਾ ਦੇ ਲੈਕਚਰ ਇਸ ਦੀ ਤਾਜ਼ਾ ਉਦਾਹਰਣ ਹਨ।

ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ, ਪਟਿਆਲਾ ਤੋਂ ਪ੍ਰੋ. ਸ਼ਰਨਜੀਤ ਵੱਲੋਂ ਇਸ ਪ੍ਰਾਪਤੀ ਬਾਰੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਉਹ 2016 ਤੋਂ ਇਸ ਕੇਂਦਰ ਨਾਲ਼ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਇੱਥੋਂ ਦੇ ਕੰਮ ਕਾਜ ਦੀ ਸਮਰਥਾ ਅਤੇ ਅਕਾਦਮਿਕ ਮਾਹੌਲ ਵਿੱਚ ਮਿਸਾਲੀ ਪੱਧਰ ਦੀ ਬਿਹਤਰੀ ਵੇਖਣ ਨੂੰ ਮਿਲੀ ਹੈ।

ਕੇ. ਐੱਮ. ਵੀ., ਜਲੰਧਰ ਤੋਂ ਡਾ. ਮੋਨਿਕਾ ਸ਼ਰਮਾ ਨੇ ਆਪਣਾ ਅਨੁਭਵ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਉਹ ਇੱਥੇ ਇੱਕ ਸਿਖਲਾਈ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ ਸਨ ਅਤੇ ਹੁਣ ਤੱਕ 31 ਲੈਕਚਰ ਅਤੇ ਦੋ ਮੂਕਸ ਸੰਪੰਨ ਕਰ ਚੁੱਕੇ ਹਨ। ਉਨ੍ਹਾਂ ਇੱਥੋਂ ਦੇ ਕੰਮ-ਕਾਜੀ ਅਤੇ ਅਨੁਸ਼ਾਸਨ ਵਾਲੇ ਮਾਹੌਲ ਦੀ ਸ਼ਲਾਘਾ ਕੀਤੀ।

ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਤੋਂ ਡਾ. ਵਿਕਾਸ ਰਾਠੀ ਨੇ ਦੱਸਿਆ ਕਿ ਕਿਵੇਂ ਕੇਂਦਰ ਦੇ ਡਾਇਰੈਕਟਰ ਦੀ ਅਗਵਾਈ ਵਿੱਚ ਇਸ ਕੇਂਦਰ ਦੇ ਅਮਲੇ ਨੇ ਉਸ ਨੂੰ ਸਹਿਯੋਗ ਦਿੱਤਾ ਅਤੇ ਮੂਕਸ ਦੇ ਨਿਰਮਾਣ ਲਈ ਲੋੜੀਂਦਾ ਪ੍ਰਪੋਜ਼ਲ ਲਿਖਣ ਲਈ ਇੱਥੋਂ ਦੀ ਟੀਮ ਬਕਾਇਦਾ ਬਠਿੰਡਾ ਵਿਖੇ ਪੁੱਜੀ ਅਤੇ ਉਸ ਦਾ ਸੰਬੰਧਤ ਵੀਡੀਓ ਰਿਕਾਰਡ ਕੀਤਾ। ਅਜਿਹੇ ਸਹਿਯੋਗ ਨੇ ਉਸ ਨੂੰ ਮੂਕਸ ਦੇ ਨਿਰਮਾਣ ਲਈ ਉਤਸਾਹਿਤ ਕੀਤਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਲੋੜ ਅਨੁਸਾਰ ਛੁੱਟੀਆਂ ਵਾਲ਼ੇ ਦਿਨ ਵੀ ਕੰਮ ਚਲਦਾ ਰਹਿੰਦਾ ਹੈ।

ਦੋ ਮੂਕਸ ਬਣਾਉਣ ਵਾਲ਼ੇ ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਤੋਂ ਡਾ. ਅਦਿੱਤਿਆ ਕਪੂਰ, ਜੋ ਕਿ ਆਪਣੇ ਪ੍ਰਾਜੈਕਟ ਵਿੱਚ ਸੈਂਟਰਲ ਯੂਨੀਵਰਸਿਟੀ ਦੇ ਨਾਲ਼ ਨਾਲ਼ ਬਿਹਾਰ ਦੀ ਗਯਾ ਯੂਨੀਵਰਸਿਟੀ, ਦਿੱਲੀ ਯੂਨੀਵਰਸਿਟੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਹਿਰਾਂ ਦੀ ਅਗਵਾਈ ਕਰਦੇ ਹਨ, ਵੱਲੋਂ ਵੀ ਕੇਂਦਰ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਿਰ ਕੀਤੀ ਅਤੇ ਇੱਥੋਂ ਦੇ ਸਹਿਯੋਗੀ ਅਤੇ ਸਿਰਜਣਾਤਮਕ ਅਕਾਦਮਿਕ ਮਾਹੌਲ ਦੀ ਸ਼ਲਾਘਾ ਕੀਤੀ।

ਇਹ ਵੀ ਪੜ੍ਹੋ: Dubai Princess Divorces Husband: ਤਲਾਕ ਤਲਾਕ ਤਲਾਕ... ਦੁਬਈ ਦੀ ਰਾਜਕੁਮਾਰੀ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਪਤੀ ਨਾਲੋਂ ਤੋੜਿਆ ਰਿਸ਼ਤਾ, ਦੱਸਿਆ ਕਾਰਨ

Related Post