ਮੀਰੀ ਪੀਰੀ ਖ਼ਾਲਸਾ ਮਾਰਚ ਦਾ ਪਹਿਲਾ ਪੜਾਅ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਪੂਰਨ; ਦੂਜਾ ਪੜਾਅ 23 ਅਗਸਤ ਤੋਂ ਸ਼ੁਰੂ ਹੋਵੇਗਾ
ਉਨ੍ਹਾਂ ਕਿਹਾ ਕਿ ਸੰਗਤ ਨੇ ਮੌਸਮ ਵਿੱਚ ਗਰਮੀ ਅਤੇ ਭਾਰੀ ਮੀਂਹ ਦੀ ਪਰਵਾਹ ਕੀਤੇ ਬਿਨਾਂ ਵੀ ਖ਼ਾਲਸਾ ਮਾਰਚ ਵਿੱਚ ਬਹੁਤ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣਾ ਸਤਿਕਾਰ ਭੇਟ ਕੀਤਾ ਹੈ, ਜੋ ਕਿ ਪ੍ਰੇਰਣਾਦਾਇਕ ਹੈ।
ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 24 ਜੁਲਾਈ ਨੂੰ ਪਹਿਲੇ ਪੜਾਅ ਦੇ ਤਹਿਤ ਆਰੰਭ ਹੋਇਆ ‘ਮੀਰੀ ਪੀਰੀ ਖ਼ਾਲਸਾ ਮਾਰਚ’ ਪੰਜਾਬ ਦੇ ਮਾਝਾ ਤੇ ਮਾਲਵਾ ਖੇਤਰ ਵਿੱਚ ਸਿੱਖੀ ਪ੍ਰਚਾਰ ਪ੍ਰਸਾਰ ਕਰਦਿਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਿੱਖ ਸੰਗਤ ਨੂੰ ਕੌਮੀ ਸਨੇਹੇ ਦਿੰਦਾ ਹੋਇਆ ਬੀਤੀ ਰਾਤ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਖ਼ਾਲਸਈ ਜਾਹੋ ਜਲਾਲ ਤੇ ਭਰਵੀਂ ਸੰਗਤ ਦੀ ਸ਼ਮੂਲੀਅਤ ਨਾਲ ਸੰਪੂਰਨ ਹੋਇਆ। ਖ਼ਾਲਸਾ ਮਾਰਚ ਦੇ ਦਮਦਮਾ ਸਾਹਿਬ ਪਹੁੰਚਣ ਉੱਤੇ ਸੰਗਤ ਵੱਲੋਂ ਆਤਿਸ਼ਬਾਜ਼ੀ ਕਰਕੇ ਸੁਆਗਤ ਕੀਤਾ ਗਿਆ।
ਮੀਰੀ ਪੀਰੀ ਖ਼ਾਲਸਾ ਮਾਰਚ ਦੌਰਾਨ ਜਿੱਥੇ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲ ਪੰਥਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੰਗਾ ਸਹਿਯੋਗ ਰਿਹਾ ਉੱਥੇ ਹੀ ਸਿੱਖ ਸੰਗਤ ਨੇ ਵੀ ਹਰ ਪਾਸੇ ਭਰਵੀਂ ਸ਼ਮੂਲੀਅਤ ਕਰਕੇ ਸੁਆਗਤ ਕੀਤਾ, ਜਿਸ ਲਈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਖ਼ਾਲਸਾ ਮਾਰਚ ਵਿੱਚ ਲਗਾਤਾਰ ਹਰ ਰੋਜ਼ ਉਤਸ਼ਾਹ ਨਾਲ ਸ਼ਮੂਲੀਅਤ ਕਰਦੇ ਰਹੇ ਅਤੇ ਸਮੁੱਚੇ ਪ੍ਰਬੰਧ ਆਪ ਦੇਖਦੇ ਰਹੇ। ਉਨ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਦਾ ਵੀ ਖ਼ਾਲਸਾ ਮਾਰਚ ਦੌਰਾਨ ਹਾਜ਼ਰੀਆਂ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਸੰਗਤ ਨੇ ਮੌਸਮ ਵਿੱਚ ਗਰਮੀ ਅਤੇ ਭਾਰੀ ਮੀਂਹ ਦੀ ਪਰਵਾਹ ਕੀਤੇ ਬਿਨਾਂ ਵੀ ਖ਼ਾਲਸਾ ਮਾਰਚ ਵਿੱਚ ਬਹੁਤ ਉਤਸ਼ਾਹ ਨਾਲ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਆਪਣੀ ਸ਼ਰਧਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ ਆਪਣਾ ਸਤਿਕਾਰ ਭੇਟ ਕੀਤਾ ਹੈ, ਜੋ ਕਿ ਪ੍ਰੇਰਣਾਦਾਇਕ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਮੀਰੀ ਪੀਰੀ ਖ਼ਾਲਸਾ ਮਾਰਚ ਪੰਜਾਬ ਦੇ ਵੱਖ-ਵੱਖ ਪਿੰਡਾਂ, ਨਗਰਾਂ ਅਤੇ ਸ਼ਹਿਰਾਂ ਦੇ ਵਿੱਚ ਗਿਆ, ਜਿਸ ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਪਿੰਡਾਂ ਵਿੱਚ ਨਸ਼ੇ ਦੇ ਸੌਦਾਗਰਾਂ ਦਾ ਬਾਈਕਾਟ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਣ, ਦੇਹਧਾਰੀ ਡੰਮਾਂ ਦਾ ਖਹਿੜਾ ਛੱਡਣ, ਆਪਸ ਵਿੱਚ ਏਕਤਾ ਤੇ ਪ੍ਰੇਮ ਨਾਲ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਖ਼ਾਲਸਾ ਮਾਰਚ ਦੌਰਾਨ ਸਮੂਹ ਪੰਜਾਬੀਆਂ ਨੂੰ ਇਹ ਸਨੇਹਾ ਦਿੱਤਾ ਗਿਆ ਕਿ ਉਹ ਪੰਜਾਬ ਨੂੰ ਪੱਕੇ ਤੌਰ ਉੱਤੇ ਨਾ ਛੱਡਣ ਅਤੇ ਆਪਣੇ ਮੂਲ ਨਾਲ ਜੁੜੇ ਰਹਿਣ, ਇੱਥੋਂ ਦੀਆਂ ਜ਼ਮੀਨਾਂ ਨਾ ਵੇਚਣ ਬਲਕਿ ਇੱਥੇ ਹੀ ਹੋਰ ਤਕੜੇ ਹੋਣ। ਉਨ੍ਹਾਂ ਕਿਹਾ ਕਿ ਪੰਜਾਬੀ ਅਤੇ ਖ਼ਾਸਕਰ ਸਿੱਖ ਪਰਿਵਾਰਾਂ ਨੂੰ ਇਹ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਘੱਟੋ-ਘੱਟ ਤਿੰਨ ਬੱਚੇ ਪੈਦਾ ਕਰਨ ਤਾਂ ਜੋ ਸਾਡੀਆਂ ਆਪਸ ਵਿੱਚ ਰਿਸ਼ਤੇਦਾਰੀਆਂ ਕਾਇਮ ਰਹਿਣ ਅਤੇ ਘਰਾਂ ਵਿੱਚ ਰਿਸ਼ਤਿਆਂ ਦੀ ਫੁਲਵਾੜੀ ਸਜੀ ਰਹੇ। ਉਨ੍ਹਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਸਿੱਖ ਸੰਸਥਾਵਾਂ ਕਮਜ਼ੋਰ ਕਰਨ ਦੀ ਮਨਸ਼ਾ ਰੱਖਣ ਦੇ ਨਾਲ-ਨਾਲ ਗੁਰੂ ਘਰਾਂ ਦੇ ਪ੍ਰਬੰਧਾਂ ਤੇ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਦੇਣ ਵਾਲੀਆਂ ਸ਼ਕਤੀਆਂ ਤੋਂ ਸੁਚੇਤ ਰਹਿਣ ਲਈ ਵੀ ਸੰਦੇਸ਼ ਦਿੱਤਾ ਗਿਆ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਖ਼ਾਲਸਾ ਮਾਰਚ ਸਮੇਂ ਸਿੱਖ ਨੌਜਵਾਨਾਂ ਵੱਲੋਂ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਸਮੂਹ ਨੌਜਵਾਨ ਪੰਜਾਬ ਅਤੇ ਸਿੱਖੀ ਪ੍ਰਤੀ ਸੁਚੇਤ ਅਤੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਹ ਮੀਰੀ ਪੀਰੀ ਖ਼ਾਲਸਾ ਮਾਰਚ ਸਿੱਖੀ ਪ੍ਰਚਾਰ ਪ੍ਰਸਾਰ ਲਈ ਇਹ ਅਹਿਮ ਮੀਲ ਪੱਥਰ ਸਾਬਤ ਹੋਇਆ ਹੈ ਅਤੇ 23 ਅਗਸਤ 2026 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਲਈ ਦੂਜਾ ਪੜਾਅ ਆਰੰਭ ਹੋਵੇਗਾ। ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਲਈ ਵੀ ਮੀਰੀ ਪੀਰੀ ਖ਼ਾਲਸਾ ਮਾਰਚ ਸਜਾਇਆ ਜਾਵੇਗਾ।