ਚਰਨਜੀਤ ਚੰਨੀ ਦੀ ਹਵਾਈ ਫੌਜ ਤੇ ਹਮਲੇ ਬਾਰੇ ਸਟੰਟਬਾਜ਼ੀ ਟਿੱਪਣੀ ਕੀ ਹੈ, ਸਾਬਕਾ CM ਨੇ ਸਪੱਸ਼ਟੀਕਰਨ ਦੇ ਕੇ ਦੱਸਿਆ...ਪੜ੍ਹੋ ਪੂਰਾ ਮਾਮਲਾ
ਸਾਬਕਾ ਸੀਐਮ ਨੇ ਕਿਹਾ ਕਿ ਮੈਂ ਇਸ ਨੂੰ ਸਟੰਟ ਇਸ ਲਈ ਕਹਿ ਰਿਹਾ ਹਾਂ ਕਿ ਹਰ ਵਾਰ ਅਜਿਹੇ ਹਮਲੇ ਪੋਲੀਟੀਕਲੀ ਸਟੰਟ ਬਣਾ ਕੇ ਕਿਉਂ ਪੇਸ਼ ਕੀਤੇ ਜਾ ਰਹੇ ਹਨ। ਕਿਉਂ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਕਿਉਂ ਸਾਡੀ ਸਰਕਾਰ ਦਾ ਇੰਟੈਲੀਜੈਂਸ ਹਰ ਵਾਰ ਫੇਲ੍ਹ ਹੈ?
ਚੰਡੀਗੜ੍ਹ: ਹਵਾਈ ਫੌਜ 'ਤੇ ਹਮਲੇ ਉਪਰ ਟਿੱਪਣੀ ਨੂੰ ਲੈ ਕੇ ਭਾਜਪਾ ਲਗਾਤਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾ ਰਹੀ ਹੈ। ਭਾਜਪਾ ਲਗਾਤਾਰ ਹਮਲਾਵਰ ਰੁਖ ਅਖਤਿਆਰ ਕਰ ਰਹੀ ਹੈ। ਕੌਮੀ ਬੁਲਾਰੇ ਅਜੈ ਆਲੋਕ ਨਾਥ ਨੇ ਤਾਂ ਬਿਆਨ ਦਿੰਦਿਆਂ ਇਥੋਂ ਤੱਕ ਕਹਿ ਦਿੱਤਾ ਕਿ ਸਾਬਕਾ ਮੁੱਖ ਮੰਤਰੀ ਆਪਣਾ ਦਿਮਾਗੀ ਸੰਤੁਲਨ ਖੋਹ ਬੈਠੇ ਹਨ। ਉਨ੍ਹਾਂ ਕਿਹਾ ਕਿ ਇੱਕ ਮੁੱਖ ਮੰਤਰੀ ਨੂੰ ਅਜਿਹਾ ਬਿਆਨ ਸ਼ੋਭਾ ਨਹੀਂ ਦਿੰਦਾ।
ਜੰਮੂ ਦੇ ਸਾਬਕਾ ਮੁੱਖ ਮੰਤਰੀ ਦਾ ਚੰਨੀ 'ਤੇ ਹਮਲਾ
'ਸਟੰਟਬਾਜ਼ੀ' ਵਾਲੀ ਟਿੱਪਣੀ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਭਾਜਪਾ ਆਗੂ ਕਵਿੰਦਰ ਗੁਪਤਾ ਨੇ ਵੀ ਹੁਣ ਚੰਨੀ 'ਤੇ ਨਿਸ਼ਾਨਾ ਸਾਧਿਆ ਹੈ ਅਤੇ ਕਿਹਾ, "ਕਾਂਗਰਸੀ ਆਗੂ ਇੰਨੇ ਹੇਠਾਂ ਝੁਕ ਗਏ ਹਨ ਕਿ ਉਨ੍ਹਾਂ ਲਈ ਪਾਕਿਸਤਾਨ ਅਤੇ ਵਿਦੇਸ਼ੀ ਦੇਸ਼ ਪਹਿਲੇ ਨੰਬਰ 'ਤੇ ਹਨ। ਉਨ੍ਹਾਂ ਨੇ ਪੁਲਵਾਮਾ ਹਮਲੇ ਦੌਰਾਨ ਵੀ ਅਜਿਹੇ ਸਵਾਲ ਉਠਾਏ ਸਨ, ਜਦੋਂ ਪਾਕਿਸਤਾਨ ਨੇ ਖੁਦ ਇਸ ਨੂੰ ਸਵੀਕਾਰ ਕੀਤਾ ਸੀ ਹਥਿਆਰਬੰਦ ਬਲਾਂ ਨਾਲ ਕੋਈ ਲਗਾਅ ਹੋਵੇ, ਉਹ ਬਹਾਦਰਾਂ ਦੀਆਂ ਕੁਰਬਾਨੀਆਂ 'ਤੇ ਸਵਾਲ ਉਠਾਉਂਦੇ ਹਨ, ਵੋਟ ਬੈਂਕ ਕਾਰਨ, ਕਾਂਗਰਸ ਦੇ ਲੋਕ ਇੰਨੇ ਨੀਵੇਂ ਹੋ ਗਏ ਹਨ ਕਿ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਚੰਨੀ ਜੋ ਚਾਹੇ ਕਹਿ ਸਕਦਾ ਹੈ, ਲੋਕ ਜਾਣਦੇ ਹਨ ਕਿ ਜੰਮੂ-ਕਸ਼ਮੀਰ ਵਿਚ ਸ਼ਾਂਤੀ ਹੈ ਅੱਜ ਸਾਡੇ ਜਵਾਨਾਂ ਅਤੇ ਸੁਰੱਖਿਆ ਏਜੰਸੀਆਂ ਦੀ ਬਦੌਲਤ ਹੈ।''
ਚੰਨੀ ਦੇ ਇਸ ਬਿਆਨ ਨੂੰ ਲੈ ਕੇ ਭਖਿਆ ਮਾਹੌਲ
ਹਾਲਾਂਕਿ ਜਿਹੜੀ ਸਟੰਟਬਾਜ਼ੀ ਲਈ ਚੰਨੀ ਲਗਾਤਾਰ ਭਾਜਪਾ ਦੀਆਂ ਅੱਖਾਂ 'ਚ ਰੜਕ ਰਹੇ ਹਨ, ਅਸਲ 'ਚ ਉਹ ਹੈ ਕੀ ਇਹ ਤੁਸੀ ਉਨ੍ਹਾਂ ਦੇ ਬਿਆਨ ਨੂੰ ਪੜ੍ਹ ਅਤੇ ਸੁਣ ਕੇ ਪੂਰੀ ਚੰਗੀ ਤਰ੍ਹਾਂ ਖੁਦ ਹੀ ਸਮਝ ਸਕਦੇ ਹੋ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ 'ਚ ਭਾਰਤੀ ਹਵਾਈ ਫੌਜ ਦੇ ਵਾਹਨ 'ਤੇ ਅੱਤਵਾਦੀਆਂ ਵੱਲੋਂ ਹਮਲੇ ਕੀਤਾ ਗਿਆ ਸੀ, ਜਿਸ ਨੂੰ ਉਨ੍ਹਾਂ ਨੇ 'ਸਟੰਟ' ਕਿਹਾ ਸੀ।
ਸਾਬਕਾ ਸੀਐਮ ਨੇ ਦਿੱਤਾ ਸਪੱਸ਼ਟੀਕਰਨ, ਕਿਹਾ- 'ਤੂੰ ਇਧਰ ਉਧਰ ਕੀ ਬਾਤੇਂ ਨਾ ਕਰ, ਬਤਾ ਕਾਫਿਲਾ ਲੂਟਾ ਕਿਉਂ?
ਉਧਰ, ਚੰਨੀ ਨੇ ਆਪਣੇ ਬਿਆਨ 'ਤੇ ਸਿਆਸਤ ਭਖਦੀ ਵੇਖ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਇੱਕ ਵੀਡੀਓ ਰਾਹੀਂ ਕਿਹਾ ਕਿ ਸਾਡੇ ਜਿਹੜੇ ਦੇਸ਼ ਦੇ ਜਵਾਨ ਹਨ, ਸਾਨੂੰ ਉਨ੍ਹਾਂ 'ਤੇ ਮਾਣ ਹੈ, ਜਿਹੜੇ ਫੌਜ 'ਚ ਭਰਤੀ ਹੋ ਕੇ ਦੇਸ਼ ਅਤੇ ਉਨ੍ਹਾਂ ਦੀ ਰੱਖਿਆ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਬਿਆਨ ਇਹ ਦਿੱਤਾ ਸੀ ਕਿ ਪਿਛਲੀਆਂ ਚੋਣਾਂ ਦੌਰਾਨ ਅੱਤਵਾਦੀ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ ਸਨ, ਪਰ ਅੱਜ ਤੱਕ ਸਰਕਾਰ ਨੇ ਇਹ ਪਤਾ ਨਹੀਂ ਕੀਤਾ ਕਿ ਉਸ ਹਮਲੇ ਪਿੱਛੇ ਕਿਸ ਦਾ ਹੱਥ ਸੀ ਅਤੇ ਕਿਹੜੇ ਲੋਕ ਜ਼ਿੰਮੇਵਾਰ ਸਨ। ਹੁਣ ਫਿਰ ਚੋਣਾਂ ਆਈਆਂ ਹਨ ਅਤੇ ਹੁਣ ਫਿਰ ਹਮਲਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਸਰਕਾਰ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਕਿਹੜੇ ਲੋਕ ਹਨ, ਜਿਹੜੇ ਅਜਿਹੇ ਹਮਲੇ ਕਰਵਾਉਂਦੇ ਹਨ, ਤੁਸੀ ਉਨ੍ਹਾਂ ਨੂੰ ਸਭ ਦੇ ਸਾਹਮਣੇ ਨੰਗਾ ਕਿਉਂ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਪਹਿਲਾਂ ਹਮਲੇ ਸਮੇਂ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਨੇ ਉਸ ਸਮੇਂ ਪ੍ਰਧਾਨ ਮੰਤਰੀ ਤੋਂ ਅਸਤੀਫਾ ਵੀ ਮੰਗਿਆ ਸੀ। ਹੁਣ ਵੀ ਹਮਲਾ ਹੋਇਆ ਹੈ ਤਾਂ ਸੁਨੀਲ ਜਾਖੜ ਨੂੰ ਦੱਸਣਾ ਚਾਹੀਦੈ ਕਿ ਉਨ੍ਹਾਂ ਦਾ ਕੀ ਸਟੈਂਡ ਹੈ। ਉਨ੍ਹਾਂ ਕਿਹਾ ਕਿ ਮੈਂ ਭਾਜਪਾ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ 'ਤੂੰ ਇਧਰ ਉਧਰ ਕੀ ਬਾਤੇਂ ਨਾ ਕਰ, ਬਤਾ ਕਾਫਿਲਾ ਲੂਟਾ ਕਿਉਂ?
ਸਾਬਕਾ ਸੀਐਮ ਨੇ ਕਿਹਾ ਕਿ ਮੈਂ ਇਸ ਨੂੰ ਸਟੰਟ ਇਸ ਲਈ ਕਹਿ ਰਿਹਾ ਹਾਂ ਕਿ ਹਰ ਵਾਰ ਅਜਿਹੇ ਹਮਲੇ ਪੋਲੀਟੀਕਲੀ ਸਟੰਟ ਬਣਾ ਕੇ ਕਿਉਂ ਪੇਸ਼ ਕੀਤੇ ਜਾ ਰਹੇ ਹਨ। ਕਿਉਂ ਸਾਡੇ ਜਵਾਨ ਸ਼ਹੀਦ ਹੋ ਰਹੇ ਹਨ ਅਤੇ ਕਿਉਂ ਸਾਡੀ ਸਰਕਾਰ ਦਾ ਇੰਟੈਲੀਜੈਂਸ ਹਰ ਵਾਰ ਫੇਲ੍ਹ ਹੈ?