Amritsar ਦਾ ਹਰਮਨਦੀਪ ਸਿੰਘ ਇਟਲੀ ’ਚ ਲਾਪਤਾ ; ਪਰਿਵਾਰ ਵਿੱਚ ਚਿੰਤਾ ਅਤੇ ਦਰਦ ਦਾ ਮਾਹੌਲ

ਹਰਮਨਦੀਪ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਹਦਾ ਪੁੱਤਰ 15 ਜਨਵਰੀ 2019 ਨੂੰ ਰੋਜ਼ਗਾਰ ਦੀ ਖਾਤਰ ਇਟਲੀ ਗਿਆ ਸੀ ਅਤੇ ਉਥੇ ਰੋਮ ਸ਼ਹਿਰ ਦੇ ਲਤੀਨਾ ਜ਼ਿਲ੍ਹੇ ਵਿੱਚ ਇੱਕ ਡੇਅਰੀ ਫਾਰਮ ‘ਤੇ ਕੰਮ ਕਰਦਾ ਸੀ।

By  Aarti October 5th 2025 12:52 PM

Amritsar News : ਅੰਮ੍ਰਿਤਸਰ ਦੇ ਮਹਾਵਾ ਪਿੰਡ ਨਾਲ ਸਬੰਧਤ ਨੌਜਵਾਨ ਹਰਮਨਦੀਪ ਸਿੰਘ ਪਿਛਲੇ 72 ਦਿਨਾਂ ਤੋਂ ਇਟਲੀ ਵਿੱਚ ਲਾਪਤਾ ਹੈ, ਜਿਸ ਕਰਕੇ ਪਰਿਵਾਰ ਵਿੱਚ ਚਿੰਤਾ ਅਤੇ ਦਰਦ ਦਾ ਮਾਹੌਲ ਹੈ। ਪਰਿਵਾਰ ਵੱਲੋਂ ਭਾਰਤ ਸਰਕਾਰ ਅਤੇ ਇਟਲੀ ਸਥਿਤ ਭਾਰਤੀ ਦੂਤਾਵਾਸ ਨੂੰ ਗੁਹਾਰ ਲਗਾਈ ਗਈ ਹੈ ਕਿ ਉਹ ਇਟਲੀ ਦੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰੇ ਅਤੇ ਹਰਮਨਦੀਪ ਦਾ ਪਤਾ ਲਗਾਇਆ ਜਾਵੇ। 

ਹਰਮਨਦੀਪ ਸਿੰਘ ਦੇ ਪਿਤਾ ਕਾਬਲ ਸਿੰਘ ਨੇ ਦੱਸਿਆ ਕਿ ਉਹਦਾ ਪੁੱਤਰ 15 ਜਨਵਰੀ 2019 ਨੂੰ ਰੋਜ਼ਗਾਰ ਦੀ ਖਾਤਰ ਇਟਲੀ ਗਿਆ ਸੀ ਅਤੇ ਉਥੇ ਰੋਮ ਸ਼ਹਿਰ ਦੇ ਲਤੀਨਾ ਜ਼ਿਲ੍ਹੇ ਵਿੱਚ ਇੱਕ ਡੇਅਰੀ ਫਾਰਮ ‘ਤੇ ਕੰਮ ਕਰਦਾ ਸੀ। ਪਰਿਵਾਰ ਮੁਤਾਬਕ, 22 ਜੁਲਾਈ 2025 ਨੂੰ ਉਹ ਆਖ਼ਰੀ ਵਾਰ ਵੇਖਿਆ ਗਿਆ ਸੀ। ਇਸ ਤੋਂ ਬਾਅਦ ਉਸਦਾ ਕੋਈ ਪਤਾ ਨਹੀਂ ਲੱਗਿਆ।ਕਾਬਲ ਸਿੰਘ ਨੇ ਦੱਸਿਆ ਕਿ ਉਹਦਾ ਪੁੱਤਰ ਡੇਅਰੀ ‘ਤੇ ਬਲਜਿੰਦਰ ਸਿੰਘ, ਜੋ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਉਥੇ ਸੁਪਰਵਾਈਜ਼ਰ ਦੇ ਤੌਰ 'ਤੇ ਕੰਮ ਕਰਦਾ ਹੈ, ਨਾਲ ਕੰਮ ਕਰਦਾ ਸੀ। 

ਉਨ੍ਹਾਂ ਨੇ ਦਾਅਵਾ ਕੀਤਾ ਕਿ ਬਲਜਿੰਦਰ ਸਿੰਘ ਨੇ 2021 ਅਤੇ 2023 ਵਿੱਚ ਹਰਮਨਦੀਪ ਨਾਲ ਮਾਰਪੀਟ ਕੀਤੀ ਸੀ, ਜਿਸ ਮਾਮਲੇ ਨੂੰ ਉਨ੍ਹਾਂ ਦੇ ਭਰਾ ਕੇਵਲ ਸਿੰਘ, ਜੋ ਇਟਲੀ ਵਿੱਚ ਹੀ ਰਹਿੰਦੇ ਹਨ, ਨੇ ਹਰ ਵਾਰ ਸਮਝੌਤੇ ਨਾਲ ਸੁਲਝਾਇਆ ਸੀ।ਪਰਿਵਾਰ ਨੇ ਦੱਸਿਆ ਕਿ 22 ਜੁਲਾਈ ਨੂੰ ਹਰਮਨਦੀਪ ਨੂੰ ਆਖ਼ਰੀ ਵਾਰ ਬਲਜਿੰਦਰ ਸਿੰਘ ਅਤੇ ਡੇਅਰੀ ਫਾਰਮ ਦੇ ਮਾਲਕ ਨਾਲ ਵੇਖਿਆ ਗਿਆ ਸੀ। ਇਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋਇਆ। ਕਾਬਲ ਸਿੰਘ ਨੇ ਗੰਭੀਰ ਆਰੋਪ ਲਗਾਉਂਦਿਆਂ ਕਿਹਾ ਕਿ “ਨਾ ਕੰਪਨੀ ਕੋਈ ਸਾਫ਼ ਜਵਾਬ ਦੇ ਰਹੀ ਹੈ, ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਮੇਰੇ ਪੁੱਤਰ ਨੂੰ ਕਿੱਥੇ ਭੇਜਿਆ ਗਿਆ ਸੀ। ਸਾਨੂੰ ਪੂਰਾ ਯਕੀਨ ਹੈ ਕਿ ਇਸ ਪਿੱਛੇ ਕੋਈ ਗੜਬੜ ਹੈ।” 

ਉਨ੍ਹਾਂ ਨੇ ਮੰਗ ਕੀਤੀ ਕਿ ਬਲਜਿੰਦਰ ਸਿੰਘ ਅਤੇ ਡੇਅਰੀ ਮਾਲਕ ਨਾਲ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇ, ਕਿਉਂਕਿ ਉਹੀ ਦੋਵੇਂ ਵਿਅਕਤੀ ਆਖ਼ਰੀ ਵਾਰ ਹਰਮਨਦੀਪ ਨਾਲ ਸੰਪਰਕ ਵਿੱਚ ਸਨ। ਪਰਿਵਾਰ ਦਾ ਕਹਿਣਾ ਹੈ ਕਿ ਹਰਮਨਦੀਪ ਇੱਕ ਗੁਰਸਿੱਖ ਤੇ ਇਮਾਨਦਾਰ ਨੌਜਵਾਨ ਹੈ ਜੋ ਬਿਨਾਂ ਦੱਸੇ ਕਦੇ ਘਰ ਤੋਂ ਜਾਂ ਕੰਮ ਤੋਂ ਨਹੀਂ ਗਾਇਬ ਹੋ ਸਕਦਾ।

ਕਾਬਲ ਸਿੰਘ ਨੇ ਭਾਵੁਕ ਹੋਕੇ ਕਿਹਾ ਕਿ ਅਸੀਂ ਆਪਣੇ ਹੱਥ ਜੋੜ ਕੇ ਸਰਕਾਰ, ਮੀਡੀਆ ਅਤੇ ਸਮਾਜਿਕ ਸੰਗਠਨਾਂ ਨਾਲ ਬੇਨਤੀ ਕਰਦੇ ਹਾਂ ਕਿ ਸਾਡੀ ਆਵਾਜ਼ ਉੱਚੇ ਦਰਜੇ ਤੱਕ ਪਹੁੰਚਾਈ ਜਾਵੇ। ਸਾਨੂੰ ਸਿਰਫ਼ ਆਪਣੇ ਪੁੱਤਰ ਦੀ ਖੈਰ-ਖ਼ਬਰ ਚਾਹੀਦੀ ਹੈ। ਪਰਿਵਾਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਟਲੀ ਦੀ ਪੁਲਿਸ 'ਤੇ ਦਬਾਅ ਬਣਾਏ ਅਤੇ ਲਾਪਤਾ ਨੌਜਵਾਨ ਦੀ ਤੁਰੰਤ ਖੋਜ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਮਾਮਲੇ ਦੀ ਨਿਰਪੱਖ ਤੇ ਤੇਜ਼ ਜਾਂਚ ਹੋਵੇ ਅਤੇ ਜੇ ਕਿਸੇ ਦੀ ਲਾਪਰਵਾਹੀ ਜਾਂ ਸਾਜ਼ਿਸ਼ ਸਾਹਮਣੇ ਆਏ, ਤਾਂ ਉਸ ਨੂੰ ਕੜੀ ਸਜ਼ਾ ਦਿੱਤੀ ਜਾਵੇ। 

ਇਹ ਵੀ ਪੜ੍ਹੋ : Punjab Weather Update : ਪੰਜਾਬ ਮੁੜ ਵਧਿਆ ਹੜ੍ਹਾਂ ਦਾ ਖ਼ਤਰਾ ! ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ

Related Post