ਮਹਿੰਗਾਈ ਦੀ ਮਾਰ : ਅਮੂਲ ਦੁੱਧ 3 ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ

By  Ravinder Singh February 3rd 2023 09:32 AM -- Updated: February 3rd 2023 09:42 AM

Milk Price Hike: ਬਜਟ ਤੋਂ ਤੁਰੰਤ ਬਾਅਦ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਾ ਹੈ। ਗੁਜਰਾਤ ਡੇਅਰੀ ਕੋ-ਆਪਰੇਟਿਵ ਅਮੂਲ ਨੇ ਦੁੱਧ ਦੇ ਭਾਅ ਵਿਚ ਵਾਧਾ ਕਰਕੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਅਮੂਲ ਵੱਲੋਂ ਦੁੱਧ ਦੀ ਕੀਮਤ ਵਿਚ 3 ਰੁਪਏ ਪ੍ਰਤੀ ਲੀਟਰ ਤੱਕ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ। ਨਵੀਂਆਂ ਕੀਮਤਾਂ ਅੱਜ ਤੋਂ ਹੀ ਲਾਗੂ ਹੋ ਗਈਆਂ ਹਨ। ਕੰਪਨੀ ਮੁਤਾਬਕ ਹੁਣ ਅਮੂਲ ਤਾਜ਼ਾ ਅੱਧਾ ਲੀਟਰ ਦੁੱਧ 27 ਰੁਪਏ 'ਚ ਮਿਲੇਗਾ।

ਜਦਕਿ ਇਸ ਦੇ 1 ਲੀਟਰ ਦੇ ਪੈਕੇਟ ਲਈ 54 ਰੁਪਏ ਦੇਣੇ ਹੋਣਗੇ। ਅਮੂਲ ਗੋਲਡ ਯਾਨੀ ਫੁੱਲ ਕਰੀਮ ਦੁੱਧ ਦਾ ਅੱਧਾ ਕਿਲੋ ਦਾ ਪੈਕੇਟ ਹੁਣ 33 ਰੁਪਏ ਵਿੱਚ ਮਿਲੇਗਾ। ਜਦਕਿ ਇਸ ਦੇ 1 ਲੀਟਰ ਲਈ 66 ਰੁਪਏ ਅਦਾ ਕਰਨੇ ਪੈਣਗੇ। ਅਮੂਲ ਗਾਂ ਦੇ ਦੁੱਧ ਦੀ ਇੱਕ ਲੀਟਰ ਕੀਮਤ 56 ਰੁਪਏ ਹੋ ਗਈ ਹੈ। ਜਦਕਿ ਅੱਧੇ ਲੀਟਰ ਲਈ 28 ਰੁਪਏ ਦੇਣੇ ਪੈਣਗੇ। ਜਦੋਂ ਕਿ ਮੱਝ ਦਾ A2 ਦੁੱਧ ਹੁਣ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ।



ਅਮੂਲ ਨੇ ਪਿਛਲੇ ਸਾਲ ਅਕਤੂਬਰ 'ਚ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਕੀਮਤਾਂ ਵਿਚ ਇਹ ਵਾਧਾ ਦੁੱਧ ਦੀ ਲਾਗਤ ਵਧਣ ਕਾਰਨ ਕੀਤਾ ਗਿਆ ਹੈ। ਇਕੱਲੇ ਪਸ਼ੂਆਂ ਦੇ ਚਾਰੇ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ ਕਰੀਬ 20 ਫ਼ੀਸਦੀ ਵਧੀ ਹੈ।


ਖੇਤੀ ਲਾਗਤ ਵਿੱਚ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਮੈਂਬਰ ਐਸੋਸੀਏਸ਼ਨਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਕਿਸਾਨਾਂ ਕੋਲੋਂ ਦੁੱਧ ਚੁੱਕਣ ਲਈ ਭਾਅ ਵਿੱਚ 8-9 ਫੀਸਦੀ ਦਾ ਵਾਧਾ ਕੀਤਾ ਹੈ। ਉਸੇ ਸਮੇਂ ਦਸੰਬਰ 'ਚ ਮਦਰ ਡੇਅਰੀ ਨੇ ਦਿੱਲੀ-ਐਨਸੀਆਰ (ਰਾਸ਼ਟਰੀ ਰਾਜਧਾਨੀ ਖੇਤਰ) 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ : ਪੰਜਾਬ ਵਜ਼ਾਰਤ ਦੀ ਮੀਟਿੰਗ ਅੱਜ, ਬਜਟ ਸੈਸ਼ਨ ਦੀ ਤਿਆਰੀ ਨੂੰ ਲੈ ਕੇ ਹੋਵੇਗੀ ਚਰਚਾ


Related Post