Sri Anandpur Sahib News : 350 ਸਾਲਾ ਸ਼ਹੀਦੀ ਸ਼ਤਾਬਦੀ ਤੋਂ ਪਹਿਲਾਂ ਵਿਰਾਸਤੀ ਮਾਰਗ ਬਣਾਉਣ ਲਈ ਰਸਤਾ ਪੁੱਟਣ ਦੀ ਜਥੇਦਾਰ ਨੇ ਕੀਤੀ ਸਰਕਾਰ ਦੀ ਆਲੋਚਨਾ
Sri Anandpur Sahib News : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਠੀਕ ਪਹਿਲਾਂ ਤਖ਼ਤ ਸਾਹਿਬ ਨੂੰ ਆਉਣ ਵਾਲੇ ਮੁੱਖ ਰਸਤੇ ‘ਤੇ ਵਿਰਾਸਤੀ ਮਾਰਗ ਬਣਾਉਣ ਦੇ ਨਾਮ ‘ਤੇ ਪੁੱਟੇ ਗਏ ਟੋਇਆਂ ਕਰਕੇ ਸਰਕਾਰ ਦੀ ਨਿੰਦਾ ਕੀਤੀ ਹੈ
Sri Anandpur Sahib News : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੋਂ ਠੀਕ ਪਹਿਲਾਂ ਤਖ਼ਤ ਸਾਹਿਬ ਨੂੰ ਆਉਣ ਵਾਲੇ ਮੁੱਖ ਰਸਤੇ ‘ਤੇ ਵਿਰਾਸਤੀ ਮਾਰਗ ਬਣਾਉਣ ਦੇ ਨਾਮ ‘ਤੇ ਪੁੱਟੇ ਗਏ ਟੋਇਆਂ ਕਰਕੇ ਸਰਕਾਰ ਦੀ ਨਿੰਦਾ ਕੀਤੀ ਹੈ। ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਜ਼ਦੀਕ ਬਣਾਈ ਜਾਣ ਵਾਲੀ ਹੈਰੀਟੇਜ ਸਟਰੀਟ (ਵਿਰਾਸਤੀ ਮਾਰਗ) ਦਾ ਨੀਂਹ ਪੱਥਰ ਰੱਖਿਆ ਗਿਆ ਸੀ ਪ੍ਰੰਤੂ ਹੁਣ ਇਸਤੇ ਵੱਡਾ ਵਿਵਾਦ ਹੁੰਦਾ ਨਜ਼ਰ ਆ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਵੰਬਰ ਮਹੀਨੇ ਵਿੱਚ ਸ਼ਹੀਦੀ ਸ਼ਤਾਬਦੀ ਮਨਾਉਣ ਤੋਂ ਠੀਕ ਪਹਿਲਾਂ ਇਹ ਕੰਮ ਸ਼ੁਰੂ ਕਰਨਾ ਪੂਰਨ ਤੌਰ 'ਤੇ ਗਲਤ ਹੈ ਤੇ ਇਸਦੇ ਚਲਦਿਆਂ ਸੰਗਤ ਨੂੰ ਭਾਰੀ ਪਰੇਸ਼ਾਨੀ ਵੀ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਸ ਕੰਮ ਨੂੰ ਤੁਰੰਤ ਪ੍ਰਭਾਵ ਨਾਲ ਰੋਕ ਕੇ ਰਸਤੇ ਨੂੰ ਪਹਿਲਾਂ ਦੀ ਤਰ੍ਹਾਂ ਸੰਗਤ ਲਈ ਖੋਲ੍ਹੇ।
ਜਥੇਦਾਰ ਗੜਗੱਜ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ 13 ਮਈ 2025 ਨੂੰ ਇਸ ਪ੍ਰੋਜੈਕਟ ਲਈ ਨਿਰਧਾਰਤ ਸ਼ਰਤਾਂ ਤੈਅ ਕਰਕੇ ਮਤਾ ਪਾਸ ਕੀਤਾ ਗਿਆ ਸੀ ਅਤੇ ਤਖ਼ਤ ਸਾਹਿਬ ਦੇ ਮੈਨੇਜਰ ਰਾਹੀਂ ਇਹ ਮਤਾ ਸਰਕਾਰ ਨੂੰ ਭੇਜ ਦਿੱਤਾ ਗਿਆ ਸੀ ਪਰ ਸਰਕਾਰ ਨੇ ਸਮੇਂ ਸਿਰ ਕੰਮ ਸ਼ੁਰੂ ਕਰਨ ਦੀ ਬਜਾਏ ਹੁਣ ਸ਼ਤਾਬਦੀ ਤੋਂ ਠੀਕ ਇੱਕ ਮਹੀਨਾ ਪਹਿਲਾਂ ਇਹ ਰਸਤਾ ਬੰਦ ਕਰ ਦਿੱਤਾ ਹੈ, ਜਿਸ ਨਾਲ ਸ੍ਰੀ ਕੇਸਗੜ੍ਹ ਸਾਹਿਬ ਪੁੱਜ ਰਹੀਆਂ ਸੰਗਤਾਂ ਨੂੰ ਕਾਫ਼ੀ ਤਕਲੀਫ਼ ਝੱਲਣੀ ਪੈ ਰਹੀ ਹੈ।
ਜਥੇਦਾਰ ਗੜਗੱਜ ਨੇ ਸਪਸ਼ਟ ਕੀਤਾ ਕਿ ਸ਼੍ਰੋਮਣੀ ਕਮੇਟੀ ਦੇ ਮਤੇ ਅਨੁਸਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਰਸਤੇ ਸਬੰਧੀ ਬਣ ਰਹੇ ਪ੍ਰੋਜੈਕਟ ਵਿੱਚ ਰੂਪਨਗਰ-ਨੰਗਲ ਮੁੱਖ ਸੜਕ ਵਾਲੇ ਪਾਸੇ ਕਿਸੇ ਗੇਟ ਜਾਂ ਡਿਊੜੀ ਦੇ ਨਿਰਮਾਣ ਦਾ ਕੋਈ ਜ਼ਿਕਰ ਨਹੀਂ ਹੈ। ਇਸ ਲਈ ਜਿਹੜੇ ਟੋਏ ਪੁੱਟੇ ਗਏ ਹਨ ਉਹ ਤੁਰੰਤ ਬੰਦ ਕੀਤੇ ਜਾਣ ਅਤੇ ਰਸਤੇ ਨੂੰ ਪਹਿਲਾਂ ਦੀ ਤਰ੍ਹਾਂ ਖੋਲ੍ਹਿਆ ਜਾਣਾ ਚਾਹੀਦਾ ਹੈ।
ਜਥੇਦਾਰ ਗੜਗੱਜ ਨੇ ਸਪਸ਼ਟ ਕੀਤਾ ਕਿ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਜਨਮਭੂਮੀ ਹੈ, ਇਥੋਂ ਦੀ ਵਿਰਾਸਤ ਤੇ ਕੁਦਰਤੀ ਸੁਹੱਪਣ ਨਾਲ ਛੇੜਛਾੜ ਖਾਲਸਾ ਪੰਥ ਦੀ ਸਾਂਝੀ ਰਾਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੁਝਾਅ ਮੁਤਾਬਕ ਹੀ ਹੋਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਵੱਲ ਆਉਣ ਵਾਲੀਆਂ ਟੁੱਟੀਆਂ ਸੜਕਾਂ ਅਤੇ ਸਤਲੁਜ ‘ਤੇ ਬਣੇ ਪੁਲ ਦੀ ਮੁਰੰਮਤ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਸਫ਼ਾਈ ਵਿਵਸਥਾ ਨੂੰ ਸੁਧਾਰਨ ਵੱਲ ਸਰਕਾਰ ਧਿਆਨ ਦੇਵੇ ਨਾ ਕਿ ਸੰਗਤ ਲਈ ਹੋਰ ਮੁਸ਼ਕਲਾਂ ਪੈਦਾ ਕਰੇ।