ਪਿਛਲੇ 8 ਸਾਲਾਂ ਤੋਂ ਕਿਸੇ ਨੂੰ ਵੀ ਨਹੀਂ ਮਿਲ ਸਕਿਆ 'ਸ਼੍ਰੋਮਣੀ ਸਾਹਿਤਕਾਰ ਐਵਾਰਡ', ਜਾਣੋ ਪੂਰਾ ਮਾਮਲਾ

By  Jasmeet Singh October 31st 2022 08:29 PM -- Updated: October 31st 2022 08:30 PM

ਪਟਿਆਲਾ, 31 ਅਕਤੂਬਰ: ਸ਼੍ਰੋਮਣੀ ਸਾਹਿਤਕਾਰਾਂ ਦੇ ਐਵਾਰਡ ਪਿੱਛਲੇ 8 ਸਾਲਾਂ ਤੋਂ ਨਹੀਂ ਦਿੱਤੇ ਜਾ ਸਕੇ ਹਨ। ਕਾਬਲੇਗੌਰ ਹੈ ਕਿ ਸਾਲ 2015 ਤੋਂ 2020 ਤੱਕ ਦੇ ਐਵਾਰਡਾਂ ਦਾ ਐਲਾਨ ਤਾਂ ਜ਼ਰੂਰ ਹੋਇਆ ਸੀ ਪਰ ਹਾਈ ਕੋਰਟ ਵਿੱਚ ਇਸ 'ਤੇ ਸਟੇਅ ਲੱਗੀ ਹੋਈ ਹੈ। ਭਾਸ਼ਾ ਵਿਭਾਗ ਦੀ ਕਾਰਜਕਾਰੀ ਡਾਇਰੈਕਟਰ ਵੀਰਪਾਲ ਕੌਰ ਅਨੁਸਾਰ ਇਸ ਕੇਸ ਦੀ ਸੁਣਵਾਈ 4 ਨਵੰਬਰ ਨੂੰ ਹੋਣੀ ਹੈ। ਉਨ੍ਹਾਂ ਉਮੀਦ ਜਤਾਈ ਹੈ ਕਿ ਇਸ ਦਿਨ ਸਟੇਅ ਵਕੇਟ ਹੋ ਜਾਵੇਗੀ। ਭਾਸ਼ਾ ਵਿਭਾਗ ਵਿੱਚ ਖਾਲੀ ਪਈਆਂ ਪੋਸਟਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਰਵਿਸ ਰੂਲਜ਼ ਅਜੇ ਤਹਿ ਨਹੀਂ ਹੋਏ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਭਰਤੀ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਕੋਲ ਭੇਜ ਦਿੱਤਾ ਜਾਵੇਗਾ। ਵਿੱਤੀ ਸੰਕਟ ਬਾਰੇ ਵੀ ਡਾਇਰੈਕਟਰ ਭਾਸ਼ਾ ਵਿਭਾਗ ਨੇ ਦੱਸਿਆ ਕਿ ਜਿੰਨੀ ਕੁ ਜ਼ਰੂਰਤ ਹੁੰਦੀ ਹੈ ਫ਼ੰਡਜ਼ ਮਿਲ ਜਾਂਦੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਭਾਸ਼ਾ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕਈ ਅਸਾਮੀਆਂ ਖ਼ਾਲੀ ਪਈਆਂ ਹਨ। ਜੇਕਰ ਗੱਲ ਡਾਇਰੈਕਟਰ ਅਹੁਦੇ ਦੀ ਕਰੀਏ ਤਾਂ ਨਵੰਬਰ 2015 ਵਿੱਚ ਵਿਭਾਗ ਦੇ ਡਾਇਰੈਕਟਰ ਦੀ ਸੇਵਾਮੁਕਤੀ ਮਗਰੋਂ ਇਹ ਅਹੁਦਾ ਹੁਣ ਤੱਕ ਨਹੀਂ ਭਰਿਆ ਗਿਆ। ਇੱਥੇ ਹੀ ਨਹੀਂ, ਵਿਭਾਗ ਦੀ ਰੀੜ੍ਹ ਦੀ ਹੱਡੀ ਸਮਝੇ ਜਾਂਦੇ ਖੋਜ ਸਹਾਇਕਾਂ ਦੀਆਂ ਵੀ 50 ਵਿੱਚੋਂ 48 ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ 2016 ਤੋਂ ਵਧੀਕ ਡਾਇਰੈਕਟਰ ਦੇ ਅਹੁਦੇ 'ਤੇ ਵੀ ਕੋਈ ਅਧਿਕਾਰੀ ਨਹੀਂ ਆਇਆ। ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਭਾਸ਼ਾ ਵਿਭਾਗ 'ਚ ਡਾਇਰੈਕਟਰ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਆਖ਼ਰੀ ਅਧਿਕਾਰੀ ਚੇਤਨ ਸਿੰਘ ਨਵੰਬਰ 2015 ਵਿੱਚ ਸੇਵਾਮੁਕਤ ਹੋਏ ਸਨ, ਜਿਸ ਮਗਰੋਂ ਡਾਇਰੈਕਟਰ ਦਾ ਚਾਰਜ ਐਡੀਸ਼ਨਲ ਤੋਰ 'ਤੇ ਸੀਨੀਅਰ ਅਧਿਕਾਰੀ ਨੂੰ ਦਿੱਤਾ ਜਾਂਦਾ ਰਿਹਾ ਹੈ।

- ਰਿਪੋਰਟਰ ਗਗਨਦੀਪ ਸਿੰਘ ਅਹੂਜਾ ਦੇ ਸਹਿਯੋਗ ਨਾਲ 

Related Post