ਓਲੰਪੀਅਨ ਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਣਧੀਰ ਸਿੰਘ ਦਾ ਹੋਇਆ ਦਿਹਾਂਤ, ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ

Olympian Raja Randhir Singh Passes Away : ਓਲੰਪੀਅਨ ਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਣਧੀਰ ਸਿੰਘ ਦਾ ਅੱਜ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਦੱਸ ਦਈਏ ਕਿ ਰਾਜਾ ਰਣਧੀਰ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ।

By  KRISHAN KUMAR SHARMA May 27th 2026 02:24 PM -- Updated: May 27th 2026 02:43 PM

Olympian Raja Randhir Singh Passes Away : ਓਲੰਪੀਅਨ ਤੇ ਅਰਜੁਨ ਐਵਾਰਡੀ ਨਿਸ਼ਾਨੇਬਾਜ਼ ਰਣਧੀਰ ਸਿੰਘ ਦਾ ਅੱਜ 79 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਦੱਸ ਦਈਏ ਕਿ ਰਾਜਾ ਰਣਧੀਰ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਸਨ।

ਉਹ ਓਲੰਪੀਅਨ ਅਤੇ ਏਸ਼ੀਆ ਖੇਡਾਂ ਵਿੱਚ 5 ਵਾਰ ਸੋਨ ਤਗਮਾ ਜੇਤੂ ਰਹੇ ਸਨ। ਇਸ ਉਪਰੰਤ ਉਨ੍ਹਾਂ ਨੇ ਖੇਡ ਪ੍ਰਸ਼ਾਸਕ ਵੱਜੋਂ ਵੀ ਯੋਗਦਾਨ ਪਾਇਆ। ਭਾਰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਇਨ੍ਹਾਂ ਪ੍ਰਾਪਤੀਆਂ ਨੂੰ ਵੇਖਦੇ ਹੋਏ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਨੇ ਦਿੱਲੀ ਵਿਖੇ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਏ।

ਆਪਣੇ ਚਚੇਰੇ ਭਰਾ ਦੀ ਮੌਤ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਦਿਹਾਂਤ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁੱਖਭਰੀ ਖ਼ਬਰ ਹੈ ਕਿ ਮੇਰੇ ਭਰਾ, ਰਾਜਾ ਰਣਧੀਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਵਾਹਿਗੁਰੂ ਜੀ, ਉਨ੍ਹਾਂ ਦੀ ਵਿਛੜੀ ਆਤਮਾ ਨੂੰ ਸਦੀਵੀਂ ਸ਼ਾਂਤੀ ਦੇਣ।

ਜ਼ਿਕਰਯੋਗ ਹੈ ਕਿ 26 ਜਨਵਰੀ, 2026 ਨੂੰ ਰਣਧੀਰ ਸਿੰਘ ਨੇ ਓਲੰਪਿਕ ਕੌਂਸਲ ਆਫ਼ ਏਸ਼ੀਆ (OCA) ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੂੰ 2024 ਵਿੱਚ ਚਾਰ ਸਾਲਾਂ ਲਈ OCA ਪ੍ਰਧਾਨ ਚੁਣਿਆ ਗਿਆ ਸੀ। ਉਹ ਲੰਬੇ ਸਮੇਂ ਤੱਕ ਏਸ਼ੀਆਈ ਅਤੇ ਭਾਰਤੀ ਖੇਡ ਪ੍ਰਸ਼ਾਸਨ ਨਾਲ ਜੁੜੇ ਰਹੇ ਅਤੇ ਖੇਡਾਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਨ ਸਬੰਧਤ, 1978 ਵਿੱਚ ਇਤਿਹਾਸ ਰਚਿਆ

ਰਾਜਾ ਰਣਧੀਰ ਸਿੰਘ ਦਾ ਜਨਮ 18 ਅਕਤੂਬਰ, 1946 ਨੂੰ ਪੰਜਾਬ ਦੇ ਪਟਿਆਲਾ ਵਿੱਚ ਇੱਕ ਸ਼ਾਹੀ ਪਰਿਵਾਰ ਵਿੱਚ ਹੋਇਆ ਸੀ। 1978 ਵਿੱਚ, ਬੈਂਕਾਕ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ, ਉਨ੍ਹਾਂ ਨੇ ਟ੍ਰੈਪ ਸ਼ੂਟਿੰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਰਚਿਆ। ਉਹ ਏਸ਼ੀਆਈ ਖੇਡਾਂ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਨਿਸ਼ਾਨੇਬਾਜ਼ ਬਣੇ। ਇਸ ਤੋਂ ਇਲਾਵਾ, ਉਨ੍ਹਾਂ ਨੇ 1968 ਤੋਂ 1984 ਤੱਕ ਲਗਾਤਾਰ ਪੰਜ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।

ਉਨ੍ਹਾਂ ਨੇ 1987 ਤੋਂ 2014 ਤੱਕ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ-ਜਨਰਲ ਵਜੋਂ ਸੇਵਾ ਨਿਭਾਈ। 1991 ਤੋਂ 2015 ਤੱਕ ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਸਕੱਤਰ-ਜਨਰਲ ਵਜੋਂ, ਉਨ੍ਹਾਂ ਨੇ ਏਸ਼ੀਆਈ ਖੇਡਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ। 2001 ਤੋਂ 2014 ਤੱਕ, ਉਨ੍ਹਾਂ ਨੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੇ ਮੈਂਬਰ ਵਜੋਂ ਵੀ ਸੇਵਾ ਨਿਭਾਈ। ਇਸ ਦੌਰਾਨ, ਸਤੰਬਰ 2024 ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਜਦੋਂ ਉਨ੍ਹਾਂ ਨੂੰ OCA ਪ੍ਰਧਾਨ ਦੇ ਅਹੁਦੇ ਲਈ ਬਿਨਾਂ ਵਿਰੋਧ ਚੁਣਿਆ ਗਿਆ। ਉਹ ਇਹ ਮਾਣ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਬਣੇ ਸਨ।

Related Post