Mohali Industrial Area Blast : ਮੁਹਾਲੀ ਇੰਡਸਟਰੀਅਲ ਏਰੀਆ 9 ਵਿੱਚ ਧਮਾਕਾ, ਆਕਸੀਜਨ ਸਿਲੰਡਰ ਫਟਣ ਨਾਲ ਦੋ ਦੀ ਮੌਤ, 3 ਜ਼ਖਮੀ
ਮੁਹਾਲੀ ਜ਼ਿਲ੍ਹੇ ਦੇ ਇੰਡਸਟਰੀਅਲ ਏਰੀਆ ਫੇਜ਼-9 ਵਿੱਚ ਸਥਿਤ ਇੱਕ ਹਾਈ-ਟੈਕ ਕੰਪਨੀ ਦੇ ਪਲਾਟ ਨੰਬਰ 315-316 ਵਿੱਚ ਆਕਸੀਜਨ ਸਿਲੰਡਰ ਫਟਣ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਇਸ ਧਮਾਕੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
Mohali Industrial Area Blast : ਮੰਗਲਵਾਰ ਨੂੰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੰਡਸਟਰੀਅਲ ਏਰੀਆ ਫੇਜ਼-9 ਦੇ ਪਲਾਟ ਨੰਬਰ 315-316 'ਤੇ ਸਥਿਤ ਇੱਕ ਹਾਈਟੈਕ ਕੰਪਨੀ ਵਿੱਚ ਆਕਸੀਜਨ ਸਿਲੰਡਰ ਫਟਣ ਨਾਲ ਇੱਕ ਵੱਡਾ ਹਾਦਸਾ ਵਾਪਰਿਆ। ਇਸ ਧਮਾਕੇ ਵਿੱਚ ਦੋ ਲੋਕਾਂ, ਦੇਵੇਂਦਰ ਅਤੇ ਆਸਿਫ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਪੁਲਿਸ ਅਤੇ ਫੈਕਟਰੀ ਮਾਲਕ ਨਾਲ ਝੜਪ ਕੀਤੀ।
ਮੌਕੇ ’ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇੰਡਸਟਰੀਅਲ ਏਰੀਆ, ਫੇਜ਼ 9 ਵਿੱਚ ਸਥਿਤ ਇੱਕ ਆਕਸੀਜਨ ਪਲਾਂਟ ਵਿੱਚ ਧਮਾਕੇ ਦੀ ਸੂਚਨਾ ਮਿਲੀ। ਸੂਚਨਾ ਮਿਲਣ 'ਤੇ, ਮੈਡੀਕਲ ਟੀਮਾਂ, ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕਰਮਚਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, ਤਿੰਨ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ, ਫੇਜ਼ 6 ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਐਕਸ ਨੇ ਕਿਹਾ ਕਿ ਮੁਹਾਲੀ ਦੇ ਇੰਡਸਟਰੀ ਏਰੀਆ ਫੇਜ਼ 9 ‘ਚ ਸਥਿਤ ਇੱਕ ਨਿਜੀ ਫੈਕਟਰੀ 'ਚ ਆਕਸੀਜਨ ਸਿਲੰਡਰ ਫਟਣ ਦੌਰਾਨ ਵਾਪਰੇ ਵੱਡੇ ਹਾਦਸੇ ਦੀ ਖ਼ਬਰ ਮਿਲੀ ਹੈ। ਜਿਸ ਵਿੱਚ ਕੁੱਝ ਲੋਕਾਂ ਦੀ ਦੁਖਦਾਈ ਮੌਤ ਦੀ ਖ਼ਬਰ ਮਿਲੀ ਹੈ ਅਤੇ ਕੁੱਝ ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ। ਬਚਾਅ ਕਾਰਜਾਂ ‘ਤੇ ਮੈਂ ਪਲ ਪਲ ਦੀ ਅਪਡੇਟ ਲੈ ਰਿਹਾ ਹਾਂ।
ਪਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਅਤੇ ਜ਼ਖ਼ਮੀਆਂ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪੰਜਾਬ ਸਰਕਾਰ ਇਸ ਮੁਸ਼ਕਲ ਸਮੇਂ 'ਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ।