Bus Strike News : ਸਰਕਾਰੀ ਬੱਸਾਂ ਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਨੇ PRTC ਮੁਲਾਜ਼ਮਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ

Bus Strike News : ਪੀਆਰਟੀਸੀ - ਪਨਬਸ ਦੇ ਕੱਚੇ ਕਾਮਿਆਂ ਵੱਲੋਂ 25 ਮਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਤਿੰਨ ਰੋਜ਼ਾ ਹੜਤਾਲ ਨੂੰ ਮੁਅੱਤਲ ਕਰ ਦਿੱਤਾ ਹੈ। ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਮੰਗਾਂ ਦੇ ਹੱਲ ਨੂੰ ਲੈ ਕੇ ਦਿੱਤੇ ਭਰੋਸੇ ਅਤੇ ਮੀਟਿੰਗ ਤੋਂ ਬਾਅਦ ਲਿਆ ਗਿਆ।

By  KRISHAN KUMAR SHARMA May 24th 2026 05:20 PM -- Updated: May 24th 2026 05:39 PM

Bus Strike News : ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲਿਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਪੀਆਰਟੀਸੀ - ਪਨਬਸ ਦੇ ਕੱਚੇ ਕਾਮਿਆਂ ਵੱਲੋਂ 25 ਮਈ ਤੋਂ ਸ਼ੁਰੂ ਕੀਤੀ ਜਾਣ ਵਾਲੀ ਤਿੰਨ ਰੋਜ਼ਾ ਹੜਤਾਲ (Punjab Bus Strike News) ਨੂੰ ਮੁਅੱਤਲ ਕਰ ਦਿੱਤਾ ਹੈ। ਪੀਆਰਟੀਸੀ ਠੇਕਾ ਮੁਲਾਜ਼ਮਾਂ ਵੱਲੋਂ ਇਹ ਫੈਸਲਾ ਪੰਜਾਬ ਸਰਕਾਰ ਵੱਲੋਂ ਮੰਗਾਂ ਦੇ ਹੱਲ ਨੂੰ ਲੈ ਕੇ ਦਿੱਤੇ ਭਰੋਸੇ ਅਤੇ ਮੀਟਿੰਗ ਤੋਂ ਬਾਅਦ ਲਿਆ ਗਿਆ।

ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਡਿਪੂ ਕਮੇਟੀਆਂ ਅਤੇ ਸਮੁੱਚੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਜਥੇਬੰਦੀ ਵੱਲੋਂ 25, 26, 27 ਮਈ 2026 ਦੀ ਤਿੰਨ ਰੋਜ਼ਾ ਹੜਤਾਲ ਸਮੇਤ ਮੁੱਖ ਮੰਤਰੀ ਰਹਾਇਸ਼ ਦੇ ਧਰਨੇ ਸਮੇਤ ਉਲੀਕੇ ਸੰਘਰਸ਼ ਨੂੰ ਵੇਖਦਿਆਂ ਮਾਨਯੋਗ ਵਿੱਤ ਮੰਤਰੀ ਅਤੇ ਟਰਾਸਪੋਰਟ ਮੰਤਰੀ ਪੰਜਾਬ ਨਾਲ ਮਿਤੀ 2 ਜੂਨ 2026 ਨੂੰ ਪੈਨਿਲ ਮੀਟਿੰਗ ਫਿਕਸ ਹੋਈ ਹੋਈ ਅਤੇ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ।

ਮੀਟਿੰਗ ਵਿੱਚ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਠੇਕੇਦਾਰੀ ਪ੍ਰਥਾ ਖਤਮ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕਰਨ ਅਤੇ ਮੰਨੀਆਂ ਮੰਗਾਂ ਲਾਗੂ ਕਰਨ ਕਿਲੋਮੀਟਰ ਸਕੀਮ ਪ੍ਰਾਈਵੇਟ ਬੱਸਾਂ ਬੰਦ ਕਰਕੇ ਵਿਭਾਗਾਂ ਦੀਆਂ ਮਾਲਕੀ ਬੱਸਾਂ ਪਾਉਣ ਸਮੇਤ ਆਦਿ ਮੰਗਾਂ 'ਤੇ ਵਿਚਾਰ ਚਰਚਾ ਹੋਵੇਗੀ ਅਤੇ ਨਾਲ ਹੀ 18 ਮਈ 2026 ਨੂੰ ਟਰਾਸਪੋਰਟ ਮੰਤਰੀ ਸਾਬ ਨਾਲ ਹੋਈ ਮੀਟਿੰਗ ਵਿੱਚ ਫੈਸਲੇ ਅਨੁਸਾਰ ਸੰਘਰਸ਼ ਦੌਰਾਨ ਨਜਾਇਜ ਪਰਚੇ ਕਰਕੇ ਪਿਛਲੇ 6 ਮਹੀਨਿਆਂ ਤੋ ਜੇਲ ਵਿਚ ਬੰਦ ਸਾਥੀਆਂ ਤੇ ਪਰਚੇ ਰੱਦ ਕਰਨ ਅਤੇ ਪਹਿਲ ਦੇ ਆਧਾਰ ਤੇ ਰਿਹਾਅ ਕਰਨ ਦੀ ਸਹਿਮਤੀ ਬਣੀ ਸੀ, ਜੋ ਪ੍ਰੋਸੈਸ ਅਧੀਨ ਹੈ, ਜਿਸ ਨੂੰ ਮੁੱਖ ਰੱਖਕੇ ਜਥੇਬੰਦੀ ਵੱਲੋ 25,26,27 ਮਈ 2026 ਨੂੰ ਹੜਤਾਲ ਪੋਸਟਪੋਨ (PRTC Three Day Strike) ਕੀਤੀ ਗਈ ਹੈ।

ਆਗੂਆਂ ਨੇ ਕਿਹਾ ਕਿ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ 02 ਜੂਨ ਦੀ ਮੀਟਿੰਗ ਤੋਂ ਪਹਿਲਾਂ ਵਿਭਾਗਾਂ ਵੱਲੋ ਜਥੇਬੰਦੀ ਦੀਆਂ ਮੰਗਾਂ 'ਤੇ ਆਪਸੀ ਮੀਟਿੰਗ ਕਰਕੇ ਸਹਿਮਤੀ ਨਾਲ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਮੀਟਿੰਗ ਵਿੱਚ ਨਾ ਕੀਤਾ ਅਤੇ ਵਿਭਾਗ ਵਲੋਂ ਰਿਕਾਰਡ ਸਹੀ ਪੇਸ਼ ਨਾ ਕੀਤਾ ਗਿਆ ਜਾਂ ਕੋਈ ਬਹਾਨੇਬਾਜ਼ੀ ਕੀਤੀ ਗਈ, ਜੇਲ ਵਿੱਚ ਬੰਦ ਸਾਥੀਆਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਤੁਰੰਤ ਮੀਟਿੰਗ  ਤੋਂ ਬਾਅਦ ਸੂਬਾ ਕਮੇਟੀ ਵੱਲੋਂ ਹੜਤਾਲ, ਧਰਨੇ ਸਮੇਤ ਪੋਸਟਪੋਨ ਐਕਸ਼ਨਾਂ ਨੂੰ ਸਟੈਂਡ ਕਰਦਿਆਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

Related Post