ਸ਼੍ਰੋਮਣੀ ਅਕਾਲੀ ਦਲ ਦਾ ਨਾਂਅ ਵਰਤਣ ’ਤੇ ਪਾਰਟੀ ਵੱਖਰਾ ਚੁੱਲ੍ਹਾ ਦਲ ਦੇ ਆਗੂਆਂ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਏਗੀ

Shiromani Akali Dal : ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟਾਂ ਦੀ ਚੋਣ ਬਕਾਇਦਾ ਪਿਛਲੀ ਵਰਕਿੰਗ ਕਮੇਟੀ ਦੀ ਮਿਆਦ ਖ਼ਤਮ ਹੋਣ ਮਗਰੋਂ ਨਵੇਂ ਸਿਰੇ ਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵੱਖਰਾ ਚੁੱਲ੍ਹਾ ਦੇ ਮੈਂਬਰਾਂ ਨੇ ਤਾਂ ਮੈਂਬਰਸ਼ਿਪ ਮੁਹਿੰਮ ਵਿਚ ਸ਼ਮੂਲੀਅਤ ਵੀ ਨਹੀਂ ਕੀਤੀ।

By  KRISHAN KUMAR SHARMA August 12th 2025 06:55 PM -- Updated: August 12th 2025 06:56 PM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਕੇਂਦਰੀ ਏਜੰਸੀਆਂ ਦੀ ਸ਼ਹਿ ’ਤੇ ਬਣੇ ਵੱਖਰਾ ਚੁੱਲ੍ਹਾ ਦਲ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਵਰਤਣ ’ਤੇ ਉਹਨਾਂ ਖਿਲਾਫ ਫੌਜਦਾਰੀ ਕਾਰਵਾਈ ਕਰੇਗਾ, ਕਿਉਂਕਿ ਸ਼੍ਰੋਮਣੀ ਅਕਾਲੀ ਦਲ 1996 ਦੇ ਨੋਟੀਫਿਕੇਸ਼ਨ ਮੁਤਾਬਕ ਚੋਣ ਕਮਿਸ਼ਨ ਕੋਲ ਇਕ ਰਜਿਸਟਰਡ ਤੇ ਮਾਨਤਾ ਪ੍ਰਾਪਤ ਪਾਰਟੀ ਹੈ।

ਪਾਰਟੀ ਨੇ ਪੰਜਾਬ ਦੀ 65,000 ਏਕੜ ਉਪਜਾਊ ਜ਼ਮੀਨ ਕੌਡੀਆਂ ਦੇ ਭਾਅ ਐਕਵਾਇਰ ਕਰਨ ਦੀ ਅਰਵਿੰਦ ਕੇਜਰੀਵਾਲ ਦੀ ਸਾਜ਼ਿਸ਼ ਨੂੰ ਮਾਤ ਪਾਉਣ ਲਈ ਅਕਾਲੀ ਦਲ ਦੇ ਜ਼ਮੀਨੀ ਪੱਧਰ ਦੇ ਸੰਘਰਸ਼ ਲਈ ਡਟਵਾਂ ਸਮਰਥਨ ਦੇਣ ਵਾਸਤੇ ਇਕਜੁੱਟ ਹੋਣ ’ਤੇ ਸਮੁੱਚੀਆਂ ਦਾ ਧੰਨਵਾਦ ਵੀ ਕੀਤਾ।  ਪਾਰਟੀ ਨੇ ਅਕਾਲੀ ਦਲ ਦੇ ਵਰਕਰਾਂ ਦਾ ਵੀ ਧੰਨਵਾਦ ਕੀਤਾ ਜਿਹਨਾਂ ਨੇ ਮੋਹਰੀ ਹੋ ਕੇ ਇਹ ਲੜਾਈ ਲੜੀ ਅਤੇ ਆਪ ਸਰਕਾਰ ਨੂੰ ਲੈਂਡ ਪੂਲਿੰਗ ਨੀਤੀ ਵਾਪਸ ਲੈਣ ਲਈ ਮਜਬੂਰ ਕੀਤਾ। ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਉਹ 31 ਅਗਸਤ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ੁਕਰਾਨਾ ਸਮਾਗਮ ਕਰੇਗੀ ਤੇ ਪਾਰਟੀ ਨੇ ਆਪ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਪਾਰਟੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਆਪ ਸਰਕਾਰ ਦੇ ਖਿਲਾਫ ਡੱਟਣ ਤੋਂ ਪਾਸੇ ਨਹੀਂ ਹਟੇਗੀ।

ਝੂਠੇ ਦਾਅਵੇ ਕਰਨ ਲਈ ਵੱਖਰਾ ਚੁੱਲ੍ਹਾ ਪਾਰਟੀ ਨੂੰ ਚੇਤਾਵਨੀ ਦਿੰਦਿਆਂ ਸੀਨੀਅਰ ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ 100 ਫੀਸਦੀ ਡੈਲੀਗੇਟ ਪਾਰਟੀ ਦੇ ਨਾਲ ਹਨ ਅਤੇ ਇਕ ਵੀ ਮੈਂਬਰ ਵੱਖਰੇ ਗਰੁੱਪ ਨਾਲ ਨਹੀਂ ਹੈ ਜਦੋਂ ਕਿ ਇਹ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਦੁਰਵਰਤੋਂ ਕਰ ਰਿਹਾ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਡੈਲੀਗੇਟਾਂ ਦੀ ਚੋਣ ਬਕਾਇਦਾ ਪਿਛਲੀ ਵਰਕਿੰਗ ਕਮੇਟੀ ਦੀ ਮਿਆਦ ਖ਼ਤਮ ਹੋਣ ਮਗਰੋਂ ਨਵੇਂ ਸਿਰੇ ਤੋਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਵੱਖਰਾ ਚੁੱਲ੍ਹਾ ਦੇ ਮੈਂਬਰਾਂ ਨੇ ਤਾਂ ਮੈਂਬਰਸ਼ਿਪ ਮੁਹਿੰਮ ਵਿਚ ਸ਼ਮੂਲੀਅਤ ਵੀ ਨਹੀਂ ਕੀਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਮੈਂਬਰਾਂ ਨੇ 10 ਰੁਪਏ ਮੈਂਬਰਸ਼ਿਪ ਫੀਸ ਭਰ ਕੇ ਮੈਂਬਰਸ਼ਿਪ ਲਈ ਹੈ ਜੋ 5 ਸਾਲਾਂ ਲਈ ਲਾਗੂ ਹੈ। ਉਹਨਾਂ ਕਿਹਾ ਕਿ ਵੱਖਰੇ ਧੜੇ ਨੇ ਪਾਰਟੀ ਦੇ ਸੰਵਿਧਾਨ ਮੁਤਾਬਕ ਭਰਤੀ ਵੀ ਨਹੀਂ ਕੀਤੀ ਜਿਸ ਮੁਤਾਬਕ ਹਰ ਮੈਂਬਰ ਲਈ 10 ਰੁਪਏ ਫੀਸ ਭਰਨੀ ਲਾਜ਼ਮੀ ਹੈ। ਉਹਨਾਂ ਕਿਹਾ ਕਿ ਇਸ ਲਈ ਉਹਨਾਂ ਵਾਸਤੇ ਆਪਣੀ ਪਾਰਟੀ ਦੀ ਮੀਟਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਟ ਸੈਸ਼ਨ ਸੱਦਣ ਦਾ ਅਧਿਕਾਰ ਵੀ ਨਹੀਂ ਹੈ ਅਤੇ ਉਹਨਾਂ ਖਿਲਾਫ ਧੋਖਾਧੜੀ ਤੇ ਜਾਅਲਸਾਜ਼ੀ ਦੇ ਦੋਸ਼ਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

ਉਹਨਾਂ ਨੇ ਇਸ ਕਾਰਵਾਈ ਨੂੰ ਗੈਰ ਕਾਨੂੰਨੀ, ਗੈਰ ਸੰਵਿਧਾਨਕ ਤੇ ਅਨੈਤਿਕ ਕਰਾਰ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਵਿਚ ਫੌਜਦਾਰੀ ਸ਼ਿਕਾਇਤ ਕਰਨ ਵਾਸਤੇ ਕਾਨੂੰਨੀ ਮਾਹਿਰਾਂ ਨਾਲ ਰਾਇ ਮਸ਼ਵਰਾ ਕਰ ਰਿਹਾ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਵੱਖਰੇ ਗਰੁੱਪ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 2 ਦਸੰਬਰ 2024 ਨੂੰ ਜਾਰੀ ਹੁਕਮਨਾਮੇ ਦੀ ਅਵੱਗਿਆ ਕਰਨ ਦਾ ਵੀ ਗੰਭੀਰ ਨੋਟਿਸ ਲਿਆ ਜਿਸ ਵਿਚ ਕਿਹਾ ਗਿਆ ਸੀ ਕਿ ਸਾਰੇ ਵੱਖਰੇ ਧੜੇ ਆਪੋ ਆਪਣੇ ਚੁੱਲ੍ਹੇ ਸਮੇਟਣ ਅਤੇ ਪੰਥਕ ਹਿੱਤਾਂ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਰਲੇਵਾਂ ਕਰਨ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ’ਤੇ ਗਿਆਨੀ ਹਰਪ੍ਰੀਤ ਨੇ ਨਵੀਂ ਦੁਕਾਨਦਾਰੀ ਖੋਲ੍ਹ ਲਈ ਹੈ। ਉਹਨਾਂ ਕਿਹਾ ਕਿ ਜੋ ਵਿਅਕਤੀ ਸਰਵਉੱਚ ਸਿੱਖੀ ਸੰਸਥਾ ਦਾ ਜਥੇਦਾਰ ਰਿਹਾ ਹੋਵੇ, ਉਸ ਵਾਸਤੇ ਅਜਿਹਾ ਕਰਨਾ ਬਹੁਤ ਹੀ ਮੰਦਭਾਗਾ ਹੈ ਕਿ ਉਹ ਖੁਦ ਲਿਖੀਆਂ ਹਦਾਇਤਾਂ ਦੀ ਪਾਲਣਾ ਹੀ ਨਹੀਂ ਕਰ ਰਿਹਾ।

ਅਕਾਲੀ ਆਗੂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਕਿ ਉਹ ਜ਼ਿੰਮੇਵਾਰੀ ਨਾਲ ਪੇਸ਼ ਆਵੇ ਤੇ ਲੋਕਤੰਤਰੀ ਸੰਸਥਾਵਾਂ ਦੀ ਕਦਰ ਕਰੇ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿਣਾ ਬਿਲਕੁਲ ਹੀ ਗਲਤ ਹੈ। ਡਾ. ਚੀਮਾ ਨੇ ਕਿਹਾ ਕਿ ਇਸ ਨਾਲ ਲੋਕਾਂ ਵਿਚ ਗਲਤ ਸੰਦੇਸ਼ ਜਾਂਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਾਰੇ ਮੀਡੀਆ ਘਰਾਣਿਆਂ ਨੂੰ ਪੱਤਰ ਲਿਖ ਕੇ ਅਸਲੀਅਤ ਤੋਂ ਜਾਣੂ ਕਰਵਾਏਗਾ ਤੇ ਨਾਲ ਹੀ ਯਕੀਨੀ ਬਣਾਵੇਗਾ ਕਿ ਗਿਆਨੀ ਹਰਪ੍ਰੀਤ ਅਤੇ ਉਹਨਾਂ ਦਾ ਧੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਦੀ ਦੁਰਵਰਤੋਂ ਨਾ ਕਰੇ। ਉਹਨਾਂ ਕਿਹਾ ਕਿ ਅਸੀਂ ਮੀਡੀਆ ਘਰਾਦਿਆਂ ਨੂੰ ਇਹ ਵੀ ਸਲਾਹ ਦੇਵਾਂਗੇ ਕਿ ਉਹ ਆਪਣੇ ਸੰਪਾਦਕੀ ਸਟਾਫ ਨੂੰ ਵੀ ਸਲਾਹ ਦੇਵੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਇਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੀ ਸਿਰਫ ਸ਼੍ਰੋਮਣੀ ਅਕਾਲੀ ਦਲ ਹਨ ਅਤੇ ਇਸ ਮਾਮਲੇ ਵਿਚ ਗਲਤ ਤਰੀਕੇ ਨਾਲ ਖਬਰਾਂ ਪ੍ਰਕਾਸ਼ਤ ਨਾ ਕੀਤੀਆਂ ਜਾਣ।

Related Post