Sri Akal Takht Sahib ਵਿਖੇ 7 ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸ਼ਹੀਦਾਂ ਦੀ ਯਾਦ ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

Amritsar News : 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ 7 ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸੂਰਮਿਆਂ ਦੀ ਯਾਦ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ 'ਤੇ 250 ਤੋਂ ਵੱਧ ਫੌਜੀ ਪਰਿਵਾਰਾਂ ਅਤੇ ਲਗਭਗ 15 ਅਫਸਰਾਂ ਨੇ ਹਾਜ਼ਰੀ ਭਰੀ। ਸਮਾਰੋਹ ਦੌਰਾਨ ਹਜੂਰੀ ਰਾਗੀ ਜੱਥੇ ਵਲੋਂ ਆਈ ਸੰਗਤ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ

By  Shanker Badra November 2nd 2025 10:24 AM

Amritsar News : 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ 7 ਸਿੱਖ ਚਨਾਰ ਚੂਏਵਾਲ ਬਟਾਲੀਅਨ ਦੇ ਸੂਰਮਿਆਂ ਦੀ ਯਾਦ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ 'ਤੇ 250 ਤੋਂ ਵੱਧ ਫੌਜੀ ਪਰਿਵਾਰਾਂ ਅਤੇ ਲਗਭਗ 15 ਅਫਸਰਾਂ ਨੇ ਹਾਜ਼ਰੀ ਭਰੀ। ਸਮਾਰੋਹ ਦੌਰਾਨ ਹਜੂਰੀ ਰਾਗੀ ਜੱਥੇ ਵਲੋਂ ਆਈ ਸੰਗਤ ਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਗਿਆ। 

ਜੈਕਾਰਿਆਂ ਦੀ ਗੂੰਜ ਅਤੇ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਦੇ ਭਾਵਨਾਤਮਕ ਪਲਾਂ ਨੇ ਮਾਹੌਲ ਨੂੰ ਦੇਸ਼ਭਗਤੀ ਨਾਲ ਭਰ ਦਿੱਤਾ। ਕੈਪਟਨ ਹਰਜੀਤ ਸਿੰਘ, ਜੋ 1965 ਦੀ ਲੜਾਈ ਦੌਰਾਨ ਸਿਪਾਹੀ ਵਜੋਂ ਅੱਗੇਲੀ ਲਾਈਨ ਵਿੱਚ ਸਨ, ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ ਸਮੇਂ ਚੂਏਵਾਲ ਖੇਤਰ ਵਿੱਚ ਦੁਸ਼ਮਣ ਨੇ ਸਾਡੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਉਸਨੂੰ ਛੁਡਾਉਣ ਲਈ 7 ਸਿੱਖ ਬਟਾਲੀਅਨ ਨੇ ਬੇਮਿਸਾਲ ਸ਼ੌਰਤ ਨਾਲ ਹਮਲਾ ਕੀਤਾ ਅਤੇ ਕਈ ਜਵਾਨਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। 

ਉਹਨਾਂ ਨੇ ਕਿਹਾ ਕਿ 60 ਸਾਲ ਬਾਅਦ ਵੀ ਸਾਰੇ ਸਾਬਕਾ ਜਵਾਨ ਅਤੇ ਅਧਿਕਾਰੀ ਇਕੱਠੇ ਹੋ ਕੇ ਸ਼ਹੀਦਾਂ ਨੂੰ ਯਾਦ ਕਰ ਰਹੇ ਹਨ, ਜੋ ਬਹੁਤ ਮਾਣ ਦੀ ਗੱਲ ਹੈ। ਕੈਪਟਨ ਦਰਬਾਰਾ ਸਿੰਘ ਨੇ ਕਿਹਾ ਕਿ ਉਹ ਹਰ ਸਾਲ ਇਸ ਦਿਨ ਨੂੰ ਸ਼ਹੀਦਾਂ ਦੀ ਯਾਦ ਵਿੱਚ ਮਨਾਉਂਦੇ ਹਨ। ਉਹਨਾਂ ਨੇ ਸਰਕਾਰ ਨੂੰ ਅਗਨੀਪਥ ਸਕੀਮ ਬੰਦ ਕਰਨ ਦੀ ਅਪੀਲ ਕੀਤੀ, ਕਿਉਂਕਿ ਇਸ ਨਾਲ ਫੌਜ ਵਿੱਚ ਨਵੀਂ ਭਰਤੀ ਘੱਟ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਪਹਿਲਾਂ ਵਾਲੀ ਤਰ੍ਹਾਂ ਪੱਕੀ ਨੌਕਰੀ ਵਾਲੀ ਭਰਤੀ ਹੀ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਦੀ ਹੈ।

ਕਰਨਲ ਐਮ.ਐਸ. ਪੁੰਨੀਆਂ, ਜੋ 7 ਸਿੱਖ ਦੇ ਕਮਾਂਡਿੰਗ ਅਫਸਰ ਰਹੇ ਹਨ, ਨੇ ਕਿਹਾ ਕਿ 1963 ਵਿੱਚ ਦੂਜੇ ਲੈਫਟੀਨੈਂਟ ਵਜੋਂ ਉਹ ਇਸ ਯੂਨਿਟ ਵਿੱਚ ਸ਼ਾਮਲ ਹੋਏ ਸਨ ਅਤੇ 1965 ਦੀ ਲੜਾਈ ਵਿੱਚ ਸਿੱਧੇ ਹਿੱਸੇਦਾਰ ਰਹੇ। ਉਹਨਾਂ ਨੇ ਕਿਹਾ ਕਿ ਉਸ ਸਮੇਂ ਦੇ ਜਵਾਨਾਂ ਦਾ ਜੋਸ਼ ਬੇਮਿਸਾਲ ਸੀ ਪਰ ਅੱਜ ਦੇ ਨੌਜਵਾਨਾਂ ਵਿੱਚ ਵੀ ਸਮਰਪਣ ਦੀ ਕਮੀ ਨਹੀਂ ਹੈ ,ਸਿਰਫ਼ ਜਮਾਨਾ ਬਦਲਿਆ ਹੈ। 

ਪੁੰਨੀਆਂ ਨੇ ਕਿਹਾ ਕਿ “ਅਸੀਂ ਜਿੱਥੇ ਵੀ ਜਾਂਦੇ ਹਾਂ, ਛਾਤੀ ਚੌੜੀ ਕਰਕੇ ਕਹਿ ਸਕਦੇ ਹਾਂ ਕਿ ਅਸੀਂ 7 ਸਿੱਖ ਦੇ ਸੂਰਮੇ ਹਾਂ।”ਇਸ ਮੌਕੇ 'ਤੇ ਕੈਪਟਨ ਐਮ.ਐਸ. ਪਨਾਗ, ਕੈਪਟਨ ਬਲਕਾਰ ਸਿੰਘ, ਕੈਪਟਨ ਸੁਖਵੰਤ ਸਿੰਘ, ਸੂਬੇਦਾਰ ਸਵਰਨ ਸਿੰਘ, ਨਾਇਬ ਬਖਸ਼ੀਸ਼ ਸਿੰਘ, ਕੈਪਟਨ ਧਰਮ ਸਿੰਘ, ਕੈਪਟਨ ਨਾਜਰ ਸਿੰਘ, ਕੈਪਟਨ ਕੁਲਵੰਤ ਸਿੰਘ, ਕੈਪਟਨ ਸੁਰਜੀਤ ਸਿੰਘ, ਹੋਲਦਾਰ ਪ੍ਰਗਟ ਸਿੰਘ, ਸੂਬੇਦਾਰ ਸੋਹਣ ਸਿੰਘ ਅਤੇ ਹੋਲਦਾਰ ਮਨਜੀਤ ਸਿੰਘ ਸੰਧੂ ਸਮੇਤ ਕਈ ਸਾਬਕਾ ਅਤੇ ਮੌਜੂਦਾ ਫੌਜੀ ਹਾਜ਼ਰ ਹੋਏ।

ਸੰਗਤ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਅਰਦਾਸ ਕੀਤੀ ਕਿ ਦੇਸ਼ ਦੀ ਸੇਵਾ ਕਰਨ ਵਾਲੇ ਜਵਾਨਾਂ ਨੂੰ ਚੜ੍ਹਦੀ ਕਲਾ ਮਿਲੇ। ਸਮਾਗਮ ਦੇ ਅੰਤ ‘ਤੇ ਇਹ ਐਲਾਨ ਕੀਤਾ ਗਿਆ ਕਿ ਹਰੇਕ ਸਾਲ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਆਯੋਜਿਤ ਕੀਤਾ ਜਾਵੇਗਾ। 

Related Post